ਭਿਓਰਾ ਨੂੰ ਮਾਂ ਨਾਲ ਮਿਲਾਉਣ ਤੋਂ ਪਹਿਲਾਂ ਪੁੱਜੀ ਡਾਕਟਰਾਂ ਦੀ ਟੀਮ
Thursday, Jan 18, 2018 - 03:42 PM (IST)
ਚੰਡੀਗੜ੍ਹ/ਪਟਿਆਲਾ (ਇੰਦਰਜੀਤ ਬਖਸ਼ੀ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪਰਮਜੀਤ ਸਿੰਘ ਭਿਓਰਾ ਨੂੰ ਮਾਂ ਨਾਲ ਮਿਲਾਉਣ ਤੋਂ ਪਹਿਲਾਂ ਚੰਡੀਗੜ੍ਹ ਪੁਲਸ ਡਾਕਟਰਾਂ ਦੀ ਟੀਮ ਸਮੇਤ ਰਾਜਪੁਰਾ ਪੁੱਜੀ। ਇੱਥੇ ਡਾਕਟਰਾਂ ਨੇ ਪਰਮਜੀਤ ਦੀ ਮਾਂ ਦਾ ਮੈਡੀਕਲ ਚੈਕਅਪ ਕੀਤਾ ਪਰ ਉਸ ਦੀ ਸਿਹਤ ਠੀਕ ਨਾ ਹੋਣ ਕਾਰਨ ਟੀਮ ਵਾਪਸ ਚੰਡੀਗੜ੍ਹ ਲਈ ਰਵਾਨਾ ਹੋ ਗਈ। ਜਾਣਕਾਰੀ ਮੁਤਾਬਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਅਤੇ ਬੁੜੈਲ ਜੇਲ ਬ੍ਰੇਕ ਮਾਮਲੇ 'ਚ ਦੋਸ਼ੀ ਪਰਮਜੀਤ ਸਿੰਘ ਭਿਓਰਾ ਜੇਲ 'ਚ ਬੰਦ ਹੈ ਅਤੇ ਉਸ ਦੀ ਮਾਂ ਦੀ ਸਿਹਤ ਪਿਛਲੇ ਲੰਬੇ ਸਮੇਂ ਤੋਂ ਕਾਫੀ ਖਰਾਬ ਹੈ। ਉਹ ਆਪਣੇ ਬੇਟੇ ਨੂੰ ਮਿਲਣਾ ਚਾਹੁੰਦੀ ਹੈ। ਮਾਂ ਨੂੰ ਮਿਲਣ ਸਬੰਧੀ ਪਰਮਜੀਤ ਭਿਓਰਾ ਨੇ ਹਾਈਕੋਰਟ 'ਚ ਪਟੀਸ਼ਨ ਵੀ ਦਾਇਰ ਕੀਤੀ ਸੀ, ਜਿਸ 'ਤੇ ਫੈਸਲਾ ਸੁਣਾਉਂਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਗਿਆ ਕਿ ਭਿਓਰਾ ਨੂੰ ਉਸ ਦੀ ਮਾਂ ਨਾਲ ਮਿਲਾਇਆ ਜਾਵੇ। ਭਿਓਰਾ ਨੂੰ ਮਿਲਾਉਣ ਤੋਂ ਪਹਿਲਾਂ ਚੰਡੀਗੜ੍ਹ ਪੁਲਸ ਦੀ ਟੀਮ ਉਸ ਦੀ ਮਾਂ ਦਾ ਮੈਡੀਕਲ ਕਰਨ ਪੁੱਜੀ ਸੀ। ਭਿਓਰਾ ਦੀ ਭੈਣ ਮੁਤਾਬਕ ਡਾਕਟਰਾਂ ਦੀ ਟੀਮ ਨੇ ਉਸ ਦੀ ਮਾਂ ਦੀ ਸਿਹਤ ਦੀ ਜਾਂਚ ਕੀਤੀ ਪਰ ਸਿਹਤ ਸਹੀ ਨਾ ਹੋਣ ਕਾਰਨ ਵਾਪਸ ਚਲੀ ਗਈ। ਭਿਓਰਾ ਦੀ ਭੈਣ ਨੇ ਅਪੀਲ ਕੀਤੀ ਕਿ ਉਸ ਦੀ ਮਾਂ ਦੀ ਆਖਰੀ ਇੱਛਾ ਹੈ ਕਿ ਉਸ ਨੂੰ ਉਸ ਦੇ ਬੇਟੇ ਨਾਲ ਮਿਲਾਇਆ ਜਾਵੇ।