ਪਾਕਿ ਤੋਂ ਆਏ ਬਲਦੇਵ ਕੁਮਾਰ ''ਤੇ ਹਿੰਦੂ ਸੰਗਠਨਾਂ ਨੇ ਬੋਲਿਆ ਹੱਲਾ, ਵਧ ਸਕਦੀਆਂ ਨੇ ਮੁਸ਼ਕਲਾਂ
Thursday, Sep 12, 2019 - 11:31 AM (IST)
ਖੰਨਾ (ਕਮਲ) : ਪਾਕਿਸਤਾਨ 'ਚ ਹਿੰਦੂ-ਸਿੱਖਾਂ 'ਤੇ ਜ਼ੁਲਮਾਂ ਦੀ ਬਿਆਨਬਾਜ਼ੀ ਕਰਨ ਵਾਲੇ ਭਾਰਤ ਆਏ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪੀ. ਟੀ. ਆਈ. ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦੀਆਂ ਮੁਸ਼ਕਲਾਂ ਵਧਦੀਆਂ ਵਿਖਾਈ ਦੇ ਰਹੀਆਂ ਹਨ। ਇਕ ਪਾਸੇ ਪਾਕਿਸਤਾਨ 'ਚ ਬੈਠੇ ਉਨ੍ਹਾਂ ਦੇ ਹੀ ਪਰਿਵਾਰ ਦੇ ਲੋਕ ਬਲਦੇਵ ਨੂੰ ਗਲਤ ਕਰਾਰ ਦੇ ਰਹੇ ਹਨ, ਉਥੇ ਹੀ ਡਾ. ਸੂਰਨ ਸਿੰਘ, ਜਿਨ੍ਹਾਂ ਦੇ ਕਤਲ ਦਾ ਇਲਜ਼ਾਮ ਬਲਦੇਵ ਕੁਮਾਰ 'ਤੇ ਲੱਗਾ ਸੀ, ਦੇ ਬੇਟੇ ਨੇ ਵੀ ਬਲਦੇਵ ਕੁਮਾਰ ਨੂੰ ਇਸ ਕੇਸ ਤੋਂ ਬਚਣ ਦੇ ਮਕਸਦ ਨਾਲ ਭਾਰਤ ਜਾਣ ਦੀ ਗੱਲ ਪਾਕਿਸਤਾਨੀ ਮੀਡੀਆ ਨੂੰ ਆਖੀ। ਇਸ ਦੇ ਨਾਲ ਹੀ ਹੁਣ ਭਾਰਤ ਦੇ ਹਿੰਦੂ ਸੰਗਠਨਾਂ ਨੇ ਵੀ ਬਲਦੇਵ ਕੁਮਾਰ ਦੇ ਭਾਰਤ ਆਉੁਣ ਅਤੇ ਸ਼ਰਨ ਮੰਗਣ ਦੇ ਮਾਮਲੇ 'ਤੇ ਪੰਜਾਬ ਅਤੇ ਕੇਂਦਰ ਦੋਵਾਂ ਸਰਕਾਰਾਂ ਨੂੰ ਘੇਰਦੇ ਹੋਏ ਇਸ ਨੂੰ ਗੰਭੀਰ ਮੁੱਦਾ ਕਰਾਰ ਦਿੰਦੇ ਹੋਏ ਅੱਖਾਂ ਬੰਦ ਕਰ ਕੇ ਵਿਸ਼ਵਾਸ ਕਰਨ ਨੂੰ ਘਾਤਕ ਦੱਸਿਆ।
ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਤਾਂ ਬਲਦੇਵ ਕੁਮਾਰ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਵਿਅਕਤੀ 12 ਅਗਸਤ ਨੂੰ ਪਾਕਿਸਤਾਨ ਤੋਂ ਭਾਰਤ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਖੰਨਾ ਆਉਂਦਾ ਹੈ। ਪੂਰਾ ਇਕ ਮਹੀਨਾ ਉਹ ਨਾ ਤਾਂ ਭਾਰਤ 'ਚ ਸ਼ਰਨ ਮੰਗਦਾ ਹੈ ਅਤੇ ਨਾ ਹੀ ਆਪਣੇ ਦਰਦ ਨੂੰ ਕਿਸੇ ਸਾਹਮਣੇ ਜ਼ਾਹਰ ਕਰਦਾ ਹੈ। ਯੂ. ਐੱਨ. ਦੀ ਮੀਟਿੰਗ ਤੋਂ ਠੀਕ ਇਕ ਦਿਨ ਪਹਿਲਾਂ ਇਹ ਸ਼ਖਸ ਪਾਕਿਸਤਾਨ ਨੂੰ ਬੁਰਾ ਬੋਲਦਾ ਹੈ। ਜਿਸ ਸਿੱਖ ਨੇਤਾ ਦਾ ਕਤਲ ਕੇਸ ਬਲਦੇਵ ਕੁਮਾਰ 'ਤੇ ਪਿਆ ਸੀ, ਉਸ ਕੇਸ 'ਚ ਵੀ ਫੈਸਲਾ ਪੈਂਡਿੰਗ ਦੱਸਿਆ ਜਾ ਰਿਹਾ ਹੈ। ਅਜਿਹੇ 'ਚ ਭਾਰਤ ਅਤੇ ਪੰਜਾਬ ਦੋਵਾਂ ਹੀ ਸਰਕਾਰਾਂ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਭ ਤੋਂ ਪਹਿਲਾਂ ਬਲਦੇਵ ਕੁਮਾਰ ਨੂੰ ਹਿਰਾਸਤ 'ਚ ਲੈਣਾ ਚਾਹੀਦਾ ਹੈ ਅਤੇ ਫਿਰ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਲਿਆਉਣਾ ਚਾਹੀਦਾ ਹੈ।