ਪਰਮਜੀਤ ਸਰਨਾ ਨੇ ਕੁਰੂਕਸ਼ੇਤਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ’ਚ ਵਾਪਰੀ ਘਟਨਾ ’ਤੇ ਦਿੱਤੀ ਤਿੱਖੀ ਪ੍ਰਤੀਕਿਰਿਆ
Tuesday, Feb 21, 2023 - 01:35 AM (IST)
ਚੰਡੀਗੜ੍ਹ (ਬਿਊਰੋ) : ਹਰਿਆਣਾ ਦੇ ਕੁਰੂਕਸ਼ੇਤਰ ’ਚ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਕਾਫ਼ੀ ਹੰਗਾਮਾ ਤੇ ਲੜਾਈ-ਝਗੜਾ ਹੋਇਆ। ਗੁਰਦੁਆਰਾ ਸਾਹਿਬ ’ਚ ਵਾਪਰੀ ਇਸ ਘਟਨਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸਰਨਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ’ਤੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਕਈ ਦਹਾਕਿਆਂ ਤੋਂ ਚੱਲ ਰਿਹਾ ਸੀ, ਉਸ ਪ੍ਰਬੰਧ ਨੂੰ ਲੈਣ ਲਈ ਮਹੰਤ ਕਰਮਜੀਤ ਸਿੰਘ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਉਥੇ ਮੌਜੂਦ ਪ੍ਰਬੰਧਕਾਂ ਤੇ ਮੁਲਾਜ਼ਮਾਂ ਨਾਲ ਖਹਿਬੜ ਪਏ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੋਏ ਸੇਵਾ-ਮੁਕਤ, ਨਗਰ ਕੌਂਸਲ ਤੋਂ ਕੀਤੀ ਸੀ ਮੰਗ
ਇਸ ਦੌਰਾਨ ਵੱਖ-ਵੱਖ ਥਾਵਾਂ ਤੋਂ ਦਰਸ਼ਨ ਕਰਨ ਆਏ ਵਰਕਰਾਂ, ਜਿਨ੍ਹਾਂ ’ਚ ਜਥੇਦਾਰ ਸਵਰਾਜ ਸਿੰਘ ਕੋਹਲੀ ਦਾ ਪੋਤਾ ਸੀ, ਨਾਲ ਵੀ ਕੁੱਟਮਾਰ ਕੀਤੀ ਗਈ। ਸਰਨਾ ਨੇ ਕਿਹਾ ਕਿ ਅੱਜ ਤੋਂ 102 ਸਾਲ ਪਹਿਲਾਂ ਮਹੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਵਾਏ ਗਏ ਸਨ ਤੇ ਅੱਜ ਮਹੰਤ ਕਰਮਜੀਤ ਸਿੰਘ ਨੇ ਜ਼ੋਰ-ਜ਼ਬਰਦਸਤੀ ਕਰਕੇ ਕਬਜ਼ਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਤ ਨਿਹਚਲ ਸਿੰਘ ਨੇ ਬੜਾ ਜਪ-ਤਪ ਕੀਤਾ ਤੇ ਸਕੂਲ-ਕਾਲਜ ਬਣਵਾਏ, ਉਨ੍ਹਾਂ ਦੀ ਗੱਦੀ ’ਤੇ ਬਿਰਾਜਮਾਨ ਮਹੰਤ ਕਰਮਜੀਤ ਸਿੰਘ ਨੇ ਸੰਤਾਂ ਵਾਲੇ ਕੰਮ ਕੀ ਕਰਨੇ ਸੀ, ਸਗੋਂ ਇਸ ਤਰ੍ਹਾਂ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਅਜਿਹੇ ਬੰਦਿਆਂ ਦੀ ਪੁਸ਼ਤ-ਪਨਾਹੀ ਬੰਦ ਕਰਨੀ ਚਾਹੀਦੀ ਹੈ।
ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜਾਰੀ, ਭਾਰਤੀ ਖੇਤਰ ’ਚ ਮੁੜ ਦਾਖ਼ਲ ਹੋਇਆ ਡਰੋਨ
ਉਨ੍ਹਾਂ ਕਿਹਾ ਕਿ ਸਿੱਖ ਭਾਵੇਂ ਉਹ ਕਿਤੇ ਵੀ ਬੈਠਾ ਹੈ, ਉਹ ਕਿਸੇ ਵੀ ਕੀਮਤ ’ਤੇ ਆਪਣੇ ਗੁਰਦੁਆਰਿਆਂ ’ਤੇ ਮਹੰਤਾਂ ਨੂੰ ਕਾਬਜ਼ ਨਹੀਂ ਹੋਣ ਦੇਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਮਹੰਤ ਕਰਮਜੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚ ਕੇ ਆਪਣੇ ਵੱਲੋਂ ਕੀਤੇ ਇਸ ਕੰਮ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਸ੍ਰੀ ਅਕਾਲ ਤਖ਼ਤ ਦਾ ਜੋ ਵੀ ਫ਼ੈਸਲਾ ਆਵੇ, ਉਸ ਨੂੰ ਮੰਨੇ। ਸਰਨਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ’ਚ ਇਸ ਤਰ੍ਹਾਂ ਵਰਕਰਾਂ ਨਾਲ ਕੁੱਟਮਾਰ ਕਰ ਕੇ ਸਰਕਾਰ ਨੂੰ ਕੋਈ ਸ਼ੋਹਰਤ ਨਹੀਂ ਦਿਵਾਈ ਗਈ ਸਗੋਂ ਬਦਨਾਮੀ ਦਾ ਟਿੱਕਾ ਲਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਬੇਨਤੀ ਕਰਦਾ ਹਾਂ ਕਿ ਇਹੋ ਜਿਹੇ ਬੰਦਿਆਂ ਤੋਂ ਬਚ ਕੇ ਰਹੋ, ਇਨ੍ਹਾਂ ਨੇ ਤੁਹਾਡੇ ਨਾਲ ਸਿੱਖ ਜੋੜਨ ਦੀ ਬਜਾਏ, ਜਿਹੜੇ ਜੁੜੇ ਹੋਏ ਹਨ, ਉਹ ਵੀ ਤੋੜ ਦੇਣੇ ਹਨ। ਉਨ੍ਹਾਂ ਕਿਹਾ ਕਿ ਮੈਂ ਇਕ ਵਾਰ ਫਿਰ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮਹੰਤ ਕਰਮਜੀਤ ਵੱਲੋਂ ਕੀਤੇ ਹਮਲੇ ਦੀ ਤਫ਼ਤੀਸ਼ ਕਰ ਕੇ ਬਣਦੀ ਯੋਗ ਸਜ਼ਾ ਦੇਣੀ ਚਾਹੀਦੀ ਹੈ।