ਪਾਕਿ ਸਥਿਤ ਸ਼੍ਰੀ ਕਟਾਸਰਾਜ ਦੇ ਅਮਰਕੁੰਡ ’ਚ ਦਿਖਾਈ ਦਿੱਤਾ ਚਮਤਕਾਰ, ਕੁਦਰਤੀ ਤੌਰ ’ਤੇ ਭਰਿਆ ਜਲ

Sunday, Apr 05, 2020 - 09:22 AM (IST)

ਪਾਕਿ ਸਥਿਤ ਸ਼੍ਰੀ ਕਟਾਸਰਾਜ ਦੇ ਅਮਰਕੁੰਡ ’ਚ ਦਿਖਾਈ ਦਿੱਤਾ ਚਮਤਕਾਰ, ਕੁਦਰਤੀ ਤੌਰ ’ਤੇ ਭਰਿਆ ਜਲ

ਜਲੰਧਰ (ਧਵਨ) - ਦੁਨੀਆ ਭਰ ਵਿਚ ਜਿੱਥੇ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ, ਉਥੇ ਦੂਜੇ ਪਾਸੇ ਧਰਮ ਜਗਤ ਲਈ ਇਕ ਸੁਖਾਵੀਂ ਘਟਨਾ ਦਾ ਪਤਾ ਲੱਗਾ ਹੈ। ਭਗਵਾਨ ਸ਼ਿਵ ਸ਼ੰਕਰ ਜੀ ਨਾਲ ਜੁੜੇ ਪ੍ਰਾਚੀਨ ਅਤੇ ਧਰਤੀ ਦੇ ਦੂਜੇ ਨੇਤਰ ਕਹੇ ਜਾਣ ਵਾਲੇ ਤੀਰਥ ਸ਼੍ਰੀ ਕਟਾਸਰਾਜ ਧਾਮ (ਪਾਕਿਸਤਾਨ) ਵਿਚ ਸਥਿਤ ਸ਼੍ਰੀ ਅਮਰਕੁੰਡ ਵਿਚ ਭਾਰੀ ਜਲ ਭਰ ਗਿਆ ਹੈ। ਇਹ ਘਟਨਾ ਕੁਦਰਤੀ ਤੌਰ ’ਤੇ ਸਾਹਮਣੇ ਆਈ ਹੈ। ਕੇਂਦਰੀ ਸਨਾਤਨ ਧਰਮ ਸਭਾ ਉਤਰ ਭਾਰਤ ਦੇ ਪ੍ਰਧਾਨ ਤੇ ਸ਼੍ਰੀ ਕਟਾਸਰਾਜ ਧਾਮ ਤੀਰਥ ਯਾਤਰਾ ਦੇ ਕਨਵੀਨਰ ਸ਼ਿਵਪ੍ਰਤਾਪ ਬਜਾਜ ਨੇ ਦੱਸਿਆ ਕਿ ਸ਼੍ਰੀ ਕਟਾਸਰਾਜ ਧਾਮ ਸਥਿਤ ਸ਼੍ਰੀ ਅਮਰਕੁੰਡ ਵਿਚ ਪਿਛਲੇ 72-73 ਸਾਲਾਂ ਤੋਂ ਪਵਿੱਤਰ ਜਲ ਦੀ ਭਾਰੀ ਕਮੀ ਮਹਿਸੂਸ ਹੋ ਰਹੀ ਸੀ। 

ਸ਼ਰਧਾਲੂਆਂ ਨੂੰ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਵਿਚ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਵੀ ਅਮਰਕੁੰਡ ਵਿਚ ਜਲ ਦੀ ਪੂਰਨ ਵਿਵਸਥਾ ਕਰਨ ਲਈ ਦਖਲ ਦਿੱਤਾ ਸੀ ਤੇ ਪਾਕਿਸਤਾਨ ਸਰਕਾਰ ਨੂੰ ਸਰੋਵਰ ਵਿਚ ਜਲ ਦੀ ਕਮੀ ਦੇ ਮਸਲੇ ਨੂੰ ਹੱਲ ਕਰਨ ਲਈ ਨੋਟਿਸ ਭੇਜਿਆ ਸੀ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਬਜਾਜ ਨੇ ਦੱਸਿਆ ਕਿ ਹੁਣ ਭਗਵਾਨ ਸ਼ਿਵ ਦੀ ਕ੍ਰਿਪਾ ਨਾਲ ਪਿਛਲੇ ਕੁਝ ਦਿਨਾਂ ਤੋਂ ਪਵਿੱਤਰ ਅਮਰਕੁੰਡ ਵਿਚ ਜਲ ਖੁਦ ਹੀ ਭਰ ਗਿਆ ਹੈ। ਹਜ਼ਾਰਾਂ ਸਾਲਾਂ ਤੋਂ ਵਹਿ ਰਹੇ ਜਲ ਦੇ ਆਧਾਰ ਅਮਰਕੁੰਡ ਦੇ ਹੇਠਾਂ ਸਥਿਤ ਚਸ਼ਮੇ (ਜਲ ਸੋਮੇ) ਸਨ, ਉਹ ਹੁਣ ਪੂਰੀ ਤਰ੍ਹਾਂ ਖੁੱਲ੍ਹ ਗਏ ਹਨ ਅਤੇ ਉਨ੍ਹਾਂ ਦਾ ਪਾਣੀ ਅਮਰਕੁੰਡ ’ਚ ਲਗਾਤਾਰ ਸ਼ਾਮਲ ਹੋ ਰਿਹਾ ਹੈ। ਸ਼੍ਰੀ ਅਮਰਕੁੰਡ ਦਾ ਅੰਮ੍ਰਿਤ ਜਲ ਬੇਹੱਦ ਮਨਮੋਹਕ ਅਤੇ ਨਿਰਮਲ ਨਜ਼ਰ ਆ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਵਿੱਤਰ ਸਰੋਵਰ ਵਿਚ ਜਲ ਦੇ ਆਉਣ ਦੀ ਸੂਚਨਾ ਪਾਕਿਸਤਾਨ ਓਕਾਫ ਬੋਰਡ ਦੇ ਡਿਪਟੀ ਸੈਕਰੇਟਰੀ ਜਨਰਲ ਸਈਅਦ ਫਰਾਜ ਅੱਬਾਸ ਨੇ ਦਿੱਤੀ ਹੈ ਅਤੇ ਉਨ੍ਹਾਂ ਇਸ ਸਬੰਧ ਿਵਚ ਤਸਵੀਰਾਂ ਵੀ ਸ਼੍ਰੀ ਬਜਾਜ ਨੂੰ ਭੇਜੀਆਂ। ਬਜਾਜ ਨੇ ਦੱਸਿਆ ਕਿ ਪਵਿੱਤਰ ਅਮਰਕੁੰਡ ਵਿਚ ਜਲ ਆ ਜਾਣ ਕਾਰਣ ਸ਼੍ਰੀ ਕਟਾਸਰਾਜ ਧਾਮ ਸ਼ਿਵ ਮੰਦਰ ਵਿਚ ਇਸ ਖੁਸ਼ੀ ਨੂੰ ਲੈ ਕੇ ਸ਼ਰਧਾਲੂਆਂ ਨੇ ਪੂਜਾ ਅਰਚਨਾ ਕੀਤੀ ਤੇ ਭਗਵਾਨ ਭੋਲੇ ਨਾਥ ਦਾ ਧੰਨਵਾਦ ਕੀਤਾ ਕਿਉਂਕਿ ਅਨੇਕਾਂ ਸਾਲਾਂ ਬਾਅਦ ਲੋਕਾਂ ਦੀ ਇਹ ਮਨੋਕਾਮਨਾ ਪੂਰੀ ਹੋਈ ਹੈ। ਪਵਿੱਤਰ ਅਮਰ ਕੁੰਡ ਵਿਚ ਜਲ ਦੇ ਵਧਣ ਨਾਲ ਨੇੜੇ ਦੇ ਤਲਾਬ ਪਾਣੀ ਨਾਲ ਭਰ ਰਹੇ ਹਨ ਜੋ ਕਿ ਇਸ ਇਲਾਕੇ ਲਈ ਕੁਦਰਤ ਦੇ ਅਨਮੋਲ ਤੋਹਫੇ ਸਾਬਿਤ ਹੋਣਗੇ।


author

rajwinder kaur

Content Editor

Related News