ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਪੇਕੇ ਤੇ ਸਹੁਰੇ, ਦੋਵਾਂ ਪਿੰਡਾਂ ''ਚ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ

Tuesday, Oct 08, 2024 - 09:46 PM (IST)

ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਪੇਕੇ ਤੇ ਸਹੁਰੇ, ਦੋਵਾਂ ਪਿੰਡਾਂ ''ਚ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ

ਸੰਗਰੂਰ/ਭਵਾਨੀਗੜ੍ਹ (ਸਿੰਗਲਾ/ਕਾਂਸਲ/ਵਿਕਾਸ)- ਪੰਜਾਬ ’ਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਸੰਗਰੂਰ ਤੋਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਪੇਕੇ ਪਿੰਡ ਭਰਜਾ ਤੇ ਸਹੁਰੇ ਪਿੰਡ ਲੱਖੇਵਾਲ ਵਿਖੇ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵਿਧਾਇਕ ਦੇ ਪੇਕੇ ਪਿੰਡ ਭਰਾਜ ਵਿਖੇ ਅਮਰੀਕ ਸਿੰਘ ਤੇ ਸਹੁਰੇ ਪਿੰਡ ਲੱਖੇਵਾਲ ਵਿਖੇ ਸੁਖਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਹੈ।

ਇਸ ਮੌਕੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੋਵਾਂ ਪਿੰਡਾਂ ’ਚ ਸਰਬਸੰਮਤੀ ਨਾਲ ਚੁਣੇ ਗਏ ਸਰਪੰਚਾਂ ਤੇ ਪੰਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿੰਡਾਂ ’ਚ ਸਰਬਸੰਮਤੀ ਦੀ ਇਸ ਪਹਿਲਕਦਮੀ ਨਾਲ ਪਿੰਡਾਂ ’ਚ ਪਾਰਟੀਬਾਜ਼ੀ ਤੇ ਧੜੇਬੰਦੀ ਦਾ ਜਿੱਥੇ ਖਾਤਮਾ ਹੋਵੇਗਾ, ਉੱਥੇ ਹੀ ਪਿੰਡਾਂ ’ਚ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇਗੀ ਤੇ ਪਿੰਡਾਂ ਦਾ ਵੱਡੇ ਪੱਧਰ ’ਤੇ ਵਿਕਾਸ ਵੀ ਹੋਵੇਗਾ।

PunjabKesari

ਉਨ੍ਹਾਂ ਕਿਹਾ ਕਿ ਪਿੰਡਾਂ ’ਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਰਨ ਦੇ ਫੈਸਲਿਆਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਬ ਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਰਨ ਦੀ ਪਹਿਲਕਦਮੀ ਨੂੰ ਵੱਡਾ ਹੁਲਾਰਾ ਮਿਲਿਆ ਹੈ ਤੇ ਸੂਬੇ 'ਚ ਇਕ ਨਵੀ ਮਿਸਾਲ ਕਾਇਮ ਹੋਈ ਹੈ। ਉਨ੍ਹਾਂ ਕਿਹਾ ਕਿ ਸਰਬਸੰਮਤੀ ਵਾਲੇ ਪਿੰਡਾਂ ਨੂੰ ਜਿਥੇ ਸਰਕਾਰ ਤੋਂ ਵਿਸ਼ੇਸ਼ ਰਾਸ਼ੀ ਪ੍ਰਾਪਤ ਹੋਵੇਗੀ, ਉਥੇ ਹੀ ਸਰਕਾਰ ਵੱਲੋਂ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵਿਸ਼ੇਸ਼ ਸ਼ਹਿਯੋਗ ਤੇ ਗ੍ਰਾਂਟਾਂ ਵੀ ਦਿੱਤੀਆਂ ਜਾਣਗੀਆਂ।

ਹਲਕਾ ਵਿਧਾਇਕਾ ਨੇ ਦੱਸਿਆ ਕਿ ਉਨ੍ਹਾਂ ਦੇ ਪੇਕੇ ਪਿੰਡ ਭਰਾਜ ਵਿਖੇ ਪਿੰਡ ਵਾਸੀਆਂ ਵੱਲੋਂ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਅਮਰੀਕ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ ਹੈ ਅਤੇ ਉੱਥੇ ਹੀ ਵਾਰਡ ਨੰ.1 ਵਿੱਚ ਜਸਪ੍ਰੀਤ ਕੌਰ, ਵਾਰਡ ਨੰ.2 ਵਿੱਚ ਤਰਲੋਚਨ ਸਿੰਘ, ਵਾਰਡ ਨੰ.3 ਵਿੱਚ ਕੌਰ ਸਿੰਘ ਅਤੇ ਵਾਰਡ ਨੰ.5 ਵਿੱਚ ਗੁਰਪ੍ਰੀਤ ਕੌਰ ਨੂੰ ਸਰਬਸੰਮਤੀ ਨਾਲ ਪੰਚ ਚੁਣਿਆ ਗਿਆ ਹੈ, ਜਿਨ੍ਹਾਂ ਨੂੰ ਸਵੇਰ ਵਿਧਾਇਕਾ ਭਰਾਜ ਦੇ ਪਿਤਾ ਗੁਰਨਾਮ ਸਿੰਘ ਅਤੇ ਮਾਤਾ ਚਰਨਜੀਤ ਕੌਰ ਸਣੇ ਸਮੁੱਚੇ ਨਗਰ ਨੇ ਸਨਮਾਨਿਤ ਕੀਤਾ ਹੈ। ਵਾਰਡ ਨੰ.4 ਵਿੱਚ ਨਿਰਭੈ ਸਿੰਘ ਅਤੇ ਰਾਮ ਵਿਚ ਸਹਿਮਤੀ ਨਹੀਂ ਬਣ ਪਾਈ ਜਿਸ ਕਾਰਨ ਇਸ ਵਾਰਡ ਦੇ ਪੰਚ ਦੀ ਚੋਣ ਲਈ 15 ਅਕਤੂਬਰ ਨੂੰ ਵੋਟਿੰਗ ਰਾਹੀ ਹੋਵੇਗੀ।

PunjabKesari

ਇਸੇ ਤਰ੍ਹਾਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਸਹੁਰੇ ਪਿੰਡ ਲੱਖੇਵਾਲ ਵਿਖੇ ਉਨ੍ਹਾਂ ਦੇ ਤੇ ਉਨ੍ਹਾਂ ਦੇ ਪਤੀ ਮਨਦੀਪ ਸਿੰਘ ਲੱਖੇਵਾਲ ਦੇ ਯਤਨਾ ਸਕਦਾ ਪਿੰਡ ’ਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਸਰਬ ਸੰਮਤੀ ਨਾਲ ਪਿੰਡ ਦੀ ਨਵੀਂ ਪੰਚਾਇਤ ਦੀ ਚੋਣ ਕਰਦੇ ਹੋਏ ਸੁਖਵਿੰਦਰ ਸਿੰਘ ਨੂੰ ਸਰਪੰਚ, ਪਰਵਿੰਦਰ ਸਿੰਘ, ਭੁਪਿੰਦਰ ਸਿੰਘ, ਦਲਜੀਤ ਕੌਰ, ਹਰਵਿੰਦਰ ਕੌਰ ਤੇ ਤਰਸੇਮ ਸਿੰਘ ਨੂੰ ਸਰਬਸੰਮਤੀ ਪੰਚ ਚੁਣ ਲਿਆ ਗਿਆ ਹੈ। ਇਸ ਮੌਕੇ ਸਾਬਕਾ ਸਰਪੰਚ ਜਸਵੀਰ ਸਿੰਘ, ਨੰਬਰਦਾਰ ਭਵਨ ਸਿੰਘ, ਗੁਰਬਿੰਦਰ ਬੰਟੀ, ਹਾਕਮ ਸਿੰਘ, ਹਰਮੇਲ ਸਿੰਘ, ਕੁਲਦੀਪ ਸਿੰਘ, ਜੱਗੀ ਸਿੰਘ ਵੀ ਮੌਜੂਦ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News