ਪੰਜਾਬ ਨਾਲ ਅੱਜ ਵੀ ਕਿਸਾਨ ਅੰਦੋਲਨ ਵਾਲੀ ਖੁੰਦਕ ਰੱਖਦੇ ਹਨ ਪੀ. ਐੱਮ. ਮੋਦੀ : ਹਰਪਾਲ ਚੀਮਾ
Friday, Sep 19, 2025 - 10:42 AM (IST)

ਜਲੰਧਰ (ਰਮਨਦੀਪ ਸਿੰਘ ਸੋਢੀ)- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਾੜਾ ਰਵੱਈਆ ਵਰਤ ਰਹੀ ਹੈ। ਉਨ੍ਹਾਂ ਮੁਤਾਬਕ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਹੜ੍ਹ ਪੀੜਤਾਂ ਲਈ ਦਿੱਤੀ ਗਈ ਮਦਦ ਨਾਕਾਫੀ ਹੈ। ਚੀਮਾ ਦਾ ਕਹਿਣਾ ਕਿ ਇਹ ਸਭ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਨਾਲ ਅੱਜ ਵੀ ਕਿਸਾਨ ਅੰਦੋਲਨ ਵਾਲੀ ਖੁੰਦਕ ਰੱਖਦੇ ਹਨ। ਸੂਬੇ ਦੀ ਮਾਲੀ ਹਾਲਤ ’ਤੇ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਤਿੰਨ ਸਾਲਾਂ ਦਾ ਰੈਵੇਨਿਊ ਪਿਛਲੀ ਸਰਕਾਰ ਦੇ ਪੰਜ ਸਾਲਾਂ ਦੇ ਰੈਵੇਨਿਊ ਨਾਲੋਂ ਵੀ ਵੱਧ ਹੋ ਗਿਆ ਹੈ। ਇਸ ਇੰਟਰਵਿਊ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਆਰਥਿਕ ਸਥਿਤੀ, ਕੇਂਦਰ ਦੇ ਪੰਜਾਬ ਪ੍ਰਤੀ ਰਵੱਈਏ, ਹੜ੍ਹਾਂ ਦੀ ਮਾਰ ਤੋਂ ਮੁੜ-ਵਸੇਬੇ ਤਕ ਦੀ ਯੋਜਨਾਬੰਦੀ ਵਰਗੇ ਮੁੱਦਿਆਂ ’ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਪੇਸ਼ ਹੈ ਪੂਰੀ ਗੱਲਬਾਤ...
ਮਾਲੀ ਤੌਰ ’ਤੇ ਪੰਜਾਬ ਦੀ ਮੌਜੂਦਾ ਸਥਿਤੀ ਕੀ ਹੈ?
-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਕਮਾਈ ਕਾਂਗਰਸ ਰਾਜ ਦੇ 5 ਸਾਲਾਂ ਦੀ ਆਮਦਨ ’ਤੇ ਭਾਰੂ ਹੈ। ਕਾਂਗਰਸ ਨੇ 5 ਸਾਲਾਂ ਵਿਚ ਆਬਕਾਰੀ ਤੋਂ 27 ਹਜ਼ਾਰ ਕਰੋੜ ਕਮਾਇਆ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਿੰਨ ਸਾਲਾਂ ਵਿਚ ਹੀ 30 ਹਜ਼ਾਰ ਕਰੋੜ ਕਮਾ ਲਿਆ। ਇਸੇ ਤਰ੍ਹਾਂ ਕਾਂਗਰਸ ਨੇ ਜੀ. ਐੱਸ. ਟੀ. ਤੋਂ 60 ਹਜ਼ਾਰ ਕਰੋੜ ਕਮਾਇਆ ਸੀ ਤੇ ਅਸੀਂ ਹੁਣ ਤੱਕ 70 ਹਜ਼ਾਰ ਕਰੋੜ ਕਮਾ ਚੁੱਕੇ ਹਾਂ।
ਕਾਂਗਰਸ ਰਾਜ ਵੇਲੇ ਸਟੈਂਪ ਤੇ ਰਜਿਸਟ੍ਰੇਸ਼ਨ ਤੋਂ 12 ਹਜ਼ਾਰ ਕਰੋੜ ਰੁਪਏ ਖਜ਼ਾਨੇ ਵਿਚ ਆਏ ਸੀ, ਸਾਡੀ ਸਰਕਾਰ ਵੇਲੇ 16 ਹਜ਼ਾਰ ਕਰੋੜ ਰੁਪਏ ਆ ਚੁੱਕੇ ਹਨ। ਇਸ ਤਰ੍ਹਾਂ ਉਨ੍ਹਾਂ ਦੇ 5 ਸਾਲਾਂ ਦੇ ਰਾਜ ਦੇ ਮੁਕਾਬਲੇ ਸਾਡਾ ਤਿੰਨ ਸਾਲਾਂ ਦਾ ਕਾਰਜਕਾਲ ਕਿਤੇ ਬਿਹਤਰ ਤੇ ਅਗਾਂਹਵਧੂ ਹੈ। ਨਵੇਂ ਐਸੇਟ ਬਣਾਉਣ ’ਤੇ ਹੋਏ ਖਰਚਿਆਂ ਦੇ ਮਾਮਲੇ ਵਿਚ ਵੀ ਕਾਂਗਰਸ ਨੇ 5 ਸਾਲਾਂ ਵਿਚ 19 ਹਜ਼ਾਰ ਕਰੋੜ ਖਰਚਿਆ ਸੀ, ਉਹ ਵੀ ਅਖੀਰਲੇ ਸਾਲ ਵਿਚ, ਜਦਕਿ ਅਸੀਂ 25 ਹਜ਼ਾਰ ਕਰੋੜ ਰੁਪਏ ਖਰਚ ਚੁੱਕੇ ਹਾਂ। ਇਸ ਤਰ੍ਹਾਂ ਅਸੀਂ ਉਨ੍ਹਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਅਸੀਂ ਪੰਜਾਬ ਦੀ ਅਰਥਵਿਵਸਥਾ ਨੂੰ ਸੁਧਾਰਨ ’ਚ ਲੱਗੇ ਹੋਏ ਹਾਂ।
2017 ਵਿਚ ਜੀ. ਐੱਸ. ਟੀ. ਲਾਗੂ ਹੋਇਆ ਸੀ। ਜੇ ਪੰਜਾਬ ‘ਵਨ ਨੇਸ਼ਨ ਵਨ ਟੈਕਸ’ ਤਹਿਤ ਜੀ. ਐੱਸ. ਟੀ. ਅਪਨਾਉਣ ਦੀ ਜਗ੍ਹਾ ਵੈਟ ਜਾਂ ਐਕਸਾਈਜ਼ ਲਾਗੂ ਰੱਖਦਾ ਤਾਂ ਹੁਣ ਤੱਕ 1 ਲੱਖ 11 ਹਜ਼ਾਰ ਕਰੋੜ ਰੁਪਏ ਖਜ਼ਾਨੇ ਵਿਚ ਵਾਧੂ ਆਉਣੇ ਸਨ। ਪਹਿਲੇ ਪੰਜ ਸਾਲ ਕੇਂਦਰ ਨੇ ਪੰਜਾਬ ਨੂੰ 61 ਹਜ਼ਾਰ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ। ਅੱਜ ਵੀ ਅਸੀਂ 50 ਹਜ਼ਾਰ ਕਰੋੜ ਰੁਪਏ ਦੇ ਘਾਟੇ ਵਿਚ ਚੱਲ ਰਹੇ ਹਾਂ। ਹੁਣ ਕੇਂਦਰ ਨੇ ਜੀ. ਐੱਸ. ਟੀ. ਦਰਾਂ ਘਟਾ ਦਿੱਤੀਆਂ ਹਨ, ਅਸੀਂ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਾਂ ਪਰ ਵੇਖਣਾ ਇਹ ਹੋਵੇਗਾ ਕਿ ਕੀ ਇਸ ਦਾ ਫ਼ਾਇਦਾ ਆਮ ਲੋਕਾਂ ਤਕ ਪਹੁੰਚੇਗਾ? ਜੀ. ਐੱਸ. ਟੀ. ਨੇ ਸੂਬਿਆਂ ਦੀ ਅਰਥਵਿਵਸਥਾ ਨੂੰ ਤੋੜਿਆ ਹੈ। ਸੂਬਿਆਂ ਨੇ ਕੇਂਦਰ ਨੂੰ ਕਿਹਾ ਸੀ ਕਿ ਸਾਨੂੰ ਅਜੇ ਵੀ ਮੁਆਵਜ਼ੇ ਦੀ ਲੋੜ ਹੈ ਪਰ ਕੇਂਦਰ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਮਹਾਰਾਸ਼ਟਰ ਤੇ ਹਿਮਾਚਲ ਪ੍ਰਦੇਸ਼ ਵਾਂਗ ਬਹੁਤ ਸਾਰੇ ਸੂਬਿਆਂ ਦੀ ਅਰਥਵਿਵਸਥਾ ਡਿੱਗ ਚੁੱਕੀ ਹੈ, ਜਦਕਿ ਪੰਜਾਬ ਅੱਜ ਵੀ ਆਪਣੇ ਪੈਰਾਂ ’ਤੇ ਖੜ੍ਹਾ ਹੈ।
ਕੀ ਪੰਜਾਬ ਦੀ ਸਥਿਤੀ ‘ਆਮਦਨੀ ਅਠੰਨੀ ਖਰਚਾ ਰੁਪਈਆ’ ਵਰਗੀ ਹੈ?
-ਅਜਿਹੀ ਗੱਲ ਨਹੀਂ ਹੈ। ਅਸੀਂ ਆਪਣੀ ਆਮਦਨ ਵਧਾ ਰਹੇ ਹਾਂ ਤੇ ਖਰਚੇ ਘਟਾ ਰਹੇ ਹਾਂ। ‘ਵਨ ਐੱਮ. ਐੱਲ. ਏ. ਵਨ ਪੈਨਸ਼ਨ’ ਦੇ ਫ਼ੈਸਲੇ ਨਾਲ ਸਾਲਾਨਾ 25-30 ਕਰੋੜ ਰੁਪਏ ਬਚ ਰਹੇ ਹਨ। ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਬੱਚਤਾਂ ਦੇ ਨਾਲ ਹੀ ਸਮੁੰਦਰ ਭਰਦਾ ਹੈ। ਪਹਿਲਾਂ ਲੋਕਾਂ ਦਾ ਵਿਸ਼ਵਾਸ ਟੁੱਟ ਚੁੱਕਿਆ ਸੀ ਕਿ ਸਰਕਾਰ ਦਾ ਖਜ਼ਾਨਾ ਖ਼ਾਲੀ ਹੈ ਤੇ ਨੌਕਰੀਆਂ ਨਹੀਂ ਹਨ, ਜਿਸ ਕਾਰਨ ਨੌਜਵਾਨ ਵਿਦੇਸ਼ ਜਾ ਰਹੇ ਸਨ। ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ 56 ਹਜ਼ਾਰ ਨੌਕਰੀਆਂ ਦੇ ਚੁੱਕੀ ਹੈ।
ਪਹਿਲਾਂ ਕਾਲਜਾਂ ਵਿਚ ਦਾਖਲੇ ਘਟ ਗਏ ਸੀ, ਆਈਲੈਟਸ ਸੈਂਟਰਾਂ ਦੀ ਭਰਮਾਰ ਹੋ ਗਈ ਸੀ ਪਰ ਹੁਣ ਆਈਲੈਟਸ ਸੈਂਟਰ ਘੱਟ ਗਏ ਤੇ ਕਾਲਜਾਂ ਵਿਚ ਦਾਖ਼ਲੇ ਵਧ ਰਹੇ ਹਨ। ਅਕਾਲੀ-ਭਾਜਪਾ ਦੀ 10 ਸਾਲ ਦੀ ਸਰਕਾਰ ਵੇਲੇ ਸੂਬੇ ਵਿਚ ਨਸ਼ਿਆਂ ਦਾ ਹੜ੍ਹ ਆ ਗਿਆ ਤੇ 2017 ਤੋਂ 2022 ਤਕ ਕਾਂਗਰਸ ਨੇ ਕਿਹਾ ਕਿ ਖਜ਼ਾਨਾ ਖ਼ਾਲੀ ਹੈ, ਇਸ ਲਈ ਨੌਕਰੀਆਂ ਨਹੀਂ ਦੇ ਸਕਦੇ। ਅਸੀਂ ਦੁਬਾਰਾ ਨੌਜਵਾਨਾਂ ਵਿਚ ਭਰੋਸਾ ਭਰ ਦਿੱਤਾ ਹੈ। ਹੁਣ ਆਈਲੈਟਸ ਸੈਂਟਰਾਂ ਦੀ ਜਗ੍ਹਾ ਸਰਕਾਰੀ ਨੌਕਰੀਆਂ ਦੇ ਕੋਚਿੰਗ ਸੈਂਟਰ ਖੁੱਲ੍ਹਣ ਲੱਗ ਪਏ ਹਨ।
ਲੋਕ ਕਹਿੰਦੇ ਹਨ ਕਿ ਸਿਆਸਤਦਾਨਾਂ ਦੇ ਖਰਚੇ ਘਟਾਉਣੇ ਚਾਹੀਦੇ ਹਨ, ਕੀ ਕਹੋਗੇ?
-ਸਿਆਸਤਦਾਨਾਂ ਦੀ ਜ਼ਿਆਦਾ ਤਨਖ਼ਾਹ ਨਹੀਂ ਹੁੰਦੀ। ਵਿਧਾਇਕ ਦੀ ਤਨਖ਼ਾਹ 25 ਹਜ਼ਾਰ ਰੁਪਏ ਹੈ, ਜੋ ਭੱਤੇ ਆਦਿ ਮਿਲਾ ਕੇ 1 ਲੱਖ ਤੋਂ ਘੱਟ ਰਹਿੰਦੀ ਹੈ। ਮੰਤਰੀ ਤੇ ਸੰਸਦ ਮੈਂਬਰਾਂ ਦੀ ਤਨਖ਼ਾਹ 50-50 ਹਜ਼ਾਰ ਰੁਪਏ ਹੈ। ਹਿਮਾਚਲ ਤੇ ਤੇਲੰਗਾਨਾ ਵਰਗੇ ਸੂਬਿਆਂ ਵਿਚ ਸਿਆਸਤਦਾਨਾਂ ਦੀਆਂ ਤਨਖ਼ਾਹਾਂ ਪੰਜਾਬ ਦੇ ਮੁਕਾਬਲੇ ਕਿਤੇ ਵੱਧ ਹਨ।
ਵਿਰੋਧੀ ਕਹਿੰਦੇ ਹਨ ਕਿ ਤੁਸੀਂ ਕਰਜ਼ੇ ਨਾਲ ਮੁਫਤ ਦੀਆਂ ਰਿਉੜੀਆਂ ਵੰਡ ਰਹੇ ਹੋ?
-ਸਰਕਾਰ ਲੋਕਾਂ ਦੀ ਭਲਾਈ ਲਈ ਹੁੰਦੀ ਹੈ। ਜੇ ਸਰਕਾਰ ਦੇ ਖਜ਼ਾਨੇ ਵਿਚ ਪੈਸੇ ਇਕੱਠੇ ਹੋ ਰਹੇ ਹਨ ਤਾਂ ਲੋਕਾਂ ਨੂੰ ਸਹੂਲਤਾਂ ਦੇਣਾ ਸਾਡਾ ਪਹਿਲਾ ਫਰਜ਼ ਹੈ। ਕਾਂਗਰਸ ਰਾਜ ਵੇਲੇ ਤਿੰਨ ਸਾਲ ਲਾਕਡਾਊਨ ਲੱਗਿਆ ਰਿਹਾ ਤੇ ਖਰਚੇ ਜ਼ੀਰੋ ’ਤੇ ਆ ਗਏ ਸਨ ਪਰ ਉਸ ਸਮੇਂ ਵੀ ਪੰਜਾਬ ਸਿਰ 1 ਲੱਖ 5 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਚੜ੍ਹਿਆ। 60 ਹਜ਼ਾਰ ਕਰੋੜ ਰੁਪਏ ਕੇਂਦਰ ਸਰਕਾਰ ਵੱਲੋਂ ਮੁਆਵਜ਼ਾ ਵੀ ਆਇਆ। ਅਸੀਂ ਤਾਂ ਆਪਣੇ ਪੈਰਾਂ ’ਤੇ ਖੜ੍ਹੇ ਹੋ ਰਹੇ ਹਾਂ। ਸਾਡੇ ਕੋਲ ਦਿਖਾਉਣ ਲਈ ਜਾਇਦਾਦਾਂ ਹਨ ਤਾਂ ਹੀ ਕੇਂਦਰ ਤੋਂ ਕਰਜ਼ਾ ਮਿਲ ਰਿਹਾ ਹੈ। ਪਿਛਲੀਆਂ ਸਰਕਾਰਾਂ ਦੇ ਵੇਲੇ ਦਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲ 9600 ਕਰੋੜ ਰੁਪਏ ਬਕਾਇਆ ਸੀ, ਉਸ ਦਾ ਭੁਗਤਾਨ ਅਸੀਂ ਕੀਤਾ ਹੈ। ਸਾਰੇ ਬੈਂਕਾਂ ਦੇ ਹਾਲਾਤ ਬਹੁਤ ਮਾੜੇ ਸੀ ਤੇ ਉਹ ਬੰਦ ਹੋਣ ਵਾਲੇ ਸਨ, ਅਸੀਂ ਹਾਲਾਤ ਨੂੰ ਸੁਧਾਰਿਆ ਹੈ। ਐੱਸ. ਸੀ./ਐੱਸ. ਟੀ. ਵਿਦਿਆਰਥੀਆਂ ਦੀ ਸਕਾਲਰਸ਼ਿਪ ਦਾ ਪੈਸਾ ਰੁਕਿਆ ਪਿਆ ਸੀ। ਇਹ ਸਾਰੀਆਂ ਦੇਣਦਾਰੀਆਂ ਅਸੀਂ ਆਉਂਦੇ ਸਾਰ ਭੁਗਤਾਈਆਂ, ਤਾਂ ਹੀ ਪੰਜਾਬ ਦੀ ਅਰਥਵਿਵਸਥਾ ਪੈਰਾਂ ਸਿਰ ਹੈ ਤੇ ਲੋਕਾਂ ਦਾ ਸਰਕਾਰ ’ਚ ਵਿਸ਼ਵਾਸ ਵਧਿਆ ਹੈ।
ਤੁਹਾਨੂੰ ਹੜ੍ਹਾਂ ਵੇਲੇ ਪੰਚਾਇਤਾਂ ਤੋਂ ਪੈਸੇ ਵਾਪਸ ਕਿਉਂ ਮੰਗਵਾਉਣੇ ਪਏ?
-ਅਸੀਂ ਬਹੁਤ ਸਾਰੇ ਵਿਭਾਗਾਂ ਤੋਂ ਪੈਸੇ ਲਿਆ ਕੇ ਹੜ੍ਹ ਪੀੜਤਾਂ ਦੀ ਮਦਦ ਕਰਨ ’ਤੇ ਲਗਾ ਰਹੇ ਹਾਂ ਤੇ ਨਾਲ ਹੀ ਉਨ੍ਹਾਂ ਨੂੰ ਵਾਪਸ ਵੀ ਕਰ ਦੇਵਾਂਗੇ। ਅਸੀਂ ਜਿੱਥੋਂ ਵੀ ਪੈਸੇ ਲੈ ਰਹੇ ਹਾਂ, ਨਾਲ ਹੀ ਵਾਪਸ ਵੀ ਕਰ ਰਹੇ ਹਾਂ। ਇਸ ਵੇਲੇ ਸਾਨੂੰ ਹੜ੍ਹ ਪੀੜਤਾਂ ਦੇ ਨਾਲ ਖੜ੍ਹਨ ਦੀ ਲੋੜ ਹੈ। ਅਸੀਂ ਜਿੱਥੋਂ-ਜਿੱਥੋਂ ਵੀ ਪੈਸਾ ਲਿਆ ਹੈ, ਅਗਲੇ 1-2 ਮਹੀਨਿਆਂ ਦੇ ਅੰਦਰ ਵਾਪਸ ਕਰ ਦੇਵਾਂਗੇ।
ਬਾਜਵਾ ਕਹਿੰਦੇ ਹਨ ਕਿ ਜਿੱਥੇ ਲੋਕਾਂ ਦੇ ਘਰ ਰੁੜ੍ਹ ਗਏ, ਉੱਥੇ ਸਰਕਾਰ ਵੀ ਰੁੜ੍ਹ ਗਈ ਹੈ?
-ਵਿਰੋਧੀਆਂ ਕੋਲ ਅਰਥਸ਼ਾਸਤਰ ਦੀ ਕੋਈ ਸਮਝ ਨਹੀਂ ਹੈ। ਉਹ ਸਿਰਫ਼ ਬਿਆਨ ਦਾਗਣ ਦੇ ਮਾਹਿਰ ਹਨ, ਇਸ ਤੋਂ ਸਿਵਾਏ ਉਨ੍ਹਾਂ ਨੂੰ ਕੋਈ ਗੱਲ ਸਮਝ ਨਹੀਂ ਆਉਂਦੀ। ਮੈਂ 4 ਬਜਟ ਪੇਸ਼ ਕਰ ਚੁੱਕਾ ਹਾਂ ਤੇ ਉਹ ਕਿਸੇ ਵੀ ਬਜਟ ’ਤੇ ਇਕ ਵੀ ਟਿੱਪਣੀ ਨਹੀਂ ਕਰ ਸਕੇ।
ਕੇਂਦਰ ਦੇ ਪੈਕੇਜ ਅਤੇ ਐੱਸ. ਡੀ. ਆਰ. ਐੱਫ਼. ਦਾ ਕੀ ਮਸਲਾ ਹੈ?
-ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਫ਼ਗਾਨਿਸਤਾਨ ’ਚ ਭੂਚਾਲ ਆਉਣ ’ਤੇ 2 ਘੰਟਿਆਂ ਵਿਚ ਹੀ ਰਾਹਤ ਪੈਕੇਜ ਦਾ ਐਲਾਨ ਕਰ ਦਿੱਤਾ। ਪੰਜਾਬ ਵਿਚ ਉਹ 30 ਦਿਨਾਂ ਬਾਅਦ ਆਏ ਤੇ 1600 ਕਰੋੜ ਰੁਪਏ ਦਾ ਪੈਕੇਜ ਐਲਾਨ ਕੇ ਗਏ, ਉਹ ਵੀ ਕਹਿੰਦੇ ਹੋਏ ਕਿ ਕੇਂਦਰ ਦੀਆਂ ਸਕੀਮਾਂ ਤਹਿਤ ਹੀ ਪੈਸੇ ਆਉਣਗੇ। ਇਹ ਪੰਜਾਬ ਨਾਲ ਬਹੁਤ ਵੱਡਾ ਧੋਖਾ ਹੈ। ਪੰਜਾਬ ਹਮੇਸ਼ਾ ਦੇਸ਼ ਨਾਲ ਖੜ੍ਹਿਆ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਨਾਲ ਇਨਸਾਫ਼ ਨਹੀਂ ਕਰ ਕੇ ਗਏ। ਉਹ 25-30 ਸਾਲ ਪੁਰਾਣੇ ਪੈਸਿਆਂ ਦੀ ਗੱਲ ਕਰੀ ਜਾ ਰਹੇ ਹਨ। ਐੱਸ. ਡੀ. ਆਰ. ਐੱਫ. ਐਕਟ 2010 ਵਿਚ ਆਇਆ ਸੀ। ਭਾਰਤੀ ਜਨਤਾ ਪਾਰਟੀ ਝੂਠ ਬੋਲਣ ਤੋਂ ਗੁਰੇਜ਼ ਕਰੇ। ਅਸੀਂ ਐੱਸ. ਡੀ. ਆਰ. ਐੱਫ਼. ਦਾ ਪੂਰਾ ਲੇਖਾ-ਜੋਖਾ ਜਨਤਕ ਕਰ ਚੁੱਕੇ ਹਾਂ। ਇੰਨੀ ਘੱਟ ਰਕਮ ਦੇ ਨਾਲ ਪੰਜਾਬ ਦਾ ਕੁਝ ਨਹੀਂ ਸੰਵਰ ਸਕਦਾ। ਪੰਜਾਬ ਬਹੁਤ ਵਾਰ ਡਿੱਗਿਆ ਤੇ ਬਹੁਤ ਵਾਰ ਉੱਠਿਆ ਹੈ, ਪੰਜਾਬੀ ਚੜ੍ਹਦੀ ਕਲਾ ਦੇ ਪ੍ਰਤੀਕ ਹਨ ਪਰ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਨੇ ਪੰਜਾਬ ਨਾਲ ਨਿਆਂ ਨਹੀਂ ਕੀਤਾ, ਇਹ ਗੱਲ ਹਮੇਸ਼ਾ ਪੰਜਾਬੀਆਂ ਨੂੰ ਰੜਕਦੀ ਰਹੇਗੀ। ਉਨ੍ਹਾਂ ਦੇ ਮਨ ਵਿਚ ਅੱਜ ਵੀ ਕਿਸਾਨ ਅੰਦੋਲਨ ਕਰ ਕੇ ਪੰਜਾਬ ਪ੍ਰਤੀ ਖੁੰਦਕ ਹੈ।
ਜਾਖੜ ਕਹਿੰਦੇ ਹਨ ਕਿ ਤੁਸੀਂ ਕੇਂਦਰ ਤੋਂ ਪੈਸੇ ਮੰਗਦੇ ਹੀ ਨਹੀਂ?
-ਮੈਂ ਪੰਜਾਬ ਦਾ ਵਿੱਤ ਮੰਤਰੀ ਹੋਣ ਦੇ ਨਾਤੇ ਜੀ. ਐੱਸ. ਟੀ. ਕੌਂਸਲ ਤੇ ਪ੍ਰੀ-ਬਜਟ ਮੀਟਿੰਗਾਂ ਵਿਚ ਕੇਂਦਰੀ ਮੰਤਰੀ ਪੀਯੂਸ਼ ਗੋਇਲ ਤੇ ਨਿਰਮਲਾ ਸੀਤਾਰਮਨ ਨੂੰ ਮਿਲ ਕੇ ਪੰਜਾਬ ਦੇ ਆਰ. ਡੀ. ਐੱਫ. ਦੇ ਪੈਸੇ ਜਾਰੀ ਕਰਨ ਦੀ ਮੰਗ ਕਰ ਚੁੱਕਾ ਹਾਂ। ਸਾਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ। ਪੰਜਾਬ ਨੂੰ 50 ਹਜ਼ਾਰ ਕਰੋੜ ਦਾ ਘਾਟਾ ਜੀ. ਐੱਸ. ਟੀ. ਤੋਂ ਪਿਆ, ਸਾਡੀਆਂ ਸੜਕਾਂ ਦੇ ਪੈਸੇ ਰੋਕ ਲਏ ਗਏ। ਭਾਜਪਾ ਹਰ ਸਮੇਂ ਕੋਈ ਨਾ ਕੋਈ ਤਰੀਕਾ ਲੱਭ ਕੇ ਪੰਜਾਬ ਦਾ ਪੈਸਾ ਰੋਕਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ। ਪੰਜਾਬੀਆਂ ਨੂੰ ਪਤਾ ਹੈ ਕਿ ਭਾਜਪਾ ਪੰਜਾਬ ਨਾਲ ਨਫ਼ਰਤ ਕਰਦੀ ਹੈ। ਭਾਜਪਾ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ, ਉਸ ਦੀ ਪੰਜਾਬ ਵਿਚ ਦਾਲ ਨਹੀਂ ਗਲੇਗੀ।
ਪਾਕਿਸਤਾਨ ਬਾਰੇ ਕੇਂਦਰ ਦੀ ਦੋਹਰੀ ਨੀਤੀ ਕਿਉਂ?
- ਮੈਂ ਪ੍ਰੀ-ਬਜਟ ਮੀਟਿੰਗ ਵਿਚ ਵੀ ਵਾਹਗਾ ਬਾਰਡਰ ਰਾਹੀਂ ਹੋਣ ਵਾਲਾ ਕਾਰੋਬਾਰ ਬੰਦ ਹੋਣ ਕਾਰਨ ਪੰਜਾਬ ਨੂੰ ਸਾਲਾਨਾ 4 ਹਜ਼ਾਰ ਕਰੋੜ ਰੁਪਏ ਘਾਟਾ ਪੈਣ ਦਾ ਮੁੱਦਾ ਚੁੱਕਿਆ ਸੀ। ਅਸੀਂ ਤਾਂ ਧਾਰਮਿਕ ਆਸਥਾ ਨਾਲ ਸ੍ਰੀ ਨਨਕਾਣਾ ਸਾਹਿਬ ਵਿਚ ਨਤਮਸਤਕ ਹੋਣਾ ਚਾਹੁੰਦੇ ਹਾਂ, ਉਸ ਤੋਂ ਸਾਨੂੰ ਰੋਕਿਆ ਜਾ ਰਿਹਾ ਹੈ। ਦਿਲਜੀਤ ਦੋਸਾਂਝ ਦੀ ਫ਼ਿਲਮ ਤਾਂ ਰੋਕ ਲਈ ਜਾਂਦੀ ਹੈ ਪਰ ਦੂਜੇ ਪਾਸੇ ਪਾਕਿਸਤਾਨ ਨਾਲ ਕ੍ਰਿਕਟ ਮੈਚ ਹੋ ਰਿਹਾ ਹੈ, ਤਾਂ ਜੋ ਗ੍ਰਹਿ ਮੰਤਰੀ ਦੇ ਪੁੱਤਰ ਦਾ ਵਪਾਰ ਵਧਾਇਆ ਜਾ ਸਕੇ। ਭਾਜਪਾ ਨੂੰ ਅਜਿਹੀ ਦੋਹਰੀ ਨੀਤੀ ਨਹੀਂ ਅਪਨਾਉਣੀ ਚਾਹੀਦੀ। ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਫ਼ਰਤ ਕਰਦੀ ਹੈ ਤੇ ਪੰਜਾਬ ਹਮੇਸ਼ਾ ਹੀ ਨਫ਼ਰਤ ਕਰਨ ਵਾਲੇ ਲੋਕਾਂ ਨੂੰ ਮੂੰਹ-ਤੋੜ ਜਵਾਬ ਦਿੰਦਾ ਹੈ।
ਹੜ੍ਹਾਂ ਤੋਂ ਬਾਅਦ ਲੋਕਾਂ ਦੇ ਮੁੜ-ਵਸੇਬੇ ਲਈ ਸਰਕਾਰ ਦੀ ਕੀ ਯੋਜਨਾਬੰਦੀ ਹੈ?
-ਪੰਜਾਬ ਸਰਕਾਰ ਹਰੇਕ ਹੜ੍ਹ ਪੀੜਤ ਦੀ ਬਾਂਹ ਫੜੇਗੀ। ਅਸੀਂ ‘ਰੰਗਲਾ ਪੰਜਾਬ ਸੁਸਾਇਟੀ’ ਵਿਚ ਦੇਸ਼-ਵਿਦੇਸ਼ ਵਿਚ ਰਹਿੰਦੇ ਪੰਜਾਬੀਆਂ ਨੂੰ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਉਸ ਪੈਸੇ ਨੂੰ ਲੋਕਾਂ ’ਤੇ ਖਰਚਿਆ ਜਾਵੇਗਾ ਤੇ ਉਸ ਦਾ ਪੂਰਾ ਹਿਸਾਬ ਉਨ੍ਹਾਂ ਨੂੰ ਦਿੱਤਾ ਜਾਵੇਗਾ। ਹੜ੍ਹਾਂ ਦੌਰਾਨ ਜਾਨਾਂ ਗੁਆਉਣ ਵਾਲੇ ਲੱਗਭਗ ਸਾਰੇ ਹੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਭੇਜ ਚੁੱਕੇ ਹਾਂ। ਰਾਹਤ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਬਹੁਤ ਸਾਰੇ ਇਲਾਕਿਆਂ ਵਿਚ ਗਿਰਦਾਵਰੀ ਹੋ ਰਹੀ ਹੈ। ਹੜ੍ਹਾਂ ਦਾ ਕਹਿਰ ਹਾਲੇ ਵੀ ਜਾਰੀ ਹੈ। ਲੋਕ ਪੰਜਾਬ ਸਰਕਾਰ ’ਤੇ ਭਰੋਸਾ ਰੱਖਣ, ਅਸੀਂ ਉਨ੍ਹਾਂ ਦੇ ਨਾਲ ਖੜ੍ਹਾਂਗੇ।
ਪੰਜਾਬ ਦਾ ਮੁੱਖ ਮੰਤਰੀ ਬਦਲਣ ਦੀਆਂ ਚਰਚਾਵਾਂ ਬਾਰੇ ਕੀ ਕਹੋਗੇ?
-ਸਿਆਸਤ ਵਿਚ ਚਰਚਾਵਾਂ ਚੱਲਦੀਆਂ ਹੀ ਰਹਿੰਦੀਆਂ ਹਨ। ਭਾਜਪਾ, ਕਾਂਗਰਸ ਤੇ ਅਕਾਲੀ ਦਲ ਅਜਿਹੀਆਂ ਅਫ਼ਵਾਹਾਂ ਫ਼ੈਲਾਉਂਦੇ ਹਨ, ਕਿਉਂਕਿ ਉਨ੍ਹਾਂ ਤੋਂ ਪੰਜਾਬ ਸਰਕਾਰ ਦਾ ਕੰਮ ਬਰਦਾਸ਼ਤ ਨਹੀਂ ਹੁੰਦਾ। ਇਹ ਸਾਰੀਆਂ ਚਰਚਾਵਾਂ ਝੂਠੀਆਂ ਹਨ। ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਤੇ ਕੰਮ ਤੋਂ ਸਿਵਾਏ ਕੋਈ ਸਿਆਸਤ ਨਹੀਂ ਕਰ ਰਹੇ। ਸਾਡੇ ਕੰਮਾਂ ਕਰ ਕੇ ਪੰਜਾਬ ਦੇ ਨੌਜਵਾਨਾਂ ਦਾ ਭਰੋਸਾ ‘ਆਪ’ ਸਰਕਾਰ ’ਚ ਵਧਿਆ ਹੈ, ਇਹੀ ਕਾਰਨ ਹੈ ਜਿਸ ਤੋਂ ਡਰਦਿਆਂ ਇਹ ਕੋਈ ਨਾ ਕੋਈ ਅਫ਼ਵਾਹ ਫ਼ੈਲਾਉਂਦੇ ਰਹਿੰਦੇ ਹਨ। ਆਮ ਆਦਮੀ ਪਾਰਟੀ ਇਕਜੁੱਟ ਤੇ ਚੜ੍ਹਦੀ ਕਲਾ ਵਿਚ ਹੈ। ਅਗਲੀ ਵਾਰ ਵੀ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ।
ਪਠਾਣਮਾਜਰਾ ਕਹਿੰਦੇ ਮੰਤਰੀਆਂ ਦੇ ਵੱਸ ਕੁਝ ਨਹੀਂ ਹੈ?
-ਜਦੋਂ ਕਿਸੇ ਵਿਅਕਤੀ ਨੇ ਕੋਈ ਗਲਤ ਕੰਮ ਕਰਨਾ ਹੋਵੇ ਤਾਂ ਉਹ ਕੋਈ ਨਾ ਕੋਈ ਦੋਸ਼ ਲਗਾ ਕੇ ਜਾਂਦਾ ਹੈ। ਰੋਜ਼ਾਨਾ ਸੈਂਕੜੇ ਲੋਕ ਮੰਤਰੀਆਂ ਦੇ ਦਫ਼ਤਰਾਂ ਵਿਚ ਆ ਰਹੇ ਹਨ ਤੇ ਜੇ ਲੋਕ ਸਾਨੂੰ ਮਿਲਣ ਆ ਰਹੇ ਹਨ ਤਾਂ ਇਸ ਦਾ ਮਤਲਬ ਹੈ ਕਿ ਲੋਕਾਂ ਦੇ ਕੰਮ ਹੋ ਰਹੇ ਹਨ। ਇਹ ਲੋਕ ਝੂਠ ਫ਼ੈਲਾਉਣ ’ਚ ਮਾਹਿਰ ਹਨ। ਭਾਜਪਾ ਕੋਈ ਨਾ ਕੋਈ ਲਾਲਚ ਦੇ ਕੇ ਲੀਡਰਾਂ ਨੂੰ ਫ਼ਸਾ ਲੈਂਦੀ ਹੈ ਪਰ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਇਹ ਲੋਕ ਨਾ ਘਰ ਦੇ ਰਹਿਣਗੇ ਤੇ ਨਾ ਘਾਟ ਦੇ। ਇਨ੍ਹਾਂ ਦਾ ਹਾਲ ਬਹੁਤ ਮਾੜਾ ਹੋਵੇਗਾ।
ਕੀ ਭਾਜਪਾ ਤੁਹਾਨੂੰ ਅੰਦਰਖਾਤੇ ਤੰਗ ਕਰ ਰਹੀ ਹੈ?
-ਭਾਜਪਾ ਦਾ ਚਰਿੱਤਰ ਹੀ ਇਹ ਹੈ ਕਿ ਸੂਬਿਆਂ ਨੂੰ ਆਰਥਿਕ ਤੇ ਸਿਆਸੀ ਤੌਰ ’ਤੇ ਪ੍ਰੇਸ਼ਾਨ ਕੀਤਾ ਜਾਵੇ। ਜਿੱਥੇ ਭਾਜਪਾ ਦੇ 10 ਵਿਧਾਇਕ ਹੋਣ, ਉੱਥੇ ਵੀ ਖਰੀਦੋ-ਫਰੋਖਤ ਕਰ ਕੇ ਸਰਕਾਰ ਬਣਾ ਲੈਂਦੇ ਹਨ। ਭਾਜਪਾ ਲੋਕਤੰਤਰ ਵਿਚ ਵਿਸ਼ਵਾਸ ਨਹੀਂ ਕਰਦੀ, ਸਗੋਂ ਜੋੜ-ਤੋੜ ਵਿਚ ਵਿਸ਼ਵਾਸ ਰੱਖਦੀ ਹੈ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਹਿਲਾਂ ਵੀ ਪ੍ਰਚੰਡ ਬਹੁਮਤ ਦਿੱਤਾ ਸੀ ਤੇ ਇਸ ਵਾਰ ਵੀ ਪ੍ਰਚੰਡ ਬਹੁਮਤ ਦੇਣਗੇ। ਭਾਜਪਾ ਸਾਨੂੰ ਕਦੇ ਵੀ ਤੋੜ ਨਹੀਂ ਸਕਦੀ।