ਪੰਚਾਇਤੀ ਚੋਣਾਂ ਨੂੰ ਲੈ ਕੇ ਭੱਖੇ ਅਖਾੜੇ, ਪਰ ਵਿਕਾਸ ਪੱਖੋਂ ਵਾਂਝੇ ਕਈ ਇਲਾਕੇ
Saturday, Dec 22, 2018 - 06:39 PM (IST)

ਜਲੰਧਰ (ਮਹੇਸ਼)— ਪੰਜਾਬ 'ਚ ਪੰਚਾਇਤੀ ਚੋਣਾਂ 'ਚ ਬੀਤੇ ਦਿਨ ਨਾਮਜ਼ਦਗੀਆਂ ਵਾਪਸ ਲਏ ਜਾਣ ਤੋਂ ਬਾਅਦ ਚੋਣ ਅਖਾੜਾ ਪੂਰੀ ਤਰ੍ਹਾਂ ਜੋਬਨ 'ਤੇ ਆ ਗਿਆ ਹੈ ਅਤੇ ਵਫਾਦਾਰੀਆਂ ਦੇ ਢੋਲ ਪਿੱਟੇ ਜਾ ਰਹੇ ਹਨ। ਕੌਣ ਹਾਰਦਾ ਜਾਂ ਜਿੱਤਦਾ ਹੈ, ਇਸ ਦਾ ਪਤਾ ਤਾਂ 30 ਨੂੰ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਪਿੰਡਾਂ 'ਚ ਹੁਣ ਤੋਂ ਹੀ ਸ਼ਰਾਬ-ਮੁਰਗੇ ਦੇ ਸ਼ੌਕੀਨਾਂ ਦੀਆਂ ਪੌਂ-ਬਾਰਾਂ ਹੋਈਆਂ ਪਈਆਂ ਹਨ।
ਕਈ ਪਿੰਡਾਂ 'ਚ ਤਾਂ ਇਕੋ ਵਿਅਕਤੀ ਚੌਥੀ ਵਾਰ ਵੀ ਸਰਪੰਚੀ 'ਤੇ ਚੋਣ ਲੜ ਰਹੇ ਹਨ। ਹਾਲਾਂਕਿ ਵਿਕਾਸ ਪੱਖੋਂ ਉਨ੍ਹਾਂ ਦੇ ਪਿੰਡ ਫਾਡੀ ਪਿੰਡਾਂ ਦੀ ਸ਼੍ਰੇਣੀ 'ਚ ਆਉਂਦੇ ਹਨ। ਬਦਕਿਸਮਤੀ ਇਹ ਹੈ ਕਿ ਹਰ 5 ਸਾਲ ਬਾਅਦ ਪੰਚ-ਸਰਪੰਚ ਤਾਂ ਬਣ ਜਾਂਦੇ ਹਨ ਪਰ ਉਨ੍ਹਾਂ ਦਾ ਵਿਜ਼ਨ ਕੀ ਹੁੰਦਾ ਹੈ, ਖੁਦ ਉਨ੍ਹਾਂ ਨੂੰ ਵੀ ਪਤਾ ਨਹੀਂ ਹੁੰਦਾ। ਸੱਤਾਧਾਰੀ ਹਮੇਸ਼ਾ ਯੂਥ ਨੂੰ ਅੱਗੇ ਕਰਨ ਦੀ ਤਾਕੀਦ ਕਰਦੇ ਹਨ ਪਰ ਪਿੰਡਾਂ 'ਚ ਇਸ ਵੱਲ ਵੀ ਕੋਈ ਧਿਆਨ ਨਹੀਂ ਦਿੰਦਾ।
ਬੀਤੇ ਦਿਨ 'ਜਗ ਬਾਣੀ' ਦੀ ਟੀਮ ਨੇ ਰਾਮਾ ਮੰਡੀ ਦੇ ਨੇੜਲੇ ਪਿੰਡਾਂ ਦਾ ਦੌਰਾ ਕੀਤਾ ਤਾਂ ਪਿੰਡਾਂ ਦੇ ਹਾਲਾਤ 'ਚ ਕੋਈ ਤਬਦੀਲੀ ਨਹੀਂ ਆਈ। ਥਾਂ-ਥਾਂ 'ਤੇ ਗੰਦਗੀ ਦੇ ਢੇਰ ਨਜ਼ਰ ਆਏ। ਛੱਪੜਾਂ ਦੀ ਕੋਈ ਸਾਫ-ਸਫਾਈ ਨਹੀਂ, ਉਥੋਂ ਲੰਘਣਾ ਵੀ ਬਹੁਤ ਔਖਾ ਹੈ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪੰਚਾਇਤਾਂ ਸਿਰਫ ਵੋਟਾਂ ਦੌਰਾਨ ਲੋਕਾਂ ਨੂੰ ਗੁੰਮਰਾਹ ਹੀ ਕਰਦੀਆਂ ਆਈਆਂ ਹਨ। ਕਈ ਲੋਕਾਂ ਦਾ ਕਹਿਣਾ ਸੀ ਕਿ ਪਿੰਡਾਂ 'ਚ ਸਰਪੰਚੀ ਨੂੰ ਮਲਾਈਦਾਰ ਅਹੁਦੇ ਸਮਝ ਕੇ ਕੁਝ ਲੋਕ ਬਿਨਾਂ ਕਿਸੇ ਪ੍ਰਤਿਭਾ ਦੇ ਇਸ ਦੌੜ 'ਚ ਸ਼ਾਮਲ ਹਨ। ਕੀ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੜ੍ਹੇ-ਲਿਖੇ ਅਤੇ ਅਗਾਂਹਵਧੂ ਸੋਚ ਵਾਲੇ ਨੌਜਵਾਨ ਇਸ ਪ੍ਰਤੀ ਜਾਗਰੂਕ ਕਰਨ ਲਈ ਵੱਡੇ ਪੱਧਰ 'ਤੇ ਕੋਈ ਮੁਹਿੰਮ ਸ਼ੁਰੂ ਨਹੀਂ ਕਰ ਸਕਦੇ ਕਿਉਂਕਿ ਉਹ ਪਿੰਡ ਹੀ ਵਿਕਾਸ ਦੇ ਮਾਮਲੇ 'ਚ ਅੱਗੇ ਵਧ ਸਕਦੇ ਹਨ, ਜਿਨ੍ਹਾਂ ਦੇ ਪੰਚ-ਸਰਪੰਚ ਆਪਣਾ ਹਿੱਤ ਨਾ ਦੇਖਦੇ ਹੋਏ ਆਮ ਲੋਕਾਂ ਦੀ ਆਵਾਜ਼ ਬਣ ਕੇ ਅੱਗੇ ਹੋ ਕੇ ਕੰਮ ਕਰਨ। ਪਿੰਡਾਂ ਦੀ ਤਰਸਯੋਗ ਹਾਲਤ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਅਸੀਂ ਪੰਜਾਬ 'ਚ ਨਹੀਂ ਸਗੋਂ ਬਿਹਾਰ, ਯੂ. ਪੀ. ਦੇ ਉਨ੍ਹਾਂ ਪਿੰਡਾਂ 'ਚੋਂ ਲੰਘ ਰਹੇ ਹਾਂ, ਜਿਨ੍ਹਾਂ ਦੀ ਸਰਕਾਰ ਨੇ ਕਦੇ ਸਾਰ ਹੀ ਨਾ ਲਈ ਹੋਵੇ।
ਪਤਾਰਾ ਪਿੰਡ ਦੀ ਤਰਸਯੋਗ ਹਾਲਤ
ਪਤਾਰਾ ਪਿੰਡ ਦਾ ਦੌਰਾ ਕਰਨ ਉਪਰੰਤ ਦੇਖਿਆ ਗਿਆ ਕਿ ਪਿੰਡ ਦੀਆਂ ਗਲੀਆਂ 'ਚ ਥਾਂ-ਥਾਂ ਕੂੜੇ ਦੇ ਢੇਰਾਂ ਦੇ ਦਰਸ਼ਨ ਹੋ ਰਹੇ ਸਨ। ਪਿੰਡ ਦੀ ਰਾਮਲੀਲਾ ਗਰਾਊਂਡ ਦੀ ਇੰਨੀ ਬੁਰੀ ਹਾਲਤ ਸੀ ਕਿ ਗੰਦੇ ਪਾਣੀ ਦੀ ਬਦਬੂ ਕਿਸੇ ਨਾ ਕਿਸੇ ਬੀਮਾਰੀ ਦਾ ਭਿਆਨਕ ਰੂਪ ਧਾਰਨ ਕਰ ਸਕਦੀ ਹੈ। ਕਈ ਸਾਲ ਪਹਿਲਾਂ ਬੱਸ ਅੱਡਾ ਬਣਾਉਣ ਦੀ ਤਜਵੀਜ਼ ਵਾਲੀ ਥਾਂ 'ਤੇ ਪਿਆ ਗੰਦ ਵਿਕਾਸ ਦੀ ਤਸਵੀਰ ਪੇਸ਼ ਕਰਦਾ ਸੀ। ਵਿਕਾਸ ਲਈ ਤਰਸੇ ਇਸ ਪਿੰਡ ਦਾ ਮੁਹਾਂਦਰਾ ਬਦਲਣ ਲਈ ਕੋਈ ਸਰਪੰਚ ਪ੍ਰਣ ਵੀ ਲਵੇਗਾ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਭੋਜੋਵਾਲ 'ਚ ਵੀ ਕੁਝ ਨਹੀਂ ਬਦਲਿਆ
ਪਿੰਡ ਭੋਜੋਵਾਲ ਵੀ ਵਿਕਾਸ ਦੇ ਮਾਮਲੇ 'ਚ ਫਾਡੀ ਹੀ ਰਿਹਾ ਹੈ। ਗੰਦਗੀ ਦਾ ਆਲਮ ਇਹ ਸੀ ਕਿ ਸੜਕਾਂ ਅਤੇ ਗਲੀਆਂ 'ਚ ਥਾਂ-ਥਾਂ ਟੋਏ ਪਏ ਹੋਏ ਹਨ। ਛੱਪੜ ਦੀ ਇੰਨੀ ਬੁਰੀ ਹਾਲਤ ਹੈ ਕਿ ਉਥੇ ਵੱਸਦੇ ਲੋਕਾਂ ਲਈ ਜੀਅ ਦਾ ਜੰਜਾਲ ਬਣਿਆ ਹੋਇਆ। ਨਵੇਂ ਪੰਜਾਬ ਨੂੰ ਪਿੰਡਾਂ ਦੀਆਂ ਦਰਪੇਸ਼ ਸਮੱਸਿਆਵਾਂ ਵੱਲ ਵਿਸ਼ੇਸ਼ ਤਵੱਜੋ ਦੇਣ ਦੀ ਲੋੜ ਹੈ
ਪਰਸਰਾਮਪੁਰ 'ਚ ਵੀ ਗੰਦਗੀ ਦਾ ਆਲਮ
ਪਿੰਡ ਪਰਸਰਾਮਪੁਰ ਵੀ ਵਿਕਾਸ ਪੱਖੋਂ ਫਾਡੀ ਹੀ ਹੈ। ਕੂੜੇ-ਕਰਕਟ ਨੂੰ ਸੰਭਾਲਣ ਦੀ ਕੋਈ ਵਿਵਸਥਾ ਨਹੀਂ ਹੈ। ਸੜਕ 'ਤੇ ਬੱਜਰੀ ਦਾ ਖਿਲਾਰਾ ਪਿਆ ਹੋਇਆ, ਸੜਕ ਦਾ ਨਿਰਮਾਣ ਕਦੋਂ ਹੋਵੇਗਾ, ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪਿੰਡ ਚਾਂਦਪੁਰ ਨੂੰ ਆਉਂਦੇ ਰਸਤੇ ਦੀ ਹਾਲਤ ਤਾਂ ਹੁਣ ਠੀਕ ਹੈ ਪਰ ਬਾਕੀਆਂ 'ਤੇ ਲੱਗਦਾ ਹੈ ਕਿ ਪੰਚਾਇਤ ਦੀ ਨਜ਼ਰ ਹੀ ਨਹੀਂ ਪਈ। ਨਵੀਂ ਬਣੀ ਪੰਚਾਇਤ ਨੂੰ ਪਿੰਡ ਦੇ ਚੌਗਿਰਦੇ ਨੂੰ ਸਾਫ-ਸੁਥਰਾ ਬਣਾਉਣ ਲਈ ਅਣਥੱਕ ਕਾਰਜ ਆਰੰਭਣੇ ਹੋਣਗੇ।
ਮੁਜ਼ੱਫਰਪੁਰ ਵਿਕਾਸ ਨੂੰ ਤਰਸ ਰਿਹਾ ਹੈ
ਪਿੰਡ ਮੁਜ਼ੱਫਰਪੁਰ ਵੀ ਵਿਕਾਸ ਨੂੰ ਤਰਸ ਰਿਹਾ ਹੈ। ਉਥੇ ਵੀ ਸੜਕ 'ਚ ਪਏ ਖੱਡਿਆਂ ਨਾਲ ਰਾਹੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਲੀਆਂ-ਨਾਲੀਆਂ ਅਤੇ ਛੱਪੜ ਦੀ ਹਾਲਤ ਵੀ ਕਾਫੀ ਤਰਸਯੋਗ ਹੈ। ਪਿੰਡ ਦੇ ਮੌਜੂਦਾ ਸਰਪੰਚ ਦੇ ਘਰ ਦੇ ਬਾਹਰ ਵੀ ਬੇਸ਼ੁਮਾਰ ਗੰਦਗੀ ਫੈਲੀ ਹੋਈ ਹੈ, ਜਿਸ ਤੋਂ ਸਾਬਤ ਹੋ ਰਿਹਾ ਸੀ ਕਿ ਪਿੰਡ ਦਾ ਵਿਕਾਸ ਕਿੰਨਾ ਕੁ ਹੋਇਆ ਹੋਵੇਗਾ।
ਚਾਂਦਪੁਰ ਦੀ ਦੁਰਦਸ਼ਾ ਪਰ ਆਸ ਦਾ ਪੱਲਾ ਨਹੀਂ ਛੱਡਿਆ
ਪਿੰਡ ਚਾਂਦਪੁਰ 'ਚ ਥੋੜ੍ਹਾ-ਬਹੁਤ ਵਿਕਾਸ ਤਾਂ ਹੋਇਆ ਪਰ ਕੂੜਾ-ਕਰਕਟ ਤੇ ਹੋਰ ਸਮੱਸਿਆਵਾਂ ਭਿਆਨਕ ਰੂਪ ਧਾਰਨ ਕਰ ਗਈਆਂ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ 'ਚ ਵਿਕਾਸ ਤਾਂ ਹੋਇਆ ਨਹੀਂ ਪਰ ਕੁਝ ਲੋਕਾਂ ਨੇ ਆਪਣਾ ਵਿਕਾਸ ਕਰ ਹੀ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਨਵੀਂ ਪੰਚਾਇਤ ਤੋਂ ਹੁਣ ਉਨ੍ਹਾਂ ਦੀ ਆਸ ਨੂੰ ਬੂਰ ਜ਼ਰੂਰ ਪਵੇਗਾ ਅਤੇ ਉਨ੍ਹਾਂ ਦਾ ਪਿੰਡ ਵਿਕਾਸ ਦੀ ਲੀਹ 'ਤੇ ਨਿਰੰਤਰ ਚੱਲਣ ਲੱਗ ਪਵੇਗਾ।