ਵੱਡੀ ਖ਼ਬਰ: ਮਸ਼ਹੂਰ PUNJABI SINGER ਨੂੰ ਜਾਨੋਂ ਮਾਰਨ ਦੀ ਧਮਕੀ! ਫ਼ਿਰੌਤੀ 'ਚ ਮੰਗੇ 5,00,00,000 ਰੁਪਏ

Thursday, Nov 05, 2026 - 01:14 PM (IST)

ਵੱਡੀ ਖ਼ਬਰ: ਮਸ਼ਹੂਰ PUNJABI SINGER ਨੂੰ ਜਾਨੋਂ ਮਾਰਨ ਦੀ ਧਮਕੀ! ਫ਼ਿਰੌਤੀ 'ਚ ਮੰਗੇ 5,00,00,000 ਰੁਪਏ

ਲੁਧਿਆਣਾ (ਰਾਜ): ਮਸ਼ਹੂਰ ਪੰਜਾਬੀ ਗਾਇਕ ਕਮਲ ਗਰੇਵਾਲ ਨੂੰ ਰੋਹਿਤ ਗੋਦਾਰਾ ਗੈਂਗ ਦੇ ਨਾਂ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਡਰਾ-ਧਮਕਾ ਕੇ ਉਨ੍ਹਾਂ ਤੋਂ 5 ਕਰੋੜ ਰੁਪਏ ਦੀ ਫ਼ਿਰੌਤੀ ਵੀ ਮੰਗੀ ਜਾ ਰਹੀ ਹੈ। ਫ਼ਿਰੌਤੀ ਨਾ ਦੇਣ 'ਤੇ ਉਸ ਦੇ ਲਾਈਵ ਸ਼ੋਅ ਬੰਦ ਕਰਵਾਉਣ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਗਾਇਕ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਹੈ, ਜਿਸ 'ਤੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਫ਼ੋਨ ਕਰਨ ਵਾਲੇ ਗਿੱਲੀ ਰਾਣਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਕਮਲ ਗਰੇਵਾਲ 'ਇਕ ਤੇਰੀ ਦਿਵਾਨਗੀ ਨੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ...' ਜਿਹੇ ਗਾਣਿਆਂ ਸਦਕਾ ਮਸ਼ਹੂਰ ਹੋਏ ਸਨ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗਾਇਕ ਨੇ ਦੱਸਿਆ ਕਿ ਉਸ ਦੀ ਸਰਾਭਾ ਨਗਰ ਵਿਚ ਇਕ ਮਿਊਜ਼ਿਕ ਕੰਪਨੀ ਹੈ, ਜਿੱਥੇ ਉਸ ਦੇ ਦੋ ਮੁਲਾਜ਼ਮ ਮੋਬਾਈਲ 'ਤੇ ਉਨ੍ਹਾਂ ਦੇ ਸ਼ੋਅਜ਼ ਦੀ ਬੁਕਿੰਗ ਦਾ ਕੰਮ ਸੰਭਾਲਦੇ ਹਨ। 20 ਅਕਤੂਬਰ ਨੂੰ ਉਹ ਪਟਿਆਲਾ ਵਿਚ ਦੁਸਹਿਰੇ 'ਤੇ ਪ੍ਰੋਗਰਾਮ ਪੇਸ਼ ਕਰ ਰਹੇ ਸਨ ਤੇ ਇਸੇ ਦੌਰਾਨ ਉਨ੍ਹਾਂ ਦੇ ਮੋਬਾਈਲ 'ਤੇ ਇਕ ਵਿਦੇਸ਼ੀ ਨੰਬਰ ਤੋਂ ਲਗਾਤਾਰ ਫ਼ੋਨ ਅਤੇ ਵੁਆਇਸ ਮੈਸੇਜ ਆ ਰਹੇ ਸਨ। ਅਗਲੇ ਦਿਨ ਜਦੋਂ ਉਨ੍ਹਾਂ ਨੇ ਵੁਆਇਸ ਨੋਟ ਸੁਣੇ ਤਾਂ ਉਸ ਵਿਚ ਸਾਹਮਣੇ ਵਾਲੇ ਨੇ ਖ਼ੁਦ ਨੂੰ ਗੈਂਗਸਟਰ ਰੋਹਿਤ ਗੋਦਾਰਾ ਗਿਰੋਹ ਦਾ ਗੁਰਗਾ ਗਿੱਲੀ ਰਾਣਾ ਦੱਸਦਿਆਂ 5 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ। ਇਸ ਮਗਰੋਂ 1 ਨਵੰਬਰ ਨੂੰ ਉਸ ਨੂੰ ਉਸੇ ਵਿਦੇਸ਼ੀ ਨੰਬਰ ਦੁਬਾਰਾ ਫ਼ੋਨ ਆਇਆ ਤੇ ਫ਼ਿਰੌਤੀ ਦੇਣ ਲਈ ਦਬਾਅ ਪਾਇਆ ਗਿਆ। ਇਸ ਮਗਰੋਂ ਉਸ ਨੂੰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। 

'ਤੂੰ ਸਟੇਜ ਦੀ ਟਿਕਟ ਕੱਟੇਂਗਾ, ਮੈਂ ਉੱਤੇ ਦੀ...'

ਵਿਦੇਸ਼ੀ ਨੰਬਰ ਤੋਂ ਭੇਜੇ ਵੁਆਇਸ ਮੈਸੇਜ ਵਿਚ ਆਖ਼ਿਆ ਗਿਆ, "ਕੀ ਹਾਲ ਐ ਤੇਰਾ? ਗਿੱਲੀ ਰਾਣਾ ਬੋਲ ਰਿਹਾਂ, ਰੋਹਿਤ ਗੋਦਾਰਾ ਗਰੁੱਪ ਤੋਂ। 5 ਕਰੋੜ ਰੁਪਏ ਲਈ ਤੈਨੂੰ ਫ਼ੋਨ ਕੀਤਾ ਐ। ਬਾਈ, ਜੇ ਤੂੰ ਸੁਣ ਲਿਆ ਐ ਤਾਂ ਤੁਰੰਤ ਬੈਕ ਕਾਲ ਕਰ। ਜੋ ਇਹ ਅਖਾੜੇ ਲਗਾ ਰਿਹਾ ਹੈਂ, ਸਭ ਕੁਝ ਬੰਦ ਕਰ ਦਿਆਂਗਾ। ਸਟੇਜ 'ਤੇ ਹੀ ਰੱਖ ਦਿਆਂਗਾ। ਤੂੰ ਕਿਸ ਚੱਕਰ 'ਚ ਐਂ? ਇਕ ਵਾਰ ਮੇਰੇ ਬਾਰੇ ਪਤਾ ਕਰ ਲੈ। ਦੱਸ, ਤੇਰਾ ਕੀ ਵਿਚਾਰ ਐ? ...ਜਲਦੀ, ਸਭ ਕੁਝ ਖ਼ਤਮ ਕਰ ਦਿਆਂਗਾ। ਗਾਣੇ-ਵਾਣੇ ਸਭ ਕਿਤਾਬਾਂ 'ਚ ਹੀ ਰਹਿ ਜਾਣਗੇ। ਨਾ ਨਾਂ ਰਹੇਗਾ, ਨਾ ਕੁਝ ਹੋਰ ਰਹੇਗਾ। ਸਭ ਮਿੱਟੀ ਕਰ ਦਿਆਂਗਾ। ਦੱਸ, ਕੱਲ੍ਹ ਤੱਕ ਦਾ ਟਾਈਮ ਹੈ। ਪਿੱਛਾ ਨਹੀਂ ਛੱਡਦਾ। ...ਸਿੱਧਾ ਉੱਪਰ ਦੀ ਟਿਕਟ ਕਟਵਾਊਂਗਾ। ਤੂੰ ਸਟੇਜ ਦੀ ਟਿਕਟ ਕੱਟੇਂਗਾ, ਮੈਂ ਤੇਰੀ ਉੱਪਰ ਦੀ ਟਿਕਟ ਕੱਟਾਂਗਾ।" ਇਸ ਤੋਂ ਇਲਾਵਾ ਉਕਤ ਵਿਦੇਸ਼ੀ ਨੰਬਰ ਤੋਂ 2 ਛੋਟੇ ਵੁਆਇਸ ਨੋਟ ਵੀ ਭੇਜੇ ਗਏ ਹਨ, ਜਿਨ੍ਹਾਂ ਵਿਚ ਵਾਰ-ਵਾਰ ਰੰਗਦਾਰੀ ਦੀ ਰਕਮ ਲਈ ਸੰਪਰਕ ਕਰਨ ਦਾ ਦਬਾਅ ਬਣਾਇਆ ਗਿਆ ਹੈ। 

ਪੁਲਸ ਨੇ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਜਾਂਚ 

ਇਸ ਮਾਮਲੇ ਦੀ ਜਾਂਚ ਅਧਿਕਾਰੀ ਸਬ-ਇੰਸਪੈਕਟਰ ਜਗਰਾਜ ਕੌਰ ਨੇ ਦੱਸਿਆ ਕਿ ਗਾਇਕ ਕਮਲ ਗਰੇਵਾਲ ਦੀ ਸ਼ਿਕਾਇਤ 'ਤੇ ਥਾਣਾ ਡਵੀਜ਼ਨ ਨੰਬਰ 5 ਵਿਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 308(4) (ਫ਼ਿਰੌਤੀ ਅਤੇ ਧਮਕੀ ਦੇਣਾ) ਦੇ ਤਹਿਤ ਮੁਲਜ਼ਮ ਗਿੱਲੀ ਰਾਣਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸਬ-ਇੰਸਪੈਕਟਰ ਜਗਰਾਜ ਕੌਰਰ ਨੇ ਸਪਸ਼ਟ ਕੀਤਾ ਹੈ ਕਿ ਪੁਲਸ ਦੀ ਸਾਈਬਰ ਕ੍ਰਾਈਮ ਯੂਨਿਟ ਤੇ ਤਕਨੀਕੀ ਵਿੰਗ ਵਿਦੇਸ਼ ਨੰਬਰ ਦੇ ਰੂਟ, ਵੀ. ਪੀ. ਐੱਨ. ਤੇ ਕਾਲਰ ਦੇ ਆਈ. ਪੀ. ਅਡ੍ਰੈੱਸ ਨੂੰ ਟ੍ਰੈਕ ਕਰਨ ਵਿਚ ਜੁਟੀ ਹੈ। ਮੁੱਢਲੇ ਤੌਰ 'ਤੇ ਇੰਟਰਨੈੱਟ ਕਾਲਿੰਗ ਜਾਂ ਵਰਚੁਅਲ ਨੰਬਰ ਦਾ ਮਾਮਲਾ ਲੱਗ ਰਿਹਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਗਾਇਕ ਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। 


author

Anmol Tagra

Content Editor

Related News