ਭਾਰਤੀ ਸਰਹੱਦ 'ਚ 2 ਵਾਰ ਦਾਖਲ ਹੋਏ ਪਾਕਿ ਡਰੋਨ, ਫੌਜ ਨੇ ਕੀਤੀ ਗੋਲੀਬਾਰੀ
Tuesday, Jan 14, 2020 - 11:13 AM (IST)
ਫਿਰੋਜ਼ਪੁਰ (ਮਨਦੀਪ, ਕੁਮਾਰ) - ਭਾਰਤ-ਪਾਕਿ ਸਰਹੱਦ 'ਤੇ ਫਿਰੋਜ਼ਪੁਰ ਦੀ ਬੀ. ਓ. ਪੀ. ਸ਼ਾਮੇ ਕੇ ਦੇ ਪਿੰਡ ਟੇਂਡੀਵਾਲਾ ਦੇ ਇਲਾਕੇ 'ਚ ਰਾਤ ਦੇ ਸਮੇਂ 2 ਵਾਰ ਪਾਕਿਸਤਾਨੀ ਡਰੋਨ ਸੂਤਰਾਂ ਮੁਤਾਬਕ ਭਾਰਤੀ ਸਰਹੱਦ 'ਚ ਦਾਖਲ ਹੁੰਦਾ ਦੇਖਿਆ ਗਿਆ। ਜਾਣਕਾਰੀ ਅਨੁਸਾਰ ਦੂਜੀ ਵਾਰ ਰਾਤ 8.48 ਵਜੇ ਦੇ ਕਰੀਬ ਜਦੋਂ ਪਾਕਿਸਤਾਨੀ ਡਰੋਨ ਭਾਰਤੀ ਸਰਹੱਦ 'ਚ ਦਾਖਲ ਹੋਇਆ ਤਾਂ ਬੀ. ਐੱਸ.ਐੱਫ. ਦੀ 136 ਬਟਾਲੀਅਨ ਵਲੋਂ ਡਰੋਨ ਡੇਗਣ ਲਈ ਉਸ 'ਤੇ ਫਾਇਰਿੰਗ ਕੀਤੀ ਗਈ ਪਰ ਡਰੋਨ ਕਿਸੇ ਤਰ੍ਹਾਂ ਬਚ ਨਿਕਲਿਆ। ਇਸ ਤੋਂ ਬਾਅਦ ਬੀ.ਐੱਸ.ਐੱਫ. ਨੇ ਪੰਜਾਬ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕੀਤਾ ਅਤੇ ਉਨ੍ਹਾਂ ਵਲੋਂ ਜਿਥੇ ਡਰੋਨ ਦੇਖਿਆ ਗਿਆ, ਉਥੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਦੂਜੇ ਪਾਸੇ ਪੰਜਾਬ ਪੁਲਸ ਦੇ ਐੱਸ.ਪੀ. ਆਪ੍ਰੇਸ਼ਨ ਬਲਜੀਤ ਸਿੰਘ ਸਿੱਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਪਤਾ ਨਹੀਂ ਲੱਗਾ ਕਿ ਡਰੋਨ ਸੀ ਜਾਂ ਕੋਈ ਹੋਰ ਫਲਾਇੰਗ ਓਬਜੈਕਟ। ਉਨ੍ਹਾਂ ਕਿਹਾ ਕਿ ਬੀ.ਐੱਸ.ਐੱਫ. ਵੱਲੋਂ ਉਨ੍ਹਾਂ ਨੂੰ ਕਿਸੇ ਫਲਾਇੰਗ ਓਬਜੈਕਟ, ਜਿਸ 'ਤੇ ਲਾਈਟ ਜਗ ਰਹੀ ਸੀ, ਸਬੰਧੀ ਜਾਣਕਾਰੀ ਦਿੱਤੀ ਗਈ ਸੀ ਅਤੇ ਉਨ੍ਹਾਂ ਵੱਲੋਂ ਉਸ 'ਤੇ ਫਾਇਰਿੰਗ ਕਰਨ ਦੀ ਕੋਈ ਜਾਣਕਾਰੀ ਨਹੀਂ ਮਿਲੀ। ਇਸ ਜਾਣਕਾਰੀ ਦੇ ਆਧਾਰ 'ਤੇ ਉਸ ਖੇਤਰ 'ਚ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਜੋ ਚੀਜ਼ ਰਾਤ ਨੂੰ ਉਸ ਖੇਤਰ ਵਿਚ ਦੇਖੀ ਗਈ, ਉਹ ਕੀ ਸੀ?