ਲੋਕਾਂ ਨੇ ਪੰਚਾਇਤ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

Monday, Jun 18, 2018 - 01:32 AM (IST)

ਲੋਕਾਂ ਨੇ ਪੰਚਾਇਤ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਭੁੱਚੋ ਮੰਡੀ,  (ਨਾਗਪਾਲ)- ਪਿੰਡ ਬੁਰਜ ਕਾਹਨ ਸਿੰਘ ਵਾਲਾ ਵਿਖੇ ਮੀਂਹ ਕਾਰਨ ਗਲੀਆਂ-ਨਾਲੀਆਂ ਦਾ ਪਾਣੀ ਇਕੱਠਾ ਹੋ ਕੇ ਲੋਕਾਂ ਦੇ ਘਰਾਂ ਦੀਆਂ ਨੀਂਹਾਂ 'ਚ ਪੈਣ 'ਤੇ ਦੁਖੀ ਹੋਏ ਲੋਕਾਂ ਨੇ ਪੰਚਾਇਤ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਿਕਾਸੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ। ਪੀੜਤ ਲੋਕਾਂ ਨੇ ਦੱਸਿਆ ਕਿ ਗਲੀਆਂ-ਨਾਲੀਆਂ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਬਣਿਆ ਪੁਰਾਣਾ ਛੱਪੜ ਪੰਚਾਇਤ ਵੱਲੋਂ ਮਿੱਟੀ ਨਾਲ ਭਰ ਕੇ ਪਾਰਕ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਨੇ ਇਸ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਕਰੇ ਬਿਨਾਂ ਹੀ ਛੱਪੜ ਬੰਦ ਕਰਵਾ ਦਿੱਤਾ ਹੈ, ਜਿਸ ਕਾਰਨ ਘਰਾਂ ਦਾ ਪਾਣੀ ਛੱਪੜ ਦਾ ਰੂਪ ਧਾਰਨ ਕਰ ਕੇ ਉਨ੍ਹਾਂ ਦੇ ਘਰਾਂ ਦੀਆਂ ਨੀਹਾਂ ਨਾਲ ਲੱਗ ਚੁੱਕਿਆ ਹੈ। ਅੰਮ੍ਰਿਤਪਾਲ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ, ਜਤਿੰਦਰ ਸਿੰਘ, ਸੁਰਿੰਦਰ ਸਿੰਘ ਨੇ ਕਿਹਾ ਕਿ ਹਾਲੇ ਮਾਨਸੂਨ ਦੀਆਂ ਬਰਸਾਤਾਂ ਤਾਂ ਸ਼ੁਰੂ ਵੀ ਨਹੀਂ ਹੋਈਆਂ ਹਲਕੀ ਬਾਰਿਸ਼ ਨਾਲ ਹੀ ਉਨ੍ਹਾਂ ਲਈ ਸਮੱਸਿਆ ਖੜ੍ਹੀ ਹੋ ਗਈ ਹੈ। 
   ਇਸ ਸਬੰਧੀ ਪਿੰਡ ਦੀ ਸਰਪੰਚ ਸਿਬਲਜੀਤ ਕੌਰ ਨੇ ਕਿਹਾ ਕਿ ਜਿਨ੍ਹਾਂ ਘਰਾਂ ਦਾ ਪਾਣੀ ਛੱਪੜ ਵਿਚ ਪੈਂਦਾ ਸੀ ਉਨ੍ਹਾਂ ਦੀ ਸਹਿਮਤੀ ਨਾਲ ਹੀ ਛੱਪੜ ਬੰਦ ਕੀਤਾ ਗਿਆ ਹੈ। ਬੀ. ਡੀ. ਪੀ. ਓ. ਮੱਖਣ ਸਿੰਘ ਨੇ ਕਿਹਾ ਕਿ ਮੌਕਾ ਵੇਖ ਕਿ ਕੋਈ ਕਾਰਵਾਈ ਕੀਤੀ ਜਾਵੇਗੀ।
ਇਸੇ ਤਰ੍ਹਾਂ ਮੰਡੀ 'ਚ ਹੋਈ ਬਰਸਾਤ ਨੇ ਮੰਡੀ ਨੂੰ ਜਲ-ਥਲ ਕਰ ਦਿੱਤਾ ਅਤੇ ਮੰਡੀ 'ਚ ਚਾਰੇ ਪਾਸੇ ਪਾਣੀ ਦਾ ਭਾਰੀ ਜਮਾਵੜਾ ਹੋ ਗਿਆ। ਮੇਨ ਬਾਜ਼ਾਰ, ਸਰਕਾਰੀ ਸਕੂਲ ਰੋਡ, ਮਾਰਕੀਟ ਕਮੇਟੀ ਰੋਡ, ਨੀਲਕੰਠ ਮੰਦਰ ਅਤੇ ਹੋਰਨਾ ਥਾਵਾਂ 'ਤੇ ਭਾਰੀ ਮਾਤਰਾ 'ਚ ਪਾਣੀ ਖੜ੍ਹ ਗਿਆ। ਸੀਵਰੇਜ ਸਿਸਟਮ ਠੱਪ ਹੋ ਜਾਣ ਨਾਲ ਪਾਣੀ ਦੀ ਨਿਕਾਸੀ ਨਾ ਮਾਤਰ ਹੋ ਰਹੀ ਹੈ।
ਸਭ ਤੋਂ ਮਾੜਾ ਹਾਲ ਬਾਈਪਾਸ ਨੂੰ ਜਾਂਦੀ ਮੇਨ ਸੜਕ ਦਾ ਹੈ, ਇਸ ਨੇ ਦਰਿਆ ਦਾ ਰੂਪ ਹੀ ਧਾਰਨ ਕਰ ਲਿਆ ਹੈ। ਮੰਡੀ ਦੀ ਮੇਨ ਸੜਕ ਹੋਣ ਕਰ ਕੇ ਇਸ 'ਤੇ ਭਾਰੀ ਟ੍ਰੈਫ਼ਿਕ ਰਹਿੰਦਾ ਹੈ। ਪਹਿਲਾਂ ਹੀ ਸੜਕ 'ਚ ਪਏ ਵੱਡੇ-ਵੱਡੇ ਖੱਡਿਆਂ ਕਾਰਨ ਵਾਹਨ ਚਾਲਕਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਦੂਜਾ ਉਥੇ ਪਾਣੀ ਦਾ ਜਮਾਵੜਾ ਹੋਣ ਕਰ ਕੇ ਵਾਹਨ ਚਾਲਕਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੋ ਪਹੀਆਂ ਵਾਹਨ ਵਾਲਿਆਂ ਨੇ ਤਾਂ ਬਦਲਵਾ ਰਸਤਾ ਅਖਤਿਆਰ ਕਰ ਕੇ ਗਲੀਆਂ 'ਚੋਂ ਲੰਘਣਾ ਸ਼ੁਰੂ ਕਰ ਦਿੱਤਾ ਹੈ। ਮੰਡੀ ਵਾਸੀਆਂ ਦਾ ਕਹਿਣਾ ਕਿ ਸਿਆਸੀ ਲੀਡਰ ਸਿਰਫ ਲਾਰੇ ਲਾ ਕੇ ਡੰਗ ਟਪਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਵੱਲ ਤੁਰੰਤ ਧਿਆਨ ਦੇ ਕੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ।


Related News