ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਉਚਾ ਚੁੱਕਣ ’ਚ ਸ਼੍ਰੋਮਣੀ ਕਮੇਟੀ ਨੇ ਨਿਭਾਇਆ ਅਹਿਮ ਰੋਲ
Thursday, Sep 11, 2025 - 11:00 AM (IST)

ਅੰਮ੍ਰਿਤਸਰ (ਛੀਨਾ)- ਪੰਜਾਬ ਦੀ ਸਿਆਸਤ ’ਚ ਹਾਸ਼ੀਐ ’ਤੇ ਪਹੁੰਚ ਚੁੱਕੇ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਉਚਾ ਚੁੱਕਣ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਹਿਮ ਰੋਲ ਨਿਭਾਇਆ ਹੈ। ਮੌਜੂਦਾ ਹੜ੍ਹਾਂ ਦੇ ਹਾਲਾਤਾਂ ਦੌਰਾਨ ਮੁਸ਼ਕਲਾਂ ’ਚ ਘਿਰੇ ਲੋਕਾਂ ਦੀ ਮਦਦ ਵਾਸਤੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਜ਼ਿਲ੍ਹਾਂ ਜੱਥੇਦਾਰਾਂ, ਅਹੁੱਦੇਦਾਰਾਂ ਤੇ ਮੈਂਬਰਾਂ ਨੇ ਬਹੁਤ ਮਿਹਨਤ ਕੀਤੀ ਹੈ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਜਿਹੜੇ ਯਤਨ ਅਰੰਭੇ ਗਏ ਸਨ ਉਨ੍ਹਾਂ ਨੇ ਅਕਾਲੀ ਦਲ ਲਈ ਆਕਸੀਜਨ ਦਾ ਕੰਮ ਕੀਤਾ ਹੈ। ਜਿਸ ਨੂੰ ਕਿਸੇ ਵੀ ਹਾਲਤ ’ਚ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ- ਪੰਜਾਬ ਦੀ Latest Weather Update, ਜਾਣੋ 9 ਤੋਂ 13 ਸਤੰਬਰ ਤੱਕ ਦੀ ਵੱਡੀ ਭਵਿੱਖਬਾਣੀ
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ’ਚ ਹੜ੍ਹਾਂ ਦਾ ਪਰਛਾਵਾਂ ਪੈਂਦਿਆਂ ਹੀ ਪ੍ਰਭਾਵਤ ਇਲਾਕਿਆਂ ’ਚ ਲੰਗਰ ਸੇਵਾ ਅਰੰਭ ਕਰਨ ਦੇ ਨਾਲ-ਨਾਲ ਲੋਕਾਂ ਤੱਕ ਸੁੱਕੀ ਰਸਦ, ਪੀਣ ਲਈ ਪਾਣੀ, ਦਵਾਈਆਂ, ਡੀਜਲ ਤੇ ਹਰੇਕ ਜ਼ਰੂਰਤ ਦਾ ਸਾਮਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਸੀ। ਹੜ੍ਹਾਂ ਦੀ ਮਾਰ ਕਾਰਨ ਆਪਣੇ ਘਰ ਛੱਡ ਕੇ ਬੇਘਰ ਹੋ ਚੁੱਕੇ ਲੋਕਾਂ ਦੇ ਠਹਿਰਣ ਲਈ ਸ਼੍ਰੋਮਣੀ ਕਮੇਟੀ ਨੇ ਆਪਣੇ ਪ੍ਰਬੰਧਾਂ ਵਾਲੇ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ’ਚ ਅਜੇ ਵੀ ਰਹਿਣ ਦਾ ਪੂਰਾ ਬੰਦੋਬਸਤ ਕੀਤਾ ਹੋਇਆ ਹੈ। ਸ਼੍ਰੋਮਣੀ ਕਮੇਟੀ ਨੇ ਪੰਜਾਬ ’ਚ ਬਦਲਦੇ ਹਾਲਾਤਾਂ ਦੌਰਾਨ ਆਪਣੀਆਂ ਸੇਵਾਵਾਂ ’ਚ ਲਗਾਤਾਰ ਵਾਧਾ ਕਰਦਿਆਂ ਵੱਖ-ਵੱਖ ਇਲਾਕਿਆਂ ’ਚ ਫ੍ਰੀ ਮੈਡੀਕਲ ਚੈਕ ਅੱਪ ਕੈਂਪ ਲਗਾਉਣ ਸਮੇਤ ਆਪਣੇ ਹਸਪਤਾਲਾਂ ’ਚ ਹੜ੍ਹ ਪ੍ਰਭਾਵਤ ਲੋਕਾਂ ਲਈ ਮੁਫਤ ਇਲਾਜ ਕਰਵਾਉਣ ਦੀ ਸਹੂਲਤ ਸ਼ੁਰੂ ਕੀਤੀ, ਜਿਸ ਨਾਲ ਹਰ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਰਾਹਤ ਕਾਰਜਾਂ ਦੀਆਂ ਗੂੰਜਾਂ ਪੈਣ ਲੱਗ ਪਈਆ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 12 ਸਤੰਬਰ ਤੱਕ ਸਕੂਲ ਬੰਦ ਦਾ ਐਲਾਨ, DC ਨੇ ਦਿੱਤੇ ਹੁਕਮ
ਸਮੇਂ ਨਾਲ ਹੁਣ ਭਾਵੇਂ ਹਾਲਾਤਾਂ ’ਚ ਕੁਝ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾ ਵਾਲੇ ਗੁਰਦੁਆਰਾ ਸਾਹਿਬ ’ਚ ਅਜੇ ਵੀ ਲੋਕਾਂ ਲਈ ਸਭ ਸਹੂਲਤਾਂ ਨਿਰੰਤਰ ਜਾਰੀ ਹਨ ਜਿਥੋਂ ਲੋਕ ਲੰਗਰ ਤੇ ਸੁੱਕੀ ਰਸਦ ਲੈ ਕੇ ਜਾ ਰਹੇ ਹਨ। ਪੰਜਾਬ ’ਚ ਜਿਹੜੇ ਲੋਕ ਕਦੇ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਸਦੇ ਹੋਏ ਨਜ਼ਰ ਆਉਂਦੇ ਸਨ ਅੱਜ ਉਹੀ ਅਕਾਲੀ ਦਲ ਨੂੰ ਸਲਹਾਉਦੇ ਹੋਏ ਦੇਖੇ ਜਾ ਰਹੇ ਹਨ ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਹਦਾਇਤਾਂ ’ਤੇ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਸ਼੍ਰੋਮਣੀ ਕਮੇਟੀ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਪਣੀ ਤਨਖਾਹ ਵਿਚੋਂ ਹੜ੍ਹ ਪ੍ਰਭਾਵਤ ਲੋਕਾਂ ਦੀ ਵੱਡੀ ਮਦਦ ਕਰਕੇ ਸੇਵਾ ਭਾਵਨਾ ਦੀ ਜਿਹੜੀ ਮਿਸਾਲ ਪੈਦਾ ਕੀਤੀ ਹੈ, ਉਸ ਦੀ ਵੀ ਹਰ ਪਾਸੇ ਖੂਬ ਸੋਭਾ ਹੋ ਰਹੀ ਹੈ। ਬਹਿਰਹਾਲ 2027 ਦੀਆਂ ਵਿਧਾਨ ਸਭਾ ਚੋਣਾ ਦੇ ਨਤੀਜੇ ਚਾਹੇ ਕੁਝ ਵੀ ਹੋਣ ਪਰ ਫਿਲਹਾਲ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਰ ਪਾਸੇ ਬੱਲੇ-ਬੱਲੇ ਜ਼ਰੂਰ ਕਰਵਾ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8