ਕੂੜਾ ਚੁੱਕਣ ਤੇ ਝੁੱਗੀਆਂ ''ਚ ਰਹਿਣ ਵਾਲੀ ਸੰਧਿਆ ਬਣੀ ''ਪੰਚ''

12/22/2018 2:58:55 PM

ਜਲੰਧਰ— ਕਹਿੰਦੇ ਨੇ ਜੇਕਰ ਮਨ 'ਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਇਨਸਾਨ ਕਈ ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ ਆਪਣੀ ਮੰਜ਼ਿਲ ਨੂੰ ਪਾ ਹੀ ਲੈਂਦਾ ਹੈ। ਅਜਿਹਾ ਹੀ ਕੁਝ ਕਰਕੇ ਦਿਖਾਇਆ ਹੈ ਕੂੜਾ ਚੁੱਕਣ ਵਾਲੀ ਅਤੇ ਝੁੱਗੀਆਂ 'ਚ ਰਹਿਣ ਵਾਲੀ ਸੰਧਿਆ ਨੇ, ਜੋ ਸਰਬਸੰਮਤੀ ਦੇ ਨਾਲ ਕੰਗ ਸਾਬੂ ਦੀ 'ਪੰਚ' ਬਣੀ ਅਤੇ ਕੰਗ ਸਾਬੂ ਲਈ ਇਕ ਨਵੀਂ ਸਵੇਰ ਲੈ ਕੇ ਆਈ।  ਦੱਸਣਯੋਗ ਹੈ ਕਿ ਜਲੰਧਰ ਵਿਖੇ ਝੁੱਗੀਆਂ 'ਚ ਰਹਿਣ ਵਾਲੀ ਸੰਧਿਆ ਪੰਚਾਇਤੀ ਚੋਣਾਂ 'ਚ ਪੰਚੀ ਲਈ ਕੀ ਖੜ੍ਹ ਗਈ ਕਿ ਕਾਗਜ਼ ਵਾਪਸ ਲੈਣ ਦੀ ਆਖਰੀ ਤਰੀਕ ਤੱਕ ਵੀ ਉਸ 'ਤੇ ਕਾਗਜ਼ ਵਾਪਸ ਲੈਣ ਦਾ ਦਬਾਅ ਪਾਇਆ ਜਾਂਦਾ ਰਿਹਾ ਪਰ ਸੰਧਿਆ ਅੜੀ ਰਹੀ ਅਤੇ ਉਸ ਵਿਰੁੱਧ ਚੋਣ ਲੜਨ ਲਈ ਨਿੱਤਰੀਆਂ ਜਨਰਲ ਸ਼੍ਰੇਣੀ ਦੀਆਂ ਉਮੀਦਵਾਰ ਔਰਤਾਂ ਨੂੰ ਕਾਗਜ਼ ਵਾਪਸ ਲੈਣੇ ਪਏ। ਉਮੀਦਵਾਰ ਔਰਤਾਂ ਵੱਲੋਂ ਕਾਗਜ਼ ਵਾਪਸ ਲੈਣ ਦੇ ਨਾਲ ਸੰਧਿਆ ਕੰਗ ਸਾਬੂ ਦੀ 10 ਮੈਂਬਰੀ ਪੰਚਾਇਤ 'ਚ ਸਰਪੰਚ ਦੇਵ ਰਾਜ ਦੇ ਬਰਾਬਰ ਬੈਠਣ ਯੋਗ ਹੋ ਗਈ ਅਤੇ ਪੰਚ ਬਣ ਗਈ। 

ਦਰਅਸਲ ਸੰਧਿਆ (40) ਨੇ ਜਿਸ ਦਿਨ ਦੇ ਪੰਚੀ ਲਈ ਕਾਗਜ਼ ਭਰੇ ਸਨ, ਕਈਆਂ ਨੂੰ ਇਹ ਤਕਲੀਫ ਸੀ ਕਿ ਇਕ ਝੁੱਗੀਆਂ 'ਚ ਰਹਿਣ ਵਾਲੀ ਔਰਤ ਕਿਵੇਂ ਪੰਚ ਬਣ ਸਕਦੀ ਹੈ। ਸੰਧਿਆ ਦੱਸਦੀ ਹੈ ਕਿ ਉਸ 'ਤੇ ਨਾਮਜ਼ਦਗੀ ਵਾਲੇ ਦਿਨ ਵੀ ਦਬਾਅ ਪਾਇਆ ਗਿਆ ਅਤੇ ਫੇਰ ਹੁਣ ਕਾਗਜ਼ ਵਾਪਸ ਲੈਣ ਲਈ ਵੀ ਦਬਾਅ ਪਾਇਆ ਗਿਆ ਪਰ ਸੰਧਿਆ ਆਪਣੇ ਫੈਸਲੇ 'ਤੇ ਡਟੀ ਰਹੀ। ਜਦਕਿ ਰਸੂਖਵਾਨਾਂ ਨੇ ਝੁੱਗੀਆਂ ਵਾਲਿਆਂ ਦਾ ਬਾਈਕਾਟ ਕਰਨ ਦੀ ਧਮਕੀ ਤੱਕ ਵੀ ਦਿੱਤੀ। ਇਸ ਸਭ ਦੇ ਬਾਵਜੂਦ ਸੰਧਿਆ ਦੇ ਮੁਕਾਬਲੇ ਦੋ ਜਨਰਲ ਸ਼੍ਰੇਣੀ ਦੀਆਂ ਉਮੀਦਵਾਰ ਔਰਤਾਂ ਨੂੰ ਕਾਗਜ਼ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਸੜਕਾਂ ਤੋਂ ਕੂੜਾ ਚੁੱਕਣ ਵਾਲੀ ਸੰਧਿਆ ਨੇ ਪਹਿਲੀ ਵਾਰ ਚੋਣ ਲੜਨ ਦਾ ਤਹੱਈਆ ਕੀਤਾ ਅਤੇ ਸਾਰੇ ਉਸ ਨਾਲ ਸਹਿਮਤ ਹੋ ਗਏ।

ਜ਼ਿਕਰਯੋਗ ਹੈ ਕਿ ਪਿੰਡ ਕੰਗ ਸਾਬੂ 'ਚ ਇਸ ਵਾਰ ਸਰਪੰਚ ਦਾ ਅਹੁਦਾ ਰਾਖਵਾਂ ਸੀ। ਪਿੰਡ 'ਚ ਸਰਪੰਚ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਪਰ ਵਾਰਡ ਨੰਬਰ-5 ਦੇ 199 ਵੋਟਰਾਂ ਦੀ ਕੋਈ ਸਹਿਮਤੀ ਨਹੀਂ ਲਈ ਗਈ ਕਿਉਂਕਿ ਉਹ ਝੁੱਗੀਆਂ 'ਚ ਰਹਿੰਦੇ ਸਨ। ਪਿੰਡ 'ਚ ਦੂਜੀ ਵਾਰ ਪੰਚਾਇਤ ਸਹਿਮਤੀ ਨਾਲ ਬਣੀ ਹੈ ਪਰ ਇਨ੍ਹਾਂ 'ਚ ਝੁੱਗੀਆਂ 'ਚ ਰਹਿਣ ਵਾਲਿਆਂ ਦੀ ਸਹਿਮਤੀ ਲੈਣ ਦੀ ਕੋਈ ਲੋੜ ਨਹੀਂ ਸੀ ਸਮਝੀ ਗਈ। ਵਾਰਡ ਨੰਬਰ-5 'ਚ ਝੁੱਗੀਆਂ ਵਾਲਿਆਂ ਦੀਆਂ ਵੋਟਾਂ ਜ਼ਿਆਦਾ ਹਨ। ਇਹ ਵਾਰਡ ਜਨਰਲ ਔਰਤਾਂ ਲਈ ਰਾਖਵਾਂ ਕੀਤਾ ਗਿਆ ਸੀ। 

ਮੂਲ ਤੌਰ 'ਤੇ ਨਾਗਪੁਰ ਦੀ ਰਹਿਣ ਵਾਲੀ ਹੈ ਸੰਧਿਆ 
ਜ਼ਿਕਰਯੋਗ ਹੈ ਕਿ ਸੰਧਿਆ ਦਾ ਪਰਿਵਾਰ ਮੂਲ ਰੂਪ 'ਚ ਨਾਗਪੁਰ ਦਾ ਰਹਿਣ ਵਾਲਾ ਹੈ ਅਤੇ ਜਲੰਧਰ ਉਹ 50 ਸਾਲ ਤੋਂ ਰਹਿ ਰਹੇ ਹਨ। ਪਹਿਲਾਂ ਉਨ੍ਹਾਂ ਦਾ ਪਰਿਵਾਰ ਬੱਸ ਸਟੈਂਡ ਨੇੜੇ ਪਾਈਆਂ ਝੁੱਗੀਆਂ 'ਚ ਰਹਿੰਦਾ ਸੀ। ਇਸ ਤੋਂ ਬਾਅਦ ਜਦ ਬੱਸ ਅੱਡੇ ਦਾ ਨਵੀਨੀਕਰਨ ਕੀਤਾ ਗਿਆ ਤਾਂ ਉਨ੍ਹਾਂ ਨੂੰ ਉਥੋਂ ਉਜਾੜ ਕੇ ਰਾਮਾ ਮੰਡੀ ਨੇੜੇ ਵਸਾ ਦਿੱਤਾ ਗਿਆ। ਫੇਰ ਜਦੋਂ ਕੌਮੀ ਮਾਰਗ ਚਹੁੰ-ਮਾਰਗੀ ਹੋਣ ਲੱਗਾ ਤਾਂ ਰਾਮਾ ਮੰਡੀ ਤੋਂ ਵੀ ਉਨ੍ਹਾਂ ਨੂੰ ਉਜੜ ਕੇ ਕੰਗ ਸਾਬੂ ਪਿੰਡ ਨੇੜੇ ਚਿੱਟੀ ਵੇਈਂ ਕੋਲ ਵਸਣ ਲਈ ਮਜਬੂਰ ਹੋਣਾ ਪਿਆ। ਸੰਧਿਆ ਦੇ ਪਤੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਕੰਗ ਸਾਬੂ 'ਚ ਉਨ੍ਹਾਂ ਨੂੰ ਰਹਿੰਦਿਆਂ 20 ਸਾਲ ਹੋ ਗਏ ਹਨ। ਉਹ ਇਥੇ 1999 'ਚ ਆਏ ਸਨ ਅਤੇ ਇਥੇ ਹੀ ਉਨ੍ਹਾਂ ਦੀਆਂ ਵੋਟਾਂ ਬਣ ਗਈਆਂ ਸਨ। ਉਨ੍ਹਾਂ ਕਿਹਾ ਕਿ ਵੋਟ ਤਾਂ ਉਹ ਹਮੇਸ਼ਾ ਪਾਉਂਦੇ ਆਏ ਹਨ ਪਰ ਚੋਣਾਂ ਲੜਨ ਦਾ ਹੌਸਲਾ ਉਨ੍ਹਾਂ ਪਹਿਲੀ ਵਾਰ ਕੀਤਾ। ਉਨ੍ਹਾਂ ਨੇ ਇਸ ਲਈ ਪੇਂਡੂ ਮਜ਼ਦੂਰ ਯੂਨੀਅਨ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ। ਇਕ ਤੱਥ ਇਹ ਵੀ ਹੈ ਕਿ ਜਦੋਂ ਸੰਧਿਆ ਨੇ ਪੰਚੀ ਤੋਂ ਕਾਗਜ਼ ਵਾਪਸ ਨਾ ਲਏ ਤਾਂ ਵਿਰੋਧੀ ਧਿਰ ਦੀਆਂ ਉਮੀਦਵਾਰਾਂ ਨੂੰ ਅਹਿਸਾਸ ਹੋ ਗਿਆ ਕਿ ਝੁੱਗੀਆਂ ਵਾਲਿਆਂ ਕੋਲ ਵੋਟਾਂ ਜ਼ਿਆਦਾ ਹਨ ਅਤੇ ਉਨ੍ਹਾਂ ਨੇ ਹਾਰ ਤੋਂ ਡਰਦਿਆਂ ਕਾਗਜ਼ ਵਾਪਸ ਲੈ ਲਏ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਪੀਟਰ, ਅੰਮ੍ਰਿਤ ਅਤੇ ਵਿਕਾਸ ਦੀ ਹਾਜ਼ਰੀ 'ਚ ਜੇਤੂ ਧਿਰ ਨੇ ਕੇਕ ਵੀ ਕੱਟਿਆ।

ਚਾਨਣ ਅਤੇ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ ਵਾਰਡ ਨੰਬਰ-5
ਸੰਧਿਆ ਦੱਸਦੀ ਹੈ ਕਿ ਵਾਰਡ ਨੰਬਰ-5 'ਚ ਸਦਾ ਹਨੇਰਾ ਰਹਿੰਦਾ ਹੈ। ਇਥੇ ਪੀਣ ਵਾਲੇ ਪਾਣੀ ਦੀ ਸਹੂਲਤ ਤੱਕ ਨਹੀਂ ਹੈ। ਬੱਚਿਆਂ ਦੀ ਪੜ੍ਹਾਈ ਲਈ ਸਕੂਲ ਨਹੀਂ ਹੈ ਅਤੇ ਕੋਈ ਵੀ ਬੁਨਿਆਦੀ ਸਹੂਲਤ ਨਹੀਂ ਹੈ। ਹਰ ਪੰਜ ਸਾਲ ਬਾਅਦ ਉਨ੍ਹਾਂ ਕੋਲੋ ਵੋਟਾਂ ਮੰਗਣ ਤਾਂ ਆਗੂ ਆਉਂਦੇ ਹਨ ਪਰ ਲੋੜਾਂ ਕਦੇ ਨਹੀਂ ਪੂਰੀਆਂ ਹੋਈਆਂ।


shivani attri

Content Editor

Related News