ਪੰਚਾਇਤੀ ਚੋਣਾਂ : ਜਗਤਪੁਰਾ ''ਚ ਕਾਂਗਰਸੀ ਆਹਮੋ-ਸਾਹਮਣੇ

Thursday, Dec 20, 2018 - 09:39 AM (IST)

ਪੰਚਾਇਤੀ ਚੋਣਾਂ : ਜਗਤਪੁਰਾ ''ਚ ਕਾਂਗਰਸੀ ਆਹਮੋ-ਸਾਹਮਣੇ

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਤਰਨਤਾਰਨ ਦੇ ਪਿੰਡ ਜਗਤਪੁਰਾ 'ਚ ਪੰਚਾਇਤੀ ਚੋਣਾਂ ਸਿਆਸੀ ਗਲਆਰਿਆਂ 'ਚ ਇਸ ਕਰਕੇ ਵੱਡੀ ਚਰਚਾ ਦਾ ਕਾਰਨ ਬਣਿਆਂ ਹੋਇਆ ਹੈ ਕਿਉਂਕਿ ਇਸ ਪਿੰਡ 'ਚ ਦੋਵੇਂ ਧੜੇ ਕਾਂਗਰਸ ਨਾਲ ਸਬੰਧਤ ਆਹਮੋ-ਸਾਹਮਣੇ ਹਨ। ਦੱਸਿਆ ਜਾ ਰਿਹਾ ਹੈ ਕਿ ਪਿੰਡ ਅੰਦਰ ਜਿੱਥੇ ਦੋ ਧੜੇ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਉੱਥੇ ਹੀ ਇਕ ਧੜਾ ਅਕਾਲੀ ਦਲ ਨਾਲ ਸਬੰਧਤ ਵੀ ਹੈ, ਜੋ ਅਜੇ ਖਾਮੌਸ਼ ਹੋ ਕੇ ਕਾਂਗਰਸ ਦੇ ਦੋਵਾਂ ਧੜਿਆਂ ਦੀ ਦਾ ਤਮਾਸ਼ਾ ਵੇਖ ਰਿਹਾ ਹੈ। ਸਿਆਸੀ ਹਲਕਿਆਂ 'ਚ ਹਮੇਸ਼ਾਂ ਹੀ ਚਰਚਾ 'ਚ ਰਹੇ ਇਸ ਪਿੰਡ 'ਚ 2500 ਦੇ ਕਰੀਬ ਲੋਕ ਇੱਥੇ ਵੱਸਦੇ ਹਨ, ਜਿਨ੍ਹਾਂ 'ਚ ਜਨਰਲ ਕੈਟਾਗਿਰੀ ਅਤੇ ਐੱਸ.ਸੀ. ਕੈਟਗਿਰੀ ਦੀ ਅਬਾਦੀ ਤਾਂ ਬਰਾਬਰ ਹੀ ਮੰਨੀ ਜਾਂਦੀ ਹੈ ਤੇ ਬਹੁਤ ਥੋੜੀ ਵੱਸੋਂ ਇੱਥੇ ਬੀ.ਸੀ. ਕੈਟਾਗਿਰੀ ਦੇ ਲੋਕਾਂ ਦੀ ਵੀ ਹੈ। ਇਸ ਪਿੰਡ ਦੇ 1400 ਦੇ ਕਰੀਬ ਵੋਟਰ ਹਨ ਪਰ ਪੰਚਾਇਤੀ ਚੋਣਾਂ 'ਚ ਸਥਿਤੀ ਇਹ ਬਣੀ ਹੋਈ ਹੈ ਕਿ ਵੋਟਰ ਇਸ ਸਮੇਂ ਪੂਰੀ ਤਰ੍ਹਾਂ ਦੁਚਿੱਤੀ 'ਚ ਫਸੇ ਹੋਏ ਹਨ। ਇਸ ਪਿੰਡ 'ਚ ਇਕ ਪਾਸੇ ਜਿੱਥੇ ਕਾਂਗਰਸ ਦੇ ਬਲਾਕ ਗੰਡੀਵਿੰਡ ਦੇ ਮੌਜ਼ੂਦਾ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ ਆਪਣੀ ਪਤਨੀ ਨੂੰ ਸਰਪੰਚੀ ਦੀ ਚੋਣ ਲੜਾ ਰਹੇ ਹਨ, ਉੱਥੇ ਹੀ ਸਾਬਕਾ ਬਲਾਕ ਪ੍ਰਧਾਨ ਮਨਜਿੰਦਰ ਸਿੰਘ ਜਗਤਪੁਰਾ ਵਲੋਂ ਆਪਣੇ ਹਮਾਇਤੀ ਗੁਰਸ਼ੇਰ ਸਿੰਘ ਦੀ ਪਤਨੀ ਸੁਰਿੰਦਰ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। 

ਇਸ ਸਬੰਧੀ ਮਨਜਿੰਦਰ ਸਿੰਘ ਜਗਤਪੁਰਾ ਸਾਬਕਾ ਬਲਾਕ ਪ੍ਰਧਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਗਿਣਤੀ ਪਿੰਡ ਵਾਸੀਆਂ ਦੀ ਹਮਾਇਤ ਪ੍ਰਾਪਤ ਹੈ ਅਤੇ ਉਹ ਪਿੰਡ ਵਾਸੀਆਂ ਦੀ ਸਲਾਹ ਨਾਲ ਚੋਣ ਮੈਦਾਨ 'ਚ ਨਿੱਤਰੇ ਹਨ। ਦੂਜੇ ਪਾਸੇ ਬਲਾਕ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਟਕਸਾਲੀ ਕਾਂਗਰਸੀ ਹਨ ਅਤੇ ਪਿੱਛਲੇ ਕਈ ਦਹਾਕਿਆਂ ਤੋਂ ਪਿੰਡ ਵਾਸੀਆਂ ਦੀ ਸੇਵਾ 'ਚ ਹਾਜ਼ਰ ਹਨ। ਇੱਧਰ ਅਕਾਲੀ ਦਲ ਨਾਲ ਸਬੰਧਤ ਵਰਕਰ ਖਾਮੌਸ਼ ਇਸ ਸਭ ਦਾ ਮਜ਼ਾ ਲੈ ਰਹੇ ਹਨ ਅਤੇ 30 ਦਸੰਬਰ ਵਾਲੇ ਦਿਨ ਦੀ ਉਡੀਕ 'ਚ ਹਨ। ਹੁਣ ਵੇਖਣਾ ਇਹ ਹੋਵੇਗਾ ਕਿ 30 ਦਸੰਬਰ ਵਾਲੇ ਦਿਨ ਕਿਸ ਧੜੇ ਦਾ ਸਿਰ ਜਿੱਤ ਨਾਲ ਉੱਚਾ ਤੇ ਕਿਸ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾਂ ਹੈ। ਇਸ ਮੌਕੇ ਡਾ. ਅਮਰਜੀਤ ਸਿੰਘ, ਦਲੀਪ ਸਿੰਘ, ਦਿਲਸ਼ੇਰ ਸਿੰਘ, ਰਾਜ ਕੌਰ, ਲਖਵਿੰਦਰ ਸਿੰਘ, ਮਨਜਿੰਦਰ ਕੌਰ, ਧਰਮ ਸਿੰਘ ਆਦਿ ਹਾਜ਼ਰ ਸਨ।


author

Baljit Singh

Content Editor

Related News