ਨਹੀਂ ਸੇਫ ਲੁਧਿਆਣਵੀ : ਸ਼ਹਿਰ ’ਚ ਸਨੈਚਰਾਂ ਦੀ ਦਹਿਸ਼ਤ, ਰੋਜ਼ਾਨਾ 3 FIR ਦਰਜ, ਇਸ ਤੋਂ ਕਿਤੇ ਵੱਧ ਹਨ ਸ਼ਿਕਾਇਤਾਂ

Monday, Jul 03, 2023 - 02:00 PM (IST)

ਨਹੀਂ ਸੇਫ ਲੁਧਿਆਣਵੀ : ਸ਼ਹਿਰ ’ਚ ਸਨੈਚਰਾਂ ਦੀ ਦਹਿਸ਼ਤ, ਰੋਜ਼ਾਨਾ 3 FIR ਦਰਜ, ਇਸ ਤੋਂ ਕਿਤੇ ਵੱਧ ਹਨ ਸ਼ਿਕਾਇਤਾਂ

ਲੁਧਿਆਣਾ (ਰਿਸ਼ੀ) : ਘਰਾਂ ਤੋਂ ਬਾਹਰ ਨਿਕਲਣ ਵਾਲੇ ਲੁਧਿਆਣਵੀ ਕਿੰਨੇ ਸੁਰੱਖਿਅਤ ਹਨ ਅਤੇ ਕਮਿਸ਼ਨਰੇਟ ਪੁਲਸ ਉਨ੍ਹਾਂ ਦੀ ਸੁਰੱਖਿਆ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੀ ਹੈ, ਇਸ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਸ਼ਹਿਰ ’ਚ ਰੋਜ਼ਾਨਾ 3 ਐੱਫ. ਆਈ. ਆਰ. ਸਨੈਚਿੰਗ ਅਤੇ ਲੁੱਟ-ਖੋਹ ਦੀਆਂ ਦਰਜ ਕੀਤੀਆਂ ਜਾ ਰਹੀਆਂ ਹਨ, ਜਦੋਂਕਿ ਇਹ ਹਕੀਕਤ ਹੈ ਕਿ ਅੱਧੇ ਤੋਂ ਵੱਧ ਮਾਮਲਿਆਂ ’ਚ ਸ਼ਿਕਾਇਤਕਰਤਾ ਥਾਣਿਆਂ ਦੇ ਗੇੜੇ ਮਾਰ-ਮਾਰ ਕੇ ਥੱਕ ਜਾਂਦੇ ਹਨ ਅਤੇ ਆਪਣੀ ਐੱਫ. ਆਈ. ਆਰ. ਦਰਜ ਨਹੀਂ ਕਰਵਾ ਪਾਉਂਦੇ। ਅਜਿਹੇ ’ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਰੋਜ਼ਾਨਾ ਲੁੱਟ-ਖੋਹ ਦੀਆਂ ਵਾਰਦਾਤਾਂ ਇਸ ਤੋਂ ਕਿਤੇ ਵੱਧ ਹੋਣਗੀਆਂ ਅਤੇ ਪੁਲਸ ਹਰ ਸਮੇਂ ਚੋਰਾਂ ਅਤੇ ਸਨੈਚਰਾਂ ਨੂੰ ਫੜਨ ਦੇ ਖੋਖਲੇ ਦਾਅਵੇ ਕਰਦੀ ਨਜ਼ਰ ਆ ਰਹੀ ਹੈ। ਜੇਕਰ ਪੁਲਸ ਵਿਭਾਗ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਸਾਲ 2023 ਦੇ ਪਹਿਲੇ 5 ਮਹੀਨਿਆਂ ’ਚ ਸਨੈਚਿੰਗ ਅਤੇ ਲੁੱਟ-ਖੋਹ ਦੇ ਵੱਖ-ਵੱਖ ਪੁਲਸ ਸਟੇਸ਼ਨਾਂ ’ਚ 432 ਮਾਮਲੇ ਦਰਜ ਕੀਤੇ ਹਨ, ਜਦੋਂਕਿ ਸਾਲ 2022 ਵਿਚ ਕੁੱਲ 1182 ਮਾਮਲੇ ਦਰਜ ਹੋਏ ਹਨ। ਅੱਗੇ ਸ਼ਹਿਰ ’ਚ ਸਨੈਚਿੰਗ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦੀ ਗਿਣਤੀ ’ਚ ਵਾਧਾ ਹੋਵੇਗਾ ਜਾਂ ਫਿਰ ਕਮਿਸ਼ਨਰੇਟ ਪੁਲਸ ਇਨ੍ਹਾਂ ’ਤੇ ਨੁਕੇਲ ਕਸ ਸਕੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱੱਸੇਗਾ।

ਇਹ ਵੀ ਪੜ੍ਹੋ : ਗੈਂਗਸਟਰ ਬਿਸ਼ਨੋਈ ਨੇ ਸਰਕਾਰੀ ਗੰਨਮੈਨ ਮੰਗਣ ਵਾਲਿਆਂ ਦੇ ਦਾਅਵਿਆਂ ਦੀ ਖੋਲ੍ਹੀ ਪੋਲ

ਇੱਥੇ ਹੋਈਆਂ ਲੁੱਟ ਦੀਆਂ ਵੱਡੀਆਂ ਵਾਰਦਾਤਾਂ
-ਨਿਊ ਰਾਜਗੁਰੂ ਨਗਰ ’ਚ ਏ. ਟੀ. ਐੱਮਜ਼ ’ਚ ਕੈਸ਼ ਪਾਊਣ ਵਾਲੀ ਕੰਪਨੀ ਸੀ. ਐੱਮ. ਐੱਸ. ਦੇ ਆਫਿਸ ’ਚ ਸਟਾਫ ਨੂੰ ਬੰਦੀ ਬਣਾ ਕੇ 8 ਕਰੋੜ ਤੋਂ ਜ਼ਿਆਦਾ ਦੀ ਲੁੱਟ, ਜਿਸ ਨੂੰ ਪੁਲਸ ਨੇ ਕਾਫੀ ਜਲਦੀ ਸੁਲਝਾ ਲਿਆ।
-ਜਗਰਾਓਂ ਤੋਂ ਆਈਲੈਟਸ ਦੀ ਕਲਾਸ ਲਗਾਉਣ ਟਿਊਸ਼ਨ ਮਾਰਕੀਟ, ਮਾਡਲ ਟਾਊਨ ’ਚ ਆਏ ਵਿਦਿਆਰਥੀ ਜਸਵੰਤ ਸਿੰਘ ਤੋਂ ਤੇਜ਼ਧਾਰ ਹਥਿਆਰ ਦੇ ਬਲ ’ਤੇ ਕਾਰ ਲੁੱਟ ਕੇ ਲੈ ਗਏ ਪਰ ਨੇ ਕੁਝ ਦਿਨਾਂ ’ਚ 3 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ।

-28 ਦਸੰਬਰ 2022 ਨੂੰ ਸਮਰਾਲਾ ਚੌਕ ਕੋਲ ਕ੍ਰੇਟਾ ਕਾਰ ਦਾ ਸ਼ੀਸ਼ਾ ਤੋੜ ਕੇ ਅੰਦਰੋਂ 68 ਲੱਖ ਦੀ ਨਕਦੀ ਚੋਰੀ ਕਰ ਕੇ ਲੈ ਗਏ। ਕਾਰ ਚੰਡੀਗੜ੍ਹ ਦੇ ਵਪਾਰੀ ਦੀ ਸੀ, ਜਿਸ ਨੇ ਆਪਣੇ ਡਰਾਈਵਰ ਨੂੰ ਕੁਲੈਕਸ਼ਨ ਲਈ ਭੇਜਿਆ ਸੀ, ਜੋ ਸੜਕ ਕਿਨਾਰੇ ਕਾਰ ਖੜ੍ਹੀ ਕਰ ਕੇ ਗਾਹਕਾਂ ਕੋਲ ਗਿਆ ਸੀ। ਇਸ ਮਾਮਲੇ ਨੂੰ ਪੁਲਸ ਸੁਲਝਾ ਨਹੀਂ ਸਕੀ।

ਘਰ ਨੂੰ ਲਾਕ ਲਗਾ ਕੇ ਜਾਣਾ ਵੀ ਨਹੀਂ ਸੁਰੱਖਿਅਤ, ਨਹੀਂ ਰੁਕ ਰਹੀਆਂ ਚੋਰੀਆਂ
ਘਰਾਂ ਨੂੰ ਲਾਕ ਲਗਾ ਕੇ ਜਾਣਾ ਵੀ ਇਸ ਸਮੇਂ ਸੁਰੱਖਿਅਤ ਨਹੀਂ ਹੈ ਕਿਉਂਕਿ ਬੰਦ ਪਏ ਘਰਾਂ ਦੀ ਵੀ ਕਮਿਸ਼ਨਰੇਟ ਪੁਲਸ ਸੁਰੱਖਿਆ ਕਰਨ ਵਿਚ ਨਾਕਾਮ ਸਾਬਿਤ ਹੋ ਰਹੀ ਹੈ ਅਤੇ ਚਾਹ ਕੇ ਵੀ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸਾਲ 2023 ਦੇ ਪਹਿਲੇ 5 ਮਹੀਨਿਆਂ ਦੀ ਗੱਲ ਕਰੀਏ ਤਾਂ ਪੁਲਸ ਨੇ 103 ਚੋਰੀ ਦੇ ਮਾਮਲੇ ਦਰਜ ਕੀਤੇ ਹਨ। ਇਨ੍ਹਾਂ ’ਚੋਂ ਦੁਕਾਨਾਂ ’ਚ ਹੋਈਅਾਂ ਚੋਰੀਆਂ ਦੀ ਗਿਣਤੀ ਵੀ ਸ਼ਾਮਲ ਹੈ। ਉੱਥੇ ਇਨ੍ਹਾਂ ਅੰਕੜਿਆਂ ਤੋਂ ਇਲਾਵਾ ਜੂਨ ਮਹੀਨੇ ’ਚ ਵੀ ਸ਼ਹਿਰ ਵਿਚ ਰੋਜ਼ਾਨਾ ਇਕ ਤੋਂ ਦੋ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ, ਜਿਸ ਦੀ ਗਿਣਤੀ ਇਨ੍ਹਾਂ ਤੋਂ ਵੱਖਰੀ ਹੈ। ਗਰਮੀਆਂ ਦੀਆਂ ਛੁੱਟੀਆਂ ਮਨਾਉਣ ਗਏ ਲੋਕਾਂ ਲਈ ਜੂਨ ਦਾ ਮਹੀਨਾ ਭਾਰੀ ਰਿਹਾ ਅਤੇ ਇਸ ਮਹੀਨੇ ਚੋਰਾਂ ਦੀ ਚਾਂਦੀ ਰਹੀ, ਉੱਥੇ ਕਮਿਸ਼ਨਰੇਟ ਪੁਲਸ ਹੱਥ ’ਤੇ ਹੱਥ ਧਰੀ ਬੈਠੀ ਰਹੀ।

ਠੱਗੀ ਦਾ ਵੀ ਹਰ ਰੋਜ਼ ਸਾਹਮਣੇ ਆ ਰਿਹਾ ਇਕ ਮਾਮਲਾ
ਲੋਕਾਂ ਨਾਲ ਹੋਣ ਵਾਲੀਆਂ ਠੱਗੀਆਂ ਦੀ ਗੱਲ ਕਰੀਏ ਤਾਂ ਰੋਜ਼ਾਨਾਂ ਕਮਿਸ਼ਨਰੇਟ ਪੁਲਸ ਵਲੋਂ ਇਕ ਮਾਮਲਾ ਦਰਜ ਕੀਤਾ ਜਾਂਦਾ ਹੈ। ਸਾਲ 2023 ਦੇ 5 ਮਹੀਨਿਆਂ ’ਚ 132 ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਸਾਲ 2022 ’ਚ 301 ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ ਮਾਮਲਿਆਂ ’ਚੋਂ ਆਈ. ਟੀ. ਅੈਕਟ ਜਾਂ ਆਨਲਾਈਨ ਠੱਗੀ ਦੇ ਮਾਮਲੇ ਵੱਖਰੇ ਹਨ, ਉਨਾਂ ਦੀ ਗਿਣਤੀ ਇਸ ਤੋਂ ਵੀ ਜ਼ਿਆਦਾ ਹੋਵੇਗੀ।

ਸਾਲ 2022 ਅਤੇ 2023 ਦੇ ਪਹਿਲੇ 5 ਮਹੀਨਿਆਂ ’ਚ ਦਰਜ ਮਾਮਲਿਆਂ ਦਾ ਵੇਰਵਾ

ਘਟਨਾ   ਸਾਲ 2022 ਸਾਲ 2023
ਘਰਾਂ ’ਚ ਚੋਰੀਂ   301   103
ਸਨੈਚਿੰਗ ਤੇ ਲੁੱਟ 1182   432
ਧੋਖਾਦੇਹੀ    341   132

ਇਹ ਵੀ ਪੜ੍ਹੋ : ਮੰਤਰੀ ਕੁਲਦੀਪ ਧਾਲੀਵਾਲ ਦੇ ਯਤਨਾਂ ਸਦਕਾ ਇਰਾਕ ’ਚ ਫਸੀ ਕੁੜੀ ਘਰ ਪਰਤੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।





            


author

Anuradha

Content Editor

Related News