ਪੈਲੇਸ ਮਾਲਕ ਦੇ ਘਰ ਪਹੁੰਚੀ ਬਰਾਤ, ਚਾੜ੍ਹਿਆ ਕੁਟਾਪਾ (ਵੀਡੀਓ)

01/29/2019 6:44:04 PM

ਹੁਸ਼ਿਆਰਪੁਰ (ਅਮਰੀਕ)— ਪੰਜਾਬ ਸਰਕਾਰ ਦੀ ਹਦਾਇਤ ਮੁਤਾਬਕ ਜ਼ਿਲਾ ਹੁਸ਼ਿਆਰਪੁਰ 'ਚ ਇਕ ਪੈਲੇਸ ਮਾਲਕ ਨੂੰ ਹੁਕਮਾਂ ਦਾ ਪਾਲਣ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਸਰਕਾਰੀ ਸਮੇਂ ਦਾ ਹਵਾਲਾ ਦੇ ਕੇ ਡੀ. ਜੇ. ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬਰਾਤੀਆਂ ਨੇ ਪੈਲੇਸ ਮਾਲਕ ਦੀ ਘਰ 'ਚ ਦਾਖਲ ਹੋ ਕੇ ਜਮ ਕੇ ਕੁੱਟਮਾਰ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਸਥਿਤ ਪੈਲੇਸ ਕਰਨ ਬਿਕਰਮ 'ਚ ਬੀਤੀ ਰਾਤ ਨੂੰ ਇਕ ਵਿਆਹ ਸਮਾਗਮ ਚੱਲ ਰਿਹਾ ਸੀ ਕਿ ਵਿਆਹ ਸਮਾਗਮ 'ਚ ਆਏ ਹੋਏ ਬਰਾਤੀਆਂ ਨੂੰ 11 ਵਜ ਗਏ, ਜਿਸ ਤੋਂ ਬਾਅਦ ਪੈਲੇਸ ਮਾਲਕ ਨੇ ਸਰਕਾਰੀ ਸਮੇਂ ਦਾ ਹਵਾਲਾ ਦੇ ਕੇ ਡੀ. ਜੇ. ਬੰਦ ਕਰਨ ਨੂੰ ਕਿਹਾ ਪਰ ਕੁਝ ਲੋਕਾਂ ਨੇ ਅੱਧਾ ਘੰਟਾ ਹੋਰ ਚਲਾਉਣ ਲਈ ਮੰਗ ਕੀਤੀ। 11.30 ਵਜੇ ਤੋਂ ਬਾਅਦ ਸਮਾਂ ਖਤਮ ਹੋਣ 'ਤੇ ਜਦੋਂ ਡੀ. ਜੇ. ਨੂੰ ਬੰਦ ਕਰ ਦਿੱਤਾ ਗਿਆ ਤਾਂ ਬਰਾਤੀਆਂ ਨੇ ਹੋਰ ਸਮਾਂ ਵਧਾਉਣ ਦੀ ਮੰਗ ਕੀਤੀ। ਬਰਾਤੀਆਂ ਵੱਲੋਂ ਕੀਤੀ ਗਈ ਸਮਾਂ ਵਧਾਉਣ ਦੀ ਮੰਗ ਨੂੰ ਪੈਲੇਸ ਮਾਲਕ ਨੇ ਮਨ੍ਹਾ ਕਰ ਦਿੱਤਾ। ਇਸੇ ਦੌਰਾਨ ਮਾਲਕ ਦੇ ਨਾਲ ਬਰਾਤੀਆਂ ਦਾ ਝਗੜਾ ਹੋ ਗਿਆ। ਮੌਕੇ 'ਤੇ ਮਾਮਲਾ ਵਿਗੜਦਾ ਦੇਖ ਕੇ ਪੈਲੇਸ ਮਾਲਕ ਆਪਣੇ ਘਰ ਚਲਾ ਗਿਆ, ਜਿਸ ਤੋਂ ਬਾਅਦ ਕਰੀਬ 50 ਬਰਾਤੀਆਂ ਨੇ ਮਾਲਕ ਦੇ ਘਰ 'ਚ ਦਾਖਲ ਹੋ ਕੇ ਉਸ ਦੀ ਜਮ ਕੇ ਕੁੱਟਮਾਰ ਕਰ ਦਿੱਤੀ। 

 

PunjabKesari
ਘਟਨਾ ਤੋਂ ਬਾਅਦ ਪੈਲੇਸ ਮਾਲਕ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਬਰਾਤੀਆਂ ਨੇ ਘਰ 'ਚ ਦਾਖਲ ਹੋ ਕੇ ਇਸ ਲਈ ਕੁੱਟਿਆ ਕਿਉਂਕਿ ਉਸ ਨੇ ਸਮੇਂ 'ਤੇ ਡੀ. ਜੇ. ਬੰਦ ਨੂੰ ਕਰਨ ਨੂੰ ਕਿਹਾ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਸਬੰਧਤ ਥਾਣੇ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਦੋ ਪੀ. ਸੀ. ਆਰ. ਪੁਲਸ ਮੁਲਾਜ਼ਮ ਉਥੇ ਆਏ ਪਰ ਬਰਾਤੀਆਂ 'ਚ ਸ਼ਾਮਲ ਏ. ਐੱਸ. ਆਈ. ਨੇ ਪੁਲਸ ਮੁਲਾਜ਼ਮਾਂ ਨੂੰ ਉਥੋਂ ਭੇਜ ਦਿੱਤਾ। ਬਰਾਤੀਆਂ ਨੇ ਲੜਕੇ ਦੀ ਕੁੱਟਮਾਰ ਦੌਰਾਨ ਗਮਲੇ ਆਦਿ ਸਾਮਾਨ ਨਾਲ ਉਸ 'ਤੇ ਲਗਾਤਾਰ ਵਾਰ ਕੀਤੇ, ਜਿਸ ਨਾਲ ਉਹ ਬੇਹੋਸ਼ ਹੋ ਗਿਆ। ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। 

PunjabKesari
ਥਾਣਾ ਇੰਚਾਰਜ ਭਾਰਤ ਮਸੀਹ ਨੇ ਦੱਸਿਆ ਕਿ ਪੀੜਤ ਪੱਖ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ ਪਰ ਅਜੇ ਤੱਕ ਪੀੜਤ ਬਿਆਨ ਦੇਣ ਦੇ ਕਾਬਲ ਨਹੀਂ ਸੀ, ਇਸ ਲਈ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਿੱਥੋਂ ਤੱਕ ਏ. ਐੱਸ. ਆਈ. ਦੇ ਸ਼ਾਮਲ ਹੋਣ ਦੀ ਗੱਲ ਹੈ, ਭਾਵੇਂ ਕੋਈ ਵੀ ਹੋਵੇ ਕਾਰਵਾਈ ਕਾਨੂੰਨ ਮੁਤਾਬਕ ਹੀ ਹੋਵੇਗੀ।


shivani attri

Content Editor

Related News