ਬ੍ਰਿਟਿਸ਼ ਸਿੱਖ ਕੁੜੀਆਂ ਨਾਲ ਪਾਕਿਸਤਾਨੀ ਗੈਂਗ ਸੈਕਸ ਸੋਸ਼ਣ ਦਾ ਮਾਮਲਾ ਗਰਮਾਇਆ

12/06/2018 5:21:00 PM

ਜਲੰਧਰ (ਜ. ਬ.) : ਪਾਕਿਸਤਾਨੀ ਮੂਲ ਦੇ ਲੋਕਾਂ ਦੇ ਗਿਰੋਹ ਵੱਲੋਂ ਬ੍ਰਿਟਿਸ਼ ਸਿੱਖ ਲੜਕੀਆਂ ਦੇ ਸੈਕਸ ਸ਼ੋਸ਼ਣ ਦਾ ਮਾਮਲਾ ਐੱਸ. ਜੀ. ਪੀ. ਸੀ. ਦੀ ਇਸੇ ਮਹੀਨੇ ਹੋਣ ਵਾਲੀ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ 'ਚ ਇਸ ਮੁੱਦੇ 'ਤੇ ਚਰਚਾ ਹੋਵੇਗੀ। ਲੋਕਾਂ ਨੇ ਦੋਸ਼ ਲਾਇਆ ਕਿ ਇਨ੍ਹਾਂ ਘਟਨਾਵਾਂ 'ਤੇ ਅਧਿਕਾਰੀਆਂ ਵੱਲੋਂ ਸਿਆਸੀ ਕਾਰਨਾਂ ਕਰਕੇ ਪੂਰਾ ਧਿਆਨ ਨਹੀਂ ਦਿੱਤਾ ਗਿਆ ਹੈ। ਬੀਤੇ ਕੱਲ ਜਾਰੀ ਇਕ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ। 'ਸਮੁੱਚੇ ਬ੍ਰਿਟੇਨ 'ਚ ਸਿੱਖ ਲੜਕੀਆਂ ਦਾ ਧਾਰਮਿਕ ਆਧਾਰ 'ਤੇ ਸੈਕਸ ਸ਼ੋਸ਼ਣ' ਸਿਰਲੇਖ ਵਾਲੀ ਰਿਪੋਰਟ ਸਿੱਖ ਵਿਚੋਲਗੀ ਅਤੇ ਮੁੜ ਵਸੇਬੇ ਸਮੂਹ (ਸਮਾਰਟ) ਅਤੇ ਸਿੱਖ ਯੂਥ ਯੂ. ਕੇ. ਨੇ ਤਿਆਰ ਕੀਤੀ ਹੈ। ਇਸ ਰਿਪੋਰਟ ਨੂੰ ਇਥੋਂ ਦੇ ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ। ਇਸ 'ਚ ਪਿਛਲੇ ਕਈ ਦਹਾਕਿਆਂ ਤੋਂ ਹੋ ਰਹੇ ਸ਼ੋਸ਼ਣ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ 19ਵੀਂ ਸਦੀ ਦੇ ਅੱਠਵੇਂ ਦਹਾਕੇ ਦੀ ਸ਼ੁਰੂਆਤ 'ਚ ਬ੍ਰਿਟਿਸ਼ ਸਿੱਖ ਸੰਗਠਨਾਂ ਵੱਲੋਂ ਇਕੱਠੇ ਕੀਤੇ ਸਬੂਤਾਂ 'ਚ ਦੇਖਿਆ ਗਿਆ ਕਿ ਮੁੱਖ ਰੂਪ ਨਾਲ ਪਾਕਿਸਤਾਨੀ ਜਾਂ ਮੁਸਲਿਮ ਅਪਰਾਧੀਆਂ ਵੱਲੋ ਗਿਰੋਹ ਤਿਆਰ ਕਰਕੇ ਯੁਵਾ ਬ੍ਰਿਟਿਸ਼ ਸਿੱਖ ਔਰਤਾਂ ਨੂੰ ਸੈਕਸ ਸ਼ੋਸ਼ਣ ਲਈ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਇਨ੍ਹਾਂ 'ਚੋਂ ਜ਼ਿਆਦਾਤਰ ਅਪਰਾਧਾਂ ਨੂੰ ਦਰਜ ਨਹੀਂ ਕੀਤਾ ਗਿਆ। ਇਸ ਤੋਂ ਸਵਾਲ ਉੱਠਦਾ ਹੈ ਕਿ ਕੀ ਸਿੱਖ ਨੌਜਵਾਨ ਔਰਤਾਂ ਪੀੜਤ ਹਨ ਜਾਂ ਉਨ੍ਹਾਂ ਨੂੰ ਧਾਰਮਿਕ ਆਧਾਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਦਹਾਕਿਆਂ ਤੋਂ ਹੋ ਰਿਹੈ ਸੈਕਸ ਸ਼ੋਸ਼ਣ
ਸਿੱਖ ਭਾਈਚਾਰੇ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ 1960 ਦੇ ਦਹਾਕੇ 'ਚ ਸ਼ੁਰੂ ਹੋਈ ਸੀ ਪਰ 2012 'ਚ ਇਸ ਗਿਰੋਹ ਦਾ ਖੁਲਾਸਾ ਹੋਇਆ। ਇਸ ਰਿਪੋਰਟ ਦਾ ਕਹਿਣਾ ਹੈ ਕਿ ਇਸ 'ਚ ਕਿਸੇ ਵੀ ਵਿਅਕਤੀ, ਭਾਈਚਾਰੇ, ਸੰਸਕ੍ਰਿਤੀ ਜਾਂ ਵਿਸ਼ਵਾਸ ਨੂੰ ਠੇਸ ਨਹੀਂ ਪਹੁੰਚੀ ਹੈ ਪਰ ਜੋ ਤੱਥ ਹਨ, ਉਹ ਸਾਹਮਣੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸੱਚ ਨੂੰ ਸਮਝੇ ਬਿਨਾਂ ਇਸ ਦਾ ਹੱਲ ਸੰਭਵ ਨਹੀਂ ਹੈ। ਬ੍ਰਿਟੇਨ ਦੀ ਲੇਬਰ ਪਾਰਟੀ ਦੀ ਇਕ ਸੰਸਦ ਮੈਂਬਰ ਸਾਰਾ ਦਾ ਕਹਿਣਾ ਹੈ ਕਿ ਮੈਂ ਜਦੋਂ ਇਸ ਘਟਨਾ ਬਾਰੇ ਪਹਿਲੀ ਵਾਰ ਸੁਣਿਆ ਤਾਂ ਯਕੀਨ ਨਹੀਂ ਹੋਇਆ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਪਾਕਿਸਤਾਨੀ ਮਰਦਾਂ ਵੱਲੋਂ ਸਿੱਖ ਲੜਕੀਆਂ ਨਾਲ ਦੁਰਵਰਤਾਓ ਦੀ ਘਟਨਾ ਨਿੰਦਣਯੋਗ ਹੈ। ਸਾਰਾ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਦਹਾਕਿਆਂ ਤੋਂ ਸਿੱਖ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਮੈਂ ਸਿੱਖ ਔਰਤਾਂ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਤੋਂ ਮੁਕਤ ਹੋਣਾ ਹੋਵੇਗਾ। ਸਿੱਖ ਲੜਕੀਆਂ 'ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣਾ ਯਕੀਨੀ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਗੰਭੀਰ ਹੈ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਉਥੇ ਹੀ ਲੇਬਰ ਪਾਰਟੀ ਦੇ ਇਕ ਹੋਰ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਿੱਖ ਲੜਕੀਆਂ 'ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣਾ ਅਤੇ ਇਸ ਕਲੰਕ ਨੂੰ ਖਤਮ ਕਰਨ ਲਈ ਕਦਮ ਚੁੱਕਣੇ ਹੋਣਗੇ। ਉਨ੍ਹਾਂ ਕਿਹਾ ਕਿ ਯੋਜਨਾਬੱਧ ਤਰੀਕੇ ਨਾਲ ਟਾਰਗੈੱਟ ਕੀਤੀਆਂ ਜਾ ਰਹੀਆਂ ਲੜਕੀਆਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ ਜਾਵੇਗਾ।

ਬਹੁਤ ਹੀ ਨਿੰਦਣਯੋਗ ਘਟਨਾ ਹੈ। ਅਸੀਂ ਇਸ ਮਾਮਲੇ ਨੂੰ ਕੌਮਾਂਤਰੀ ਪੱਧਰ 'ਤੇ ਚੁੱਕਾਂਗੇ ਅਤੇ ਬ੍ਰਿਟਿਸ਼ ਸਰਕਾਰ ਨੂੰ ਚਿੱਠੀ ਲਿਖ ਕੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਅਪੀਲ ਕਰਾਂਗੇ। ਉਸ ਤੋਂ ਪਹਿਲਾਂ ਕੋਸ਼ਿਸ਼ ਰਹੇਗੀ ਕਿ ਬ੍ਰਿਟਿਸ਼ ਹਾਈ ਕਮਿਸ਼ਨ ਕੋਲ ਇਸ ਮੁੱਦੇ ਨੂੰ ਪਹੁੰਚਾਇਆ ਜਾਵੇ। -ਭਾਈ ਗੋਬਿੰਦ ਸਿੰਘ ਲੌਂਗੋਵਾਲ

ਇਹ ਮਾਮਲਾ ਬਹੁਤ ਹੀ ਗੰਭੀਰ ਹੈ ਅਤੇ ਮੁਸਲਿਮ ਭਾਈਚਾਰੇ ਦੇ ਮੁਖੀ ਨੂੰ ਇਨ੍ਹਾਂ ਲੜਕਿਆਂ 'ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ। ਮੇਰੀ ਐੱਸ. ਜੀ. ਪੀ. ਸੀ. ਨੂੰ ਅਪੀਲ ਹੈ ਕਿ ਉਹ ਲੜਕਿਆਂ ਨੂੰ ਗੁਰੂ ਘਰ ਨਾਲ ਜੋੜਨ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ। -ਗਿਆਨੀ ਗੁਰਬਚਨ ਸਿੰਘ, ਸਾਬਕਾ ਪ੍ਰਧਾਨ ਐੱਸ. ਜੀ. ਪੀ. ਸੀ.

ਇਸ ਤਰ੍ਹਾਂ ਦੇ ਅੱਤਿਆਚਾਰ ਦੇ ਸਬੰਧ ਦੀ ਸ਼ਿਕਾਇਤ ਐੱਸ. ਜੀ. ਪੀ. ਸੀ. ਨੂੰ ਪਹੁੰਚ ਗਈ ਹੈ ਅਤੇ ਇਹ ਇਕ ਬਹੁਤ ਹੀ ਦੁਖਦਾਈ ਪਹਿਲੂ ਹੈ। ਇਸ ਮੁੱਦੇ 'ਤੇ ਧਰਮ ਪ੍ਰਚਾਰ ਕਮੇਟੀ ਦੀ 7 ਦਸੰਬਰ ਨੂੰ ਹੋਣ ਵਾਲੀ ਮੀਟਿੰਗ 'ਚ ਵਿਚਾਰ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।       -ਦਲਜੀਤ ਸਿੰਘ ਬੇਦੀ, ਬੁਲਾਰਾ ਐੱਸ. ਜੀ. ਪੀ. ਸੀ.

ਇਹ ਇਕ ਬਹੁਤ ਹੀ ਦੁਖਦਾਈ ਮਾਮਲਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ  ਕਮੇਟੀ ਇਸ ਮਸਲੇ 'ਤੇ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰੀ ਨਾਲ ਗੱਲ ਕਰੇਗੀ। ਇਸ ਦੇ ਨਾਲ ਹੀ ਕਮੇਟੀ ਬ੍ਰਿਟਿਸ਼ ਹਾਈ ਕਮਿਸ਼ਨ ਤੋਂ ਸਮਾਂ ਲੈ ਕੇ ਇਸ ਮੁੱਦੇ 'ਤੇ ਗੱਲ ਕਰੇਗੀ। -ਮਨਜੀਤ ਸਿੰਘ ਜੀ. ਕੇ. ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਕਮੇਟੀ।

ਯੂ. ਕੇ. ਵਿਚ ਲੜਕੀਆਂ ਨਾਲ ਸੈਕਸ ਸ਼ੋਸ਼ਣ ਦੀਆਂ ਵਧਦੀਆਂ ਘਟਨਾਵਾਂ ਅਪਰਾਧ ਹਨ। ਸਮਾਜ ਦੀ ਭਲਾਈ ਲਈ ਇਸ ਨੂੰ ਜੜ੍ਹ ਤੋਂ ਖਤਮ ਕੀਤਾ ਜਾਣਾ ਅਤਿ ਅਹਿਮ  ਅਤੇ ਜ਼ਰੂਰੀ ਹੈ। ਇਸ ਮਾਮਲੇ ਨੂੰ ਉਠਾ ਰਹੇ ਵਿਅਕਤੀ ਵਿਸ਼ੇਸ਼ ਅਤੇ ਸੰਸਥਾਵਾਂ ਦਾ ਪੂਰਾ ਸਮਰਥਨ ਕੀਤਾ ਜਾਵੇਗਾ  –ਤਨਮਨਜੀਤ ਸਿੰਘ ਢੇਸੀ ਬ੍ਰਿਟਿਸ਼ ਸੰਸਦ ਮੈਂਬਰ


Anuradha

Content Editor

Related News