ਭੋਗ ''ਤੇ ਵੰਡੇ ਜਲੇਬੀਆਂ-ਪਕੌੜੇ ਤਾਂ ਦੇਣਾ ਪੈਣਾ ਮੋਟਾ ਜੁਰਮਾਨਾ

Friday, Jan 17, 2025 - 06:49 PM (IST)

ਭੋਗ ''ਤੇ ਵੰਡੇ ਜਲੇਬੀਆਂ-ਪਕੌੜੇ ਤਾਂ ਦੇਣਾ ਪੈਣਾ ਮੋਟਾ ਜੁਰਮਾਨਾ

ਬਠਿੰਡਾ/ਰਾਮਪੁਰਾ ਫੂਲ (ਵਿਜੈ ਵਰਮਾ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਜਿੱਥੇ ਪਿੰਡਾਂ ਦੇ ਵਿਕਾਸ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ, ਉਥੇ ਹੀ ਡਿਪਟੀ ਕਮਿਸ਼ਨਰ  ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਅਤੇ ਪ੍ਰੇਰਣਾ ਸਦਕਾ ਜ਼ਿਲ੍ਹੇ ਦੀਆਂ ਪੰਚਾਇਤਾਂ ਵੱਲੋਂ ਵੀ ਨਿਵੇਕਲੀਆਂ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਗ੍ਰਾਮ ਪੰਚਾਇਤ ਡਿੱਖ ਦੇ ਨੌਜਵਾਨ ਸਰਪੰਚ ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਗ੍ਰਾਮ ਸਭਾ ਦੇ ਆਮ ਇਜਲਾਸ ਦੌਰਾਨ ਅਹਿਮ ਫ਼ੈਸਲੇ ਲੈਦਿਆਂ ਪੰਚਾਇਤ ਨੇ ਸਮਾਜਿਕ ਕੁਰੀਤੀਆਂ ਖਿਲਾਫ਼ ਬੀੜਾ ਚੱਕਣ ਦਾ ਪ੍ਰਣ ਲਿਆ ਹੈ। 
ਗ੍ਰਾਮ ਸਭਾ ਦੌਰਾਨ ਲਏ ਗਏ ਫ਼ੈਸਲੇ ਤਹਿਤ ਪਿੰਡ ਵਿਚ ਮਰਗ ਦੇ ਭੋਗ ਮੌਕੇ ਹੁੰਦੇ ਫਜ਼ੂਲ ਖ਼ਰਚਿਆਂ ਨੂੰ ਠੱਲ੍ਹ ਪਾਉਣ ਲਈ ਜਲੇਬੀਆਂ ਅਤੇ ਪਕੌੜੇ ਬਣਾਉਣ 'ਤੇ ਪਾਬੰਦੀ ਅਤੇ ਉਲੰਘਣਾ ਕਰਨ ਵਾਲੇ ਨੂੰ 21 ਹਜ਼ਾਰ ਰੁਪਏ ਜ਼ੁਰਮਾਨਾ ਭਰਨਾ ਪਵੇਗਾ। ਇਸ ਤੋਂ ਇਲਾਵਾ ਪੰਚਾਇਤ ਨੇ ਪਿੰਡ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੇ ਟੈਸਟਾਂ ਦੀ ਤਿਆਰੀ ਕਰਨ ਵਾਲੇ ਲੋੜਵੰਦਾਂ ਨੂੰ ਕਿਤਾਬਾਂ ਅਤੇ ਹੋਰ ਮਾਲੀ ਮਦਦ ਕਰਨ ਦਾ ਵੀ ਫ਼ੈਸਲਾ ਲਿਆ ਹੈ।
 

ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਸਾਰ ਘਟਨਾ, ਪਿਓ ਡੇਢ ਸਾਲ ਤੋਂ ਧੀ ਦੀ ਰੋਲਦਾ ਰਿਹਾ ਪੱਤ, ਖੁੱਲ੍ਹੇ ਭੇਤ ਨੇ ਉਡਾਏ ਹੋਸ਼

ਇਸੇ ਦੌਰਾਨ ਸਮਾਜਿਕ ਮੁੱਦਿਆਂ ਤੇ ਮੋੜਾਂ ਕੱਟਦਿਆਂ ਪੰਚਾਇਤ ਨੇ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਦਿਆਂ ਇਹ ਵੀ ਫ਼ੈਸਲਾ ਲਿਆ ਹੈ ਕਿ ਪਿੰਡ ਦਾ ਜੇਕਰ ਕੋਈ ਬੱਚਾ ਪੜ੍ਹਾਈ ਦੇ ਖੇਤਰ ਵਿਚੋਂ ਮੈਰਿਟ ਲਿਸਟ ਵਿੱਚ ਆਉਂਦਾ ਹੈ ਤਾਂ ਉਸ ਨੂੰ 21 ਹਜ਼ਾਰ ਰੁਪਏ ਨਾਲ ਸਨਮਾਨਤ ਕੀਤਾ ਜਾਵੇਗਾ। ਨਸ਼ਿਆਂ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਪਿੰਡ ਵਿਚ ਜੇਕਰ ਕੋਈ ਗੈਰ ਨਸ਼ਾ ਚਿੱਟਾ ਜਾਂ ਗੋਲ਼ੀਆਂ ਆਦਿ ਵੇਚਦਾ ਫੜ੍ਹਿਆ ਜਾਦਾਂ ਤਾਂ ਪੰਚਾਇਤ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਏਗੀ। ਇਸੇ ਤਰ੍ਹਾਂ ਮਹੰਤਾਂ ਨੂੰ ਵਧਾਈ ਦੇਣ ਦੇ ਰੁਪਏ ਫਿਕਸ ਕੀਤੇ ਗਏ। ਪਿੰਡ ਦੀਆਂ ਗਲੀਆਂ ਵਿੱਚ ਮਿੱਟੀ ਜਾਂ ਹੋਰ ਸਮਾਨ ਰੱਖਣ ਦੀ ਮਨਾਹੀ ਕੀਤੀ ਗਈ ਹੈ।

PunjabKesari

ਇਹ ਵੀ ਪੜ੍ਹੋ : ਪਿੰਡ 'ਚੋਂ ਲੰਘਣਾ ਹੈ ਤਾਂ ਲਿਆਓ ਜੀ 200 ਦੀ ਪਰਚੀ, ਅੱਗੋਂ ਪੁਲਸ ਨੇ ਪਾ 'ਤੀ ਕਾਰਵਾਈ

ਇਸੇ ਤਰ੍ਹਾਂ ਪਿੰਡ ਵਿੱਚ ਪਾਣੀ ਦੀ ਹੁੰਦੀ ਦੁਰਵਰਤੋਂ ਨੂੰ ਰੋਕਣ ਲਈ ਟੂਟੀਆਂ ਅਤੇ ਗੇਟ ਵਾਲ ਲਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਪਾਣੀ ਦਾ ਬਿੱਲ ਨਾ ਭਰਨ 'ਤੇ ਕੁਨੈਕਸ਼ਨ ਕੱਟਿਆ ਜਾਵੇਗਾ। ਪਿੰਡ ਵਿੱਚ ਦੁਕਾਨਾਂ 'ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਗਰਟ-ਤੰਬਾਕੂ ਦੇਣ ਉਤੇ ਪਾਬੰਦੀ ਕੀਤੀ ਗਈ ਹੈ। ਸ਼ੋਰ-ਪ੍ਰਦੂਸਣ ਰੋਕਣ ਲਈ ਕੋਈ ਵੀ ਪਿੰਡ ਵਿੱਚ ਚਿੱਪ ਵਗੈਰ ਲਾ ਕੇ ਹੋਕਾ ਨਹੀਂ ਦੇਵੇਗਾ। ਇਸ ਤੋਂ ਇਲਾਵਾ ਲਾਇਬਰੇਰੀ ਦਾ ਨਾਮ ਸੰਤ ਗੁਰਦਿਆਲ ਸਿੰਘ ਅਤੇ ਖੇਡ ਮੈਦਾਨ ਦਾ ਨਾਮ ਸੰਤ ਕ੍ਰਿਪਾਲ ਸਿੰਘ ਰੱਖਣ ਦਾ ਫ਼ੈਸਲਾ ਕੀਤਾ ਅਤੇ ਹਰ ਸਾਲ 'ਧੀਆਂ ਦਾ ਲੋਹੜੀ' ਮਨਾਉਣ ਦੇ ਨਾਲ-ਨਾਲ, ਚਾਈਨਾ ਡੋਰ 'ਤੇ ਪਾਬੰਦੀ ਲਾਉਣ ਅਤੇ ਖੇਡਣ ਵਾਲੇ ਬੱਚਿਆਂ ਲਈ ਕੋਚ ਦਾ ਪ੍ਰਬੰਧ ਕਰਨ ਦੇ ਮਤੇ ਪਾਸ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ, ਨੌਜਵਾਨ ਦੀ ਦਰਦਨਾਕ ਮੌਤ, ਟੋਟੇ-ਟੋਟੇ ਹੋਈ ਲਾਸ਼

ਆਮ ਇਜਲਾਸ ਵਿੱਚ ਨਵੇਂ ਵਰ੍ਹੇ ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾਂ ਦਾ ਅਨੁਮਾਨਿਤ ਬਜਟ  81 ਲੱਖ 90 ਹਜ਼ਾਰ ਰੁਪਏ ਦਾ ਪਾਸ ਕੀਤਾ ਗਿਆ। ਨਵੇਂ ਬਜਟ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਵਿੱਚ ਗਰਾਊਂਡ ਦੀ ਚਾਰਦੀਵਾਰੀ, ਵੱਖ-ਵੱਖ ਖੇਡਾਂ ਦੇ ਖੇਡ ਮੈਦਾਨ ਬਣਾਉਣੇ, ਵਾਟਰ ਵਰਕਸ ਦੀ ਚਾਰਦੀਵਾਰੀ। ਪਾਰਕ, ਪਾਣੀ ਦੀ ਸਪਲਾਈ ਲਈ ਪਾਇਪ ਲਾਈਨ, ਸਬ-ਸੈਂਟਰ ਦੀ ਇਮਾਰਤ, ਧਰਮਸਾਲਾਵਾਂ, ਸਟਰੀਟ ਲਾਇਟਾਂ, ਸੀ. ਸੀ. ਟੀ. ਵੀ. ਕੈਮਰੇ ਲਗਾਉਣ, ਬੱਸ ਸਟੈਡ ਦੀ ਰਿਪੇਅਰ, ਗਲੀਆਂ-ਨਾਲੀਆਂ ਦੀ ਉਸਾਰੀ ਅਤੇ ਯਾਦਗਰੀ ਗੇਟ ਬਣਾਉਣਾ ਸ਼ਾਮਲ ਹਨ।

ਇਸ ਮੌਕੇ ਵਾਟਰ ਸਪਲਾਈ ਅਤੇ ਸੈਨੀਟੇਸਨ ਵਿਭਾਗ ਦੇ ਨੁਮਾਇੰਦੇ ਹਰਿੰਦਰ ਸਿੰਘ ਨੇ ਪਾਣੀ ਦੀ ਮਹੱਤਤਾ ਬਾਰੇ ਅਤੇ  ਜੀ. ਆਰ. ਐੱਸ. ਅੰਗਰੇਜ਼ ਸਿੰਘ ਅਤੇ ਪੰਚਾਇਤ ਸਕੱਤਰ ਜਸਪ੍ਰੀਤ ਸਿੰਘ ਨੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਸਕੂਲ ਦੇ ਬੱਚਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਹੈਡ ਟੀਚਰ ਮੈਡਮ ਰੋਸ਼ਨੀ ਚਾਵਲਾ, ਮਾਸਟਰ ਸੁਰਿੰਦਰ ਸਿੰਘ, ਮੈਡਮ ਰਿੰਪੀ ਬਾਲਾ, ਪੰਚ ਦਰਸ਼ਨ ਸਿੰਘ, ਅਵਤਾਰ ਸਿੰਘ, ਗੋਰਾ ਸਿੰਘ, ਰਾੜਾ ਸਿੰਘ, ਕਰਨੈਲ ਸਿੰਘ, ਹਰਵਿੰਦਰਪਾਲ ਕੌਰ, ਜਸਵਿੰਦਰ ਕੌਰ, ਸਿਮਰਨਜੀਤ ਕੌਰ ਅਤੇ ਰਮਨਦੀਪ ਕੌਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : Instagram ਦੇ ਪਿਆਰ ਨੇ ਉਜਾੜਿਆ ਘਰ, ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਪਤੀ ਨੂੰ ਦਿੱਤੀ ਰੂਹ ਕੰਬਾਊ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News