ਜਗਜੀਤ ਕੌਰ ਨੂੰ ਅਗਵਾ ਕਰਨ ਵਾਲੇ ਦੋਸ਼ੀ ਨੂੰ ਲਾਹੌਰ ਹਾਈਕੋਰਟ ਨੇ ਦਿੱਤੀ ਜ਼ਮਾਨਤ

Tuesday, Sep 03, 2019 - 03:15 PM (IST)

ਜਗਜੀਤ ਕੌਰ ਨੂੰ ਅਗਵਾ ਕਰਨ ਵਾਲੇ ਦੋਸ਼ੀ ਨੂੰ ਲਾਹੌਰ ਹਾਈਕੋਰਟ ਨੇ ਦਿੱਤੀ ਜ਼ਮਾਨਤ

ਗੁਰਦਾਸਪੁਰ/ਲਾਹੌਰ (ਵਿਨੋਦ) : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਥਿਤ ਨਨਕਾਣਾ ਸਾਹਿਬ ਨੇੜੇ ਇਕ ਗ੍ਰੰਥੀ ਦੀ ਲੜਕੀ ਜਗਜੀਤ ਕੌਰ ਦਾ ਮੁਸਲਿਮ ਨੌਜਵਾਨ ਵੱਲੋਂ ਅਗਵਾ ਕਰਕੇ ਉਸ ਦਾ ਧਰਮ ਪਰਿਵਰਤਨ ਕਰਨ ਦੇ ਬਾਅਦ ਉਸ ਨਾਲ ਵਿਆਹ ਕਰਵਾਉਣ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਲਾਹੌਰ ਹਾਈਕੋਰਟ ਨੇ ਜਗਜੀਤ ਕੌਰ ਨਾਲ ਵਿਆਹ ਕਰਨ ਵਾਲੇ ਮੁਹੰਮਦ ਹਸਨ ਨੂੰ 7 ਸਤੰਬਰ ਤੱਕ ਗ੍ਰਿਫ਼ਤਾਰ ਨਾ ਕਰਨ ਅਤੇ ਸੰਬੰਧਿਤ ਪੁਲਸ ਸਟੇਸ਼ਨ ਵਿਚ ਕੇਸ ਦੀ ਚੱਲ ਰਹੀ ਜਾਂਚ ਵਿਚ ਸ਼ਾਮਲ ਹੋਣ ਦਾ ਆਦੇਸ਼ ਦਿੱਤਾ।

ਦੋਸ਼ੀ ਮੁਹੰਮਦ ਹਸਨ ਦੇ ਵਕੀਲ ਨਦੀਨ ਸਰਵਰ ਨੇ ਅਦਾਲਤ ਵਿਚ ਆਪਣੀ ਦਾਇਰ ਪਟੀਸ਼ਨ ਵਿਚ ਕਿਹਾ ਕਿ ਜਗਜੀਤ ਕੌਰ ਦੇ ਪਰਿਵਾਰ ਵੱਲੋਂ ਜੋ ਪੁਲਸ ਸਟੇਸ਼ਨ ਵਿਚ ਐਫ.ਆਈ.ਆਰ ਦਰਜ ਕਰਵਾਈ ਗਈ ਹੈ ਉਹ ਝੂਠੀ ਹੈ ਅਤੇ ਜਗਜੀਤ ਕੌਰ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ। ਉਸ ਨੇ ਵਿਆਹ ਤੋਂ ਪਹਿਲਾਂ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਅਪਣਾਇਆ ਸੀ ਅਤੇ ਇਸਲਾਮ ਧਰਮ ਅਪਣਾਉਣ ਤੋਂ ਬਾਅਦ ਉਸ ਦਾ ਨਾਮ ਆਯਸ਼ਾ ਰੱਖਿਆ ਗਿਆ ਸੀ। ਜਗਜੀਤ ਕੌਰ ਉਰਫ਼ ਆਯਸ਼ਾ ਪਹਿਲਾਂ ਹੀ ਜੱਜ ਦੇ ਸਾਹਮਣੇ ਧਾਰਾ 264 ਅਧੀਨ ਆਪਣਾ ਬਿਆਨ ਦਰਜ ਕਰਵਾ ਚੁੱਕੀ ਹੈ ਅਤੇ ਆਪਣੇ ਦਿੱਤੇ ਬਿਆਨ ਵਿਚ ਜਗਜੀਤ ਕੌਰ ਨੇ ਸਵੀਕਾਰ ਕੀਤਾ ਸੀ ਕਿ ਉਸ ਨੇ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਅਪਣਾ ਕਰਕੇ ਮੁਹੰਮਦ ਹਸਨ ਨਾਲ ਵਿਆਹ ਕੀਤਾ ਹੈ। ਪੁਲਸ ਬਿਨਾਂ ਕਾਰਨ ਜਗਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਅਤੇ ਸਿੱਖ ਭਾਈਚਾਰੇ ਦੇ ਦਬਾਅ ਵਿਚ ਆ ਕੇ ਮੁਹੰਮਦ ਹਸਨ ਦੇ ਪਰਿਵਾਰ ਨੂੰ ਪ੍ਰੇਸ਼ਾਨ ਕਰ ਰਹੀ ਹੈ। ਵਕੀਲ ਨੇ ਵੀ ਕਿਹਾ ਕਿ ਆਯਸ਼ਾ ਉਰਫ਼ ਜਗਜੀਤ ਕੌਰ ਖੁਦ ਵੀ ਅਦਾਲਤ ਵਿਚ ਪੇਸ਼ ਹੋਣਾ ਚਾਹੁੰਦੀ ਸੀ, ਪਰ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਉਸ ਨੂੰ ਅਦਾਲਤ ਵਿਚ ਪੁਲਸ ਪੇਸ਼ ਨਹੀਂ ਕਰ ਪਾਈ ਹੈ। ਉਹ ਇਸ ਸਮੇਂ ਦਰੂਲ ਅਮਾਨ 'ਚ ਰਹਿ ਰਹੀ ਹੈ।

ਪਾਕਿਸਤਾਨ ਸਥਿਤ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਿਹਾ ਹੈ ਕਿ ਲਾਹੌਰ ਹਾਈਕੋਰਟ ਤੋਂ ਦੋਸ਼ੀ ਨੂੰ ਜ਼ਮਾਨਤ ਦਿਵਾਉਣ ਵਿਚ ਪੁਲਸ ਨੇ ਅਹਿਮ ਭੂਮਿਕਾ ਨਭਾਈ ਹੈ। ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਤੇ ਜਗਜੀਤ ਕੌਰ ਨੂੰ ਉਨ੍ਹਾਂ ਨੂੰ ਸੌਂਪਿਆ ਨਹੀਂ ਜਾਂਦਾ, ਉਦੋਂ ਤੱਕ ਗੁਰਦੁਆਰਾ ਵਿਚ ਮੁਸਲਿਮ ਫਿਰਕੇ ਦੇ ਲੋਕਾਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸੰਘਰਸ਼ ਦਾ ਰਸਤਾ ਅਪਣਾਇਆ ਜਾਵੇਗਾ।


author

cherry

Content Editor

Related News