ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਯਾਦਗਾਰ ਵਾਲੀ ਜਗ੍ਹਾ ਬਣ ਰਹੀ ਹੈ ਖੰਡਰ

09/08/2019 11:23:49 AM

ਜੈਤੋ (ਸਤਵਿੰਦਰ) - ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦਗਾਰ ਵਾਲੀ ਜਗ੍ਹਾ ਖੰਡਰ ਬਣ ਰਹੀ ਹੈ। ਇਸ ਇਮਾਰਤ ਦੀ ਜੇਲ ਕੋਠੜੀ ਵਾਲਾ ਹਿੱਸਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਮਲਬੇ ਦੇ ਢੇਰ 'ਚ ਤਬਦੀਲ ਹੋ ਚੁੱਕਾ ਹੈ। ਬੀਤੀ 18 ਜੁਲਾਈ ਨੂੰ ਡੀ.ਸੀ. ਫ਼ਰੀਦਕੋਟ ਕੁਮਾਰ ਸੌਰਵ ਰਾਜ ਨੇ ਬਰਸਾਤਾਂ ਕਾਰਨ ਇਸ ਯਾਦਗਾਰ ਦੇ ਨੁਕਸਾਨੇ ਜਾਣ ਦਾ ਜਾਇਜ਼ਾ ਲਿਆ ਸੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ ਇਸ ਯਾਦਗਾਰ ਦੀ ਮੁਰੰਮਤ ਲਈ ਵਰਤੇ 65 ਲੱਖ ਰੁਪਏ ਦੇ ਫੰਡਾਂ ਦੀ ਜਾਂਚ ਕਰਵਾਏ ਜਾਣ ਦੇ ਨਾਲ-ਨਾਲ ਜਲਦੀ ਮੁਰੰਮਤ ਕਰਵਾ ਕੇ ਪਹਿਲਾਂ ਵਾਲੀ ਦਿੱਖ ਤਿਆਰ ਕੀਤੀ ਜਾਵੇਗੀ। ਅੱਜ ਹਾਲਾਤ ਇਹ ਹਨ ਕਿ ਪ੍ਰਸ਼ਾਸਨ ਵਲੋਂ ਇਸ ਯਾਦਗਾਰ ਦੇ ਚਾਰੇ ਪਾਸੇ ਰੱਸਾ ਬੰਨ ਦਿੱਤਾ ਗਿਆ ਹੈ ਅਤੇ ਕਿਸੇ ਨੂੰ ਇਸ ਦੇ ਨੇੜੇ ਨਹੀਂ ਜਾਣ ਦਿੱਤਾ ਜਾਂਦਾ। ਜ਼ਿਕਰਯੋਗ ਹੈ ਕਿ ਇਸ ਯਾਦਗਾਰ ਨੂੰ ਵੇਖਣ ਵਾਲੇ ਸੈਲਾਨੀ ਮਾਯੂਸ ਹੋ ਕੇ ਪਰਤ ਜਾਂਦੇ ਹਨ।

ਗੌਰਤਲਬ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੀ ਪਹਿਲੀ ਸਿਆਸੀ ਗ੍ਰਿਫ਼ਤਾਰੀ ਤੋਂ ਬਾਅਦ ਇਸੇ ਇਮਾਰਤ ਦੀ ਜੇਲ ਕੋਠੜੀ ਅੰਦਰ ਕੈਦ ਰੱਖਿਆ ਗਿਆ ਸੀ। ਬੀਤੇ ਸਮਿਆਂ 'ਚ ਨਹਿਰੂ ਖਾਨਦਾਨ ਦੇ ਚਿਰਾਗ ਰਾਹੁਲ ਗਾਂਧੀ ਇਸ ਯਾਦਗਾਰ ਨੂੰ ਵੇਖਣ ਲਈ ਆ ਚੁੱਕੇ ਹਨ। ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਯਾਦਗਾਰ ਵਾਲੇ ਹਿੱਸੇ ਨੂੰ ਬਰਕਰਾਰ ਰੱਖਣ ਲਈ ਕੇਂਦਰ ਦੀ ਮਨਮੋਹਨ ਸਿੰਘ ਸਰਕਾਰ ਨੇ ਉਕਤ ਯਾਦਗਾਰ ਲਈ 65 ਲੱਖ ਰੁਪਏ ਦੇ ਕਰੀਬ ਖਰਚ ਕੀਤੇ ਸਨ। ਸਮੇਂ-ਸਮੇਂ 'ਤੇ ਠੇਕੇਦਾਰ ਵਲੋਂ ਕੀਤੇ ਗਏ ਕੰਮ 'ਚ ਫੰਡਾਂ ਦੀ ਦੁਰਵਰਤੋ ਦੇ ਦੋਸ਼ ਲੱਗਦੇ ਰਹੇ ਹਨ।

ਯਾਦਗਾਰ ਦਾ ਮੂਲ ਰੂਪ ਤਿਆਰ ਹੋਵੇ : ਸੰਤ ਰਿਸ਼ੀ ਰਾਮ
ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਬ੍ਰਾਂਚ ਜੈਤੋ ਦੇ ਸੰਚਾਲਕ ਸੰਤ ਰਿਸ਼ੀ ਰਾਮ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਹਿਰੂ ਜੀ ਦੀ ਇਸ ਯਾਦਗਾਰ ਵਾਲੀ ਜਗ੍ਹਾ ਨੂੰ ਮੁਰੰਮਤ ਕਰਵਾ ਕੇ ਇਸਦੇ ਮੂਲ ਰੂਪ 'ਚ ਤਿਆਰ ਕਰਵਾਉਣਾ ਚਾਹੀਦਾ, ਕਿਉਂਕਿ ਇਸ ਨਾਲ ਸਮੁੱਚੇ ਸ਼ਹਿਰ ਵਾਸੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।

ਇਹ ਯਾਦਗਾਰ ਜੈਤੋ ਦੀ ਪਛਾਣ ਹੈ : ਪ੍ਰੋ. ਪਰਮਿੰਦਰ ਤੱਗੜ
ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦੇ ਵਾਇਸ ਪ੍ਰਿੰਸੀਪਲ ਪ੍ਰੋਫੈਸਰ ਪਰਮਿੰਦਰ ਤੱਗੜ ਦਾ ਕਹਿਣਾ ਹੈ ਕਿ ਨਹਿਰੂ ਦੀ ਇਹ ਯਾਦਗਾਰ ਆਉਣ ਵਾਲੀ ਪੀੜੀ ਲਈ ਮਾਰਗ ਦਰਸ਼ਨ ਕਰੇਗੀ। ਇਸ ਸਮੇਂ ਜੋ ਖੰਡਰ ਰੂਪੀ ਹਾਲਾਤ ਇਸ ਇਮਾਰਤ ਦੇ ਬਣੇ ਹੋਏ ਹਨ, ਬਹੁਤ ਮੰਦਭਾਗਾ ਹੈ। ਪ੍ਰਸ਼ਾਸਨ ਫ਼ੌਰੀ ਤੌਰ 'ਤੇ ਇਸ ਵੱਲ ਧਿਆਨ ਦੇਵੇ ਅਤੇ ਮੁਰੰਮਤ ਕਰਵਾ ਕੇ ਸੈਲਾਨੀਆਂ ਲਈ ਖੋਲਿਆ ਜਾਵੇ।

ਇਤਹਾਸਿਕ ਥਾਵਾਂ ਕੌਮ ਦਾ ਸਰਮਾਇਆ ਹਨ : ਪ੍ਰਿੰ. ਨਰੂਲਾ
ਉੱਘੇ ਸਮਾਜ ਸੇਵੀ ਅਤੇ ਚਿੰਤਕ ਪ੍ਰਿੰਸੀਪਲ ਤਰਸੇਮ ਨਰੂਲਾ ਨੇ ਕਿਹਾ ਅਜਿਹੀਆਂ ਇਤਿਹਾਸਕ ਥਾਵਾਂ ਕੌਮ ਅਤੇ ਦੇਸ਼ ਦਾ ਸਰਮਾਇਆ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਸੰਭਾਲ ਕੇ ਰੱਖਣਾ ਸਰਕਾਰਾਂ ਦਾ ਮੁੱਢਲਾ ਫਰਜ਼ ਹੁੰਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਯਾਦਗਾਰ ਦੀ ਮੁਰੰਮਤ ਕਰਵਾ ਕੇ ਤੁਰੰਤ ਠੀਕ ਕਰਵਾਇਆ ਜਾਵੇ।


rajwinder kaur

Content Editor

Related News