ਪਾਕਿ ਤੋਂ ਆਏ 'ਬਲਦੇਵ' ਵੀਜ਼ਾ ਖਤਮ ਹੋਣ 'ਤੇ ਬੋਲੇ, ''ਕੈਪਟਨ-ਮੋਦੀ ਜ਼ਰੂਰ ਦੇਣਗੇ ਸ਼ਰਨ''
Wednesday, Nov 13, 2019 - 12:20 PM (IST)

ਲੁਧਿਆਣਾ (ਵਿਪਨ) : ਪਾਕਿਸਤਾਨ ਦੇ ਬਾਰੀਕੋਟ ਤੋਂ ਭਾਰਤ ਪੁੱਜੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦਾ 3 ਮਹੀਨਿਆਂ ਦਾ ਵੀਜ਼ਾ ਮੰਗਲਵਾਰ ਨੂੰ ਖਤਮ ਹੋ ਗਿਆ ਹੈ, ਹਾਲਾਂਕਿ ਉਨ੍ਹਾਂ ਨੇ 2 ਮਹੀਨੇ ਪਹਿਲਾਂ ਹੀ ਵੀਜ਼ੇ ਲਈ ਆਨਲਾਈਨ ਅਪਲਾਈ ਕਰ ਦਿੱਤਾ ਸੀ ਪਰ ਅਜੇ ਤੱਕ ਸਰਕਾਰ ਵਲੋਂ ਇਸ ਦਾ ਜਵਾਬ ਨਹੀਂ ਆਇਆ ਹੈ। ਬਲਦੇਵ ਕੁਮਾਰ ਕਿਸੇ ਵੀ ਹਾਲਤ 'ਚ ਪਾਕਿਸਤਾਨ ਵਾਪਸ ਨਹੀਂ ਜਾਣਾ ਚਾਹੁੰਦੇ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਪੂਰਾ ਭਰੋਸਾ ਹੈ ਕਿ ਉਨ੍ਹਾਂ ਨੂੰ ਭਾਰਤ 'ਚ ਸ਼ਰਨ ਜ਼ਰੂਰ ਦਿੱਤੀ ਜਾਵੇਗੀ। ਬਲਦੇਵ ਕੁਮਾਰ ਨੇ ਅਜੇ 2 ਦਿਨ ਪਹਿਲਾਂ ਹੀ ਇਸ ਦਾ ਰਿਮਾਂਈਡਰ ਵੀ ਸਰਕਾਰ ਨੂੰ ਭੇਜਿਆ ਹੈ।
ਪਾਕਿਸਤਾਨ 'ਚ ਜਾਨ ਦਾ ਖਤਰਾ
ਬਲਦੇਵ ਕੁਮਾਰ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਉਨ੍ਹਾਂ ਦੀ ਜਾਨ ਨੂੰ ਅੱਤਵਾਦੀਆਂ ਅਤੇ ਆਈ. ਐੱਸ. ਆਈ. ਤੋਂ ਖਤਰਾ ਹੈ, ਜਿਸ ਕਾਰਨ ਉਹ ਵਾਪਸ ਨਹੀਂ ਜਾਣਾ ਚਾਹੁੰਦੇ। ਬਲਦੇਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਸਰਹੱਦ ਟੱਪਦਿਆਂ ਹੀ ਉਨ੍ਹਾਂ ਨੂੰ ਸ਼ੂਟ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ 'ਤੇ ਪਾਕਿਸਤਾਨ 'ਚ 50 ਲੱਖ ਦਾ ਇਨਾਮ ਵੀ ਰੱਖਿਆ ਗਿਆ ਹੈ। ਬਲਦੇਵ ਕੁਮਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ 'ਚ ਉਨ੍ਹਾਂ ਨੂੰ ਸਿਆਸੀ ਸ਼ਰਨ ਦੇਣ। ਬਲਦੇਵ ਕੁਮਾਰ ਨੇ ਕਿਹਾ ਕਿ ਉਹ ਕੋਈ ਏਜੰਟ ਨਹੀਂ ਹਨ ਅਤੇ ਇਹ ਸਭ ਗਲਤ ਕਿਹਾ ਜਾ ਰਿਹਾ ਹੈ।
ਖੰਨਾ 'ਚ ਹੈ ਸਹੁਰਾ ਪਰਿਵਾਰ
ਬਲਦੇਵ ਕੁਮਾਰ ਦਾ ਸਹੁਰਾ ਪਰਿਵਾਰ ਖੰਨਾ 'ਚ ਰਹਿੰਦਾ ਹੈ। ਉਨ੍ਹਾਂ ਦੀ ਬੇਟੀ ਥੈਲੇਸੀਮੀਆ ਤੋਂ ਪੀੜਤ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਪਿਛਲੇ ਦਿਨੀਂ ਉਨ੍ਹਾਂ ਦਾ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਨਾਲ ਝਗੜਾ ਹੋ ਗਿਆ ਸੀ ਅਤੇ ਸਹੁਰਾ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਬਲਦੇਵ ਉਨ੍ਹਾਂ ਦੀ ਧੀ ਨੂੰ ਠੀਕ ਤਰੀਕੇ ਨਾਲ ਨਹੀਂ ਰੱਖਦਾ ਅਤੇ ਕੋਈ ਕੰਮ-ਕਾਰ ਵੀ ਨਹੀਂ ਕਰਦਾ, ਜਿਸ ਤੋਂ ਬਾਅਦ ਬਲਦੇਵ ਕੁਮਾਰ ਨੂੰ ਥਾਣੇ ਜਾਣਾ ਪਿਆ ਸੀ, ਹਾਲਾਂਕਿ ਇਹ ਝਗੜਾ ਬਾਅਦ 'ਚ ਸੁਲਝਾ ਲਿਆ ਗਿਆ ਸੀ।
ਪਾਕਿ 'ਚੋਂ ਮਿਲੀਆਂ ਧਮਕੀਆਂ ਕਾਰਨ ਭਾਰਤ ਪੁੱਜੇ ਸੀ ਬਲਦੇਵ
ਪਾਕਿਸਤਾਨ 'ਚ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਪਾਕਿਸਤਾਨ 'ਚੋਂ ਧਮਕੀਆਂ ਮਿਲਣ ਤੋਂ ਬਾਅਦ 3 ਮਹੀਨੇ ਪਹਿਲਾਂ ਅਗਸਤ 'ਚ ਭਾਰਤ ਪੁੱਜੇ ਸਨ। ਉੱਥੋਂ ਆਉਣ ਤੋਂ ਬਾਅਦ ਵੀ ਇਮਰਾਨ ਖਾਨ ਦੇ ਕਰੀਬੀ ਉਨ੍ਹਾਂ ਨੂੰ ਧਮਕੀਆਂ ਦਿੰਦੇ ਰਹੇ ਹਨ। ਬਲਦੇਵ ਕੁਮਾਰ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਅਜਿਹੇ 'ਚ ਭਾਰਤ ਸਰਕਾਰ ਕਦੇ ਵੀ ਉਨ੍ਹਾਂ ਨੂੰ ਪਾਕਿਸਤਾਨ ਨਹੀਂ ਭੇਜੇਗੀ।