ਪੰਚਕੂਲਾ ਹਿੰਸਾ ਦੌਰਾਨ ਮਾਲਵਾ ਦੇ 14 ਜ਼ਿਲਿਆਂ ਨੇ ਕੀਤਾ ਕਰੋੜਾਂ ਦਾ ਕਲੇਮ, ਦੋਆਬਾ ਤੇ ਮਾਝਾ ''ਚ ਰਹੀ ਸ਼ਾਂਤੀ
Saturday, Sep 09, 2017 - 02:41 PM (IST)
ਲੁਧਿਆਣਾ : ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਡੇਰਾ ਮੁਖੀ ਰਾਮ ਰਹੀਮ ਸਿੰਘ 'ਤੇ ਦੋਸ਼ ਸਿੱਧ ਹੋਣ ਤੋਂ ਬਾਅਦ ਡੇਰਾ ਪ੍ਰੇਮੀਆਂ ਦੀ ਹਿੰਸਾ 'ਚ ਮਾਲਵਾ ਦੇ 14 ਜ਼ਿਲਿਆਂ 'ਚ ਕਰੀਬ 3.51 ਕਰੋੜ ਦਾ ਨੁਕਸਾਨ ਹੋਇਆ। ਸਭ ਤੋਂ ਜ਼ਿਆਦਾ ਬਠਿੰਡਾ ਜ਼ਿਲੇ 'ਚੇ 2.36 ਕਰੋੜ ਅਤੇ ਫਾਜ਼ਿਲਕਾ 'ਚ ਸਭ ਤੋਂ ਘੱਟ 23000 ਦਾ ਨੁਕਸਾਨ ਹੋਇਆ, ਜਦੋਂ ਕਿ ਲੁਧਿਆਣਾ 'ਚ 7.40 ਲੱਖ ਅਤੇ ਮਾਨਸਾ 'ਚ ਸਾਢੇ 4 ਲੱਖ ਦਾ ਕਲੇਮ ਹੋਇਆ ਹੈ। ਚੰਗੀ ਗੱਲ ਇਹ ਰਹੀ ਕਿ ਦੋਆਬਾ ਤੇ ਮਾਝਾ ਦੇ 8 ਜ਼ਿਲਿਆਂ 'ਚ ਸ਼ਾਂਤੀ ਰਹੀ ਅਤੇ ਕੋਈ ਨੁਕਸਾਨ ਨਹੀਂ ਹੋਇਆ। ਹਿੰਸਾ ਤੋਂ ਬਾਅਦ ਸੂਬਾ ਸਰਕਾਰ ਨੇ ਨੁਕਸਾਨ ਦਾ ਬਿਓਰਾ ਮੰਗਿਆ ਤਾਂ ਮਾਲਵਾ ਦੇ 14 ਜ਼ਿਲਿਆਂ ਦੇ ਇਹ ਆਂਕੜੇ ਸਾਹਮਣੇ ਆਏ। ਮਾਲਵਾ 'ਚ 29 ਪ੍ਰਾਪਰਟੀਆਂ (ਸਰਕਾਰੀ ਅਤੇ ਪ੍ਰਾਈਵੇਟ) ਨੂੰ ਨੁਕਸਾਨ ਪਹੁੰਚਿਆ। ਬਠਿੰਡਾ, ਸੰਗਰੂਰ, ਮਾਨਸਾ ਅਤੇ ਬਰਨਾਲਾ ਦੇ 8 ਸੁਵਿਧਾ ਕੇਂਦਰਾਂ 'ਚ ਤੋੜਭੰਨ ਅਤੇ ਅੱਗ ਲਾ ਦਿੱਤੀ ਗਈ। ਮਾਨਸਾ ਅਤੇ ਫਾਜ਼ਿਲਕਾ 'ਚ 2 ਕਾਰਾਂ ਅਤੇ ਇਕ ਬੱਸ ਫੂਕੀ ਗਈ। ਇਸੇ ਤਰ੍ਹਾਂ ਬਾਕੀ ਸ਼ਹਿਰਾਂ 'ਚ ਇਸੇ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ। ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੇਰਾ ਹਿੰਸਾ 'ਚ ਹੋਏ ਨੁਕਸਾਨ ਦੀ ਭਰਪਾਈ ਡੇਰਾ ਸੱਚਾ ਸੌਦਾ ਪ੍ਰਬੰਧਨ ਤੋਂ ਵਸੂਲਣ ਦੇ ਹੁਕਮ ਦਿੱਤੇ ਹੋਏ ਹਨ।
