ਪੰਜਾਬ ’ਚ ਖ਼ਾਲਿਸਤਾਨੀ ਤੱਤਾਂ ਤੇ ਸ਼ਿਵਸੈਨਾ ਨੂੰ ਹਾਲਾਤ ਖ਼ਰਾਬ ਕਰਨ ਨਹੀਂ ਦੇਵਾਂਗੇ: ਕੁਲਦੀਪ ਧਾਲੀਵਾਲ
Sunday, May 01, 2022 - 12:12 PM (IST)
ਜਲੰਧਰ (ਧਵਨ)- ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ’ਚ ਖ਼ਾਲਿਸਤਾਨੀ ਤੱਤਾਂ ਅਤੇ ਸ਼ਿਵਸੈਨਾ ਨੂੰ ਸੂਬੇ ਦੇ ਹਾਲਾਤ ਕਿਸੇ ਵੀ ਕੀਮਤ ’ਤੇ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ’ਚ ਲੰਮੇ ਸੰਤਾਪ ਤੋਂ ਬਾਅਦ ਸ਼ਾਂਤੀ ਸਥਾਪਤ ਹੋਈ ਹੈ ਅਤੇ ਉਸ ਨੂੰ ਹੁਣ ਭੰਗ ਕਰਨ ਦੀਆਂ ਸਾਜ਼ਿਸ਼ਾਂ ਕਰਨ ਵਾਲਿਆਂ ਨੂੰ ਪੰਜਾਬ ਸਰਕਾਰ ਮੂੰਹ-ਤੋਡ਼ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ’ਚ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਸ ਨੂੰ ਸਖ਼ਤ ਚੌਕਸੀ ਵਰਤਣ ਅਤੇ ਸ਼ਰਾਰਤੀ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਹਨ। ਸੂਬੇ ਦੀ ਸਰਕਾਰ ਸ਼ਾਂਤੀ ਨੂੰ ਭੰਗ ਕਰਨ ਵਾਲੇ ਤੱਤਾਂ ਦੇ ਨਾਲ ਸਖ਼ਤੀ ਨਾਲ ਨਜਿੱਠੇਗੀ।
ਇਹ ਵੀ ਪੜ੍ਹੋ: ਜਲੰਧਰ: 27 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਕਮਰੇ 'ਚ ਇਹ ਹਾਲ 'ਚ ਪੁੱਤ ਨੂੰ ਵੇਖ ਮਾਂ ਦੀਆਂ ਨਿਕਲੀਆਂ ਚੀਕਾਂ
ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਮਨ, ਸ਼ਾਂਤੀ ਅਤੇ ਫਿਰਕੂ ਸਦਭਾਵਨਾ ਦੀ ਸਥਾਪਨਾ ਨੂੰ ਲੈ ਕੇ ਬਹੁਤ ਹੀ ਗੰਭੀਰ ਹਨ ਅਤੇ ਜਿਨ੍ਹਾਂ ਨੇ ਵੀ ਪਟਿਆਲਾ ’ਚ ਹਿੰਸਕ ਝੜਪਾਂ ਕਰ ਕੇ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਦੇ ਵਿਰੁੱਧ ਸਖਤ ਕਾਰਵਾਈ ਹੋਵੇਗੀ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਤਵਾਦ ਦੇ ਕਾਲੇ ਦਿਨਾਂ ਨੂੰ ਉਨ੍ਹਾਂ ਨੇ ਖੁਦ ਮਾਝਾ ਖੇਤਰ ’ਚ ਵੇਖਿਆ ਹੈ ਅਤੇ ਉਸ ਸਮੇਂ ਅੱਤਵਾਦੀਆਂ ਦੇ ਡਰ ਕਾਰਨ ਸ਼ਾਮ ਦੇ ਸਮੇਂ ਦੁਕਾਨਾਂ ਬੰਦ ਹੋ ਜਾਇਆ ਕਰਦੀਆਂ ਸਨ। ਕੋਈ ਵੀ ਵਿਅਕਤੀ ਸੜਕਾਂ ’ਤੇ ਵਿਖਾਈ ਨਹੀਂ ਦਿੰਦਾ ਸੀ। ਕੈਬਨਿਟ ਮੰਤਰੀ ਨੇ ਕਿਹਾ ਕਿ ਪਟਿਆਲਾ ’ਚ ਹਿੰਸਕ ਝੜਪਾਂ ਕਰਨ ਵਾਲਿਆਂ ਨੂੰ ਪੰਜਾਬ ਦੀ ਜਨਤਾ ਕਿਸੇ ਵੀ ਕੀਮਤ ’ਤੇ ਮੁਆਫ ਕਰਨ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਨੂੰ ਮਿਲੇ ਭਾਰੀ ਫਤਵੇ ਕਾਰਨ ਕਈ ਵਿਰੋਧੀ ਪਾਰਟੀਆਂ ’ਚ ਡਰ ਦੀ ਭਾਵਨਾ ਵੇਖੀ ਜਾ ਰਹੀ ਹੈ। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਬਜਾਏ ਭਗਵੰਤ ਮਾਨ ਸਰਕਾਰ ਨੂੰ ਆਪਣਾ ਸਹਿਯੋਗ ਦੇਣ, ਤਾਂ ਕਿ ਸ਼ਾਂਤੀ ਵਿਵਸਥਾ ਨੂੰ ਸਥਾਈ ਤੌਰ ’ਤੇ ਲਾਗੂ ਕੀਤਾ ਜਾ ਸਕੇ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਮਾਂ ਅਜਿਹਾ ਹੈ, ਜਦੋਂ ਪੰਜਾਬ ਦੇ ਗੁਆਂਢੀ ਦੇਸ਼ ਵੱਲੋਂ ਵੀ ਸੂਬੇ ਦੇ ਹਾਲਾਤ ਵੱਲ ਵੇਖਿਆ ਜਾ ਰਿਹਾ ਹੈ। ਪੰਜਾਬ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਅਜਿਹੀ ਸਥਿਤੀ ’ਚ ਪੰਜਾਬ ’ਚ ਹੋਰ ਵੀ ਚੌਕਸੀ ਵਰਤਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ: ਪਟਿਆਲਾ ਦੀ ਘਟਨਾ 'ਤੇ ਬੋਲੇ ਸੁਨੀਲ ਜਾਖੜ, ਸ਼ਰਾਰਤੀ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ
ਕੈਬਨਿਟ ਮੰਤਰੀ ਨੇ ਕਿਹਾ ਕਿ ਪਟਿਆਲਾ ’ਚ ਹਿੰਸਕ ਘਟਨਾਵਾਂ ਦੇ ਪਿੱਛੇ ਜਿਨ੍ਹਾਂ-ਜਿਨ੍ਹਾਂ ਸੰਗਠਨਾਂ ਦਾ ਹੱਥ ਹੈ, ਉਨ੍ਹਾਂ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਸਟੈਂਡ ਲਿਆ ਹੈ ਕਿ ਅਜਿਹੇ ਕਿਸੇ ਵੀ ਸੰਗਠਨ ਨੂੰ ਸੂਬਾ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਸਹਿਣ ਨਹੀਂ ਕਰਨਗੀਆਂ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਸੰਗਠਨਾਂ ਨੇ ਵੀ ਪਟਿਆਲਾ ’ਚ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਤੈਅ ਹੈ। ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਕਈ ਖ਼ੁਲਾਸੇ ਭਗਵੰਤ ਮਾਨ ਸਰਕਾਰ ਵੱਲੋਂ ਪਟਿਆਲਾ ਦੀਆਂ ਹਿੰਸਕ ਝੜਪਾਂ ਨੂੰ ਲੈ ਕੇ ਕੀਤੇ ਜਾਣਗੇ।
ਸਮੁੱਚੀਆਂ ਵਿਰੋਧੀ ਧਿਰਾਂ ‘ਆਪ’ ਸਰਕਾਰ ਦੇ ਕ੍ਰਾਂਤੀਕਾਰੀ ਕਦਮਾਂ ਤੋਂ ਬੌਖਲਾ ਗਈਆਂ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਹਾਲ ਹੀ ’ਚ ਚੁੱਕੇ ਗਏ ਕ੍ਰਾਂਤੀਕਾਰੀ ਅਤੇ ਲੋਕ ਕਲਿਆਣ ਦੇ ਕਦਮਾਂ ਕਾਰਨ ਸਮੁੱਚੀਆਂ ਵਿਰੋਧੀ ਧਿਰਾਂ ਬੌਖਲਾ ਗਈਆਂ ਹਨ, ਜਿਸ ’ਚ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਸਾਰੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇਕ ਸੰਵੇਦਨਸ਼ੀਲ ਦੌਰ ’ਚੋਂ ਲੰਘ ਕੇ ਬਾਹਰ ਨਿਕਲਿਆ ਹੈ। ਅਜਿਹੀ ਸਥਿਤੀ ’ਚ ਵਿਰੋਧੀ ਧਿਰ ਨੂੰ ਪੰਜਾਬ ਦੇ ਹਾਲਾਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕਿਸੇ ਵੀ ਸਥਿਤੀ ’ਚ ਕਿਸੇ ਵੀ ਸੰਗਠਨ ਜਾਂ ਪਾਰਟੀ ਨੂੰ ਕਾਨੂੰਨ-ਵਿਵਸਥਾ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੇ ਨਿਸ਼ਾਨੇ 'ਤੇ 'ਆਪ', ਪੰਚਾਇਤ ਮੰਤਰੀ ਧਾਲੀਵਾਲ 'ਤੇ ਲਾਇਆ ਵੱਡਾ ਇਲਜ਼ਾਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ