ਵਿਦੇਸ਼ੀ ਆਕਾਵਾਂ ਤੇ ਪਾਕਿਸਤਾਨੀ ਡ੍ਰੋਨਾਂ ਰਾਹੀਂ ਪੰਜਾਬ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ
Wednesday, Jun 17, 2026 - 06:20 PM (IST)
ਲੁਧਿਆਣਾ (ਰਾਜ)- ਅੰਮ੍ਰਿਤਸਰ ਤੇ ਫਿਲੌਰ ਤੋਂ ਗ੍ਰਿਫਤਾਰ ਚਾਰ ਸ਼ੱਕੀਆਂ ਤੋਂ ਮਿਲਟਰੀ ਲੇਵਲ ਦੇ ਹੈਂਡ ਗ੍ਰਨੇਡ ਤੇ ਅੱਤ ਆਧੁਨਿਕ ਹਥਿਆਰ ਬਰਾਮਦਗੀ ਦੇ ਮਾਮਲੇ ਵਿਚ ਪੁਲਸ ਦੀ ਤਫਤੀਸ਼ ਜਿਵੇਂ ਜਿਵੇਂ ਅੱਗੇ ਵਧ ਰਹੀ ਹੈ, ਸਰਹੱਦ ਪਾਰ ਦੀਆਂ ਕਈ ਖੌਫਨਾਕ ਸਾਜ਼ਿਸ਼ਾਂ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ ਹਨ। ਲੁਧਿਆਣਾ ਪੁਲਸ ਕਮਿਸ਼ਨਰੇਟ ਤੇ ਕਾਊਂਟਰ ਇੰਟੈਲੀਜੈਂਸ ਦੀ ਸਾਂਝੀ ਜਾਂਚ ਵਿਚ ਇਹ ਵੱਡਾ ਸਨਸਨੀਖੇਜ ਖੁਲਾਸਾ ਹੋਇਆ ਹੈ ਕਿ ਬਰਾਮਦ ਕੀਤੀ ਖਤਰਨਾਕ ਧਮਾਕਾਖੇਜ਼ ਸਮੱਗਰੀ ਤੇ ਪਿਸਤੌਲ ਅਸਲ ਵਿਚ ਮੇਡ ਇਨ ਚਾਈਨਾ ਹੈ ਜਿਨ੍ਹਾਂ ਨੂੰ ਪਾਕਿਸਤਾਨ ਦੇ ਰਸਤੇ ਭਾਰਤੀ ਸਰਹੱਦ ਵਿਚ ਭੇਜਿਆ ਗਿਆ ਸੀ।
ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਚੀਨ ਵਿਚ ਬਣੇ ਇਸ ਘਾਤਕ ਹਥਿਆਰਾਂ ਤੇ ਹੈਂਡ ਗ੍ਰਨੇਡਾਂ ਨੂੰ ਪਹਿਲਾਂ ਪਾਕਿਸਤਾਨ ਪਹੁੰਚਾਇਆ ਗਿਆ ਜਿਥੋਂ ਇਨ੍ਹਾਂ ਨੂੰ ਆਧੁਨਿਕ ਡ੍ਰੋਨ ਦੇ ਜ਼ਰੀਏ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਡ੍ਰਾਪ ਕੀਤਾ ਗਿਆ। ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਵਿਚ ਬੈਠੇ ਭਾਰਤ ਵਿਰੋਧੀ ਹੈਂਡਲਰ ਪਾਕਿਸਤਾਨ ਦੇ ਆਪਣੇ ਜੋੜੀਦਾਰਾਂ ਦੇ ਨਾਲ ਸਿੱਧਾ ਸੰਪਰਕ ਵਿਚ ਸਨ ਤੇ ਪਲ ਪਲ ਦੀ ਕੋਆਰਡੀਨੇਸ਼ਨ ਦੇ ਜ਼ਰੀਏ ਹਥਿਆਰਾਂ ਦੀ ਇਸ ਵੱਡੀ ਖੇਪ ਦੀ ਸੁਰੱਖਿਅਤ ਡਲਿਵਰੀ ਨੂੰ ਅੰਜਾਮ ਦਿਵਾ ਰਹੇ ਸਨ।
ਇਸ ਪੂਰੇ ਅੰਤਰਰਾਸ਼ਟਰੀ ਟੈਰਰ-ਗੈਂਗਸਟਰ ਮਾਡਿਊਲ ਦਾ ਪਰਦਾਫਾਸ਼ ਉਦੋਂ ਸ਼ੁਰੂ ਹੋਇਆ ਸੀ ਜਦੋਂ ਪੁਲਸ ਨੇ ਬੀਤੀ 17 ਮਈ ਨੂੰ ਅਨੁਰਾਜ ਤੇ ਅੰਕੁਸ਼ ਨਾਂ ਦੇ ਦੋ ਗੁਰਗਿਆਂ ਨੂੰ 3 ਪਿਸਤੌਲ ਤੇ 11 ਕਾਰਤੂਸਾਂ ਦੇ ਨਾਲ ਦਬੋਚ ਕੇ ਇਕ ਟਾਰਗੈਟ ਕਿਲਿੰਗ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ। ਇਸੇ ਕੜੀ ਨੂੰ ਅੱਗੇ ਜੋੜਦੇ ਜਦੋਂ ਪੁਲਸ ਨੇ ਇਸ ਗੈਂਗ ਦੇ ਵਿਸਫੋਟਕ ਵਿੰਗ ਨੂੰ ਹੱਥ ਪਾਇਆ ਤਾਂ 23 ਮਈ ਨੂੰ ਕਰਨਦੀਪ ਸਿੰਘ ਤੇ ਬਲਜੀਤ ਸਿੰਘ ਦੀ ਗ੍ਰਿਫਤਾਰੀ ਹੋਈ ਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਫ਼ੌਜ ਦੀ ਵਰਤੋਂ ਵਾਲੇ ਦੋ ਭਿਆਨਕ ਹੈਂਡ ਗ੍ਰਨੇਡ ਬਰਾਮਦ ਕੀਤੇ।
ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਫੜੇ ਚਾਰੇ ਗੁਰਗਿਆਂ ਨੂੰ ਮਹਿਜ ਕੁਝ ਹਜ਼ਾਰ ਰੁਪਇਆਂ ਦੀ ਮਾਮੂਲੀ ਰਕਮ ਦੇ ਬਦਲੇ ਸਿਰਫ ਹਥਿਆਰਾਂ ਤੇ ਧਮਾਕਾਖੇਜ ਸਮੱਗਰੀ ਨੂੰ ਨਿਰਧਾਰਤ ਟਿਕਾਣਿਆਂ ਤੋਂ ਚੁੱਕਣ ਦੀ ਜਿੰਮੇਵਾਰੀ ਦਿੱਤੀ ਗਈ ਸੀ। ਮੁਲਜ਼ਮਾਂ ਨੇ ਕਬੂਲਿਆ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਹਥਿਆਰ ਉੱਥੇ ਕਿਸ ਨੇ ਸੁੱਟੇ ਹਨ। ਉਨ੍ਹਾਂ ਨੂੰ ਸਿਰਫ ਸੋਸ਼ਲ ਮੀਡੀਆ ਦੇ ਜ਼ਰੀਏ ਲੋਕੇਸ਼ਨ ਭੇਜੀ ਜਾਂਦੀ ਸੀ ਜਿਥੋਂ ਸਾਮਾਨ ਕੱਢ ਕੇ ਉਨ੍ਹਾਂ ਨੂੰ ਅਗਲੇ ਹੁਕਮ ਦਾ ਇੰਤਜ਼ਾਰ ਕਰਨਾ ਹੁੰਦਾ ਸੀ।
ਇਹ ਖੇਡ ਕਿਸੇ ਦੂਜੇ ਮਾਡਿਊਲ ਨੂੰ ਸੌਂਪੀ ਜਾਣੀ ਸੀ ਜਿਸ ਨੂੰ ਪੰਜਾਬ ਵਿਚ ਵੱਡੇ ਪੱਧਰ ’ਤੇ ਗ੍ਰਨੇਡ ਹਮਲੇ ਅਤੇ ਮਿੱਥ ਕੇ ਕਤਲ ਕਰਨ ਦਾ ਕੰਮ ਸੌਂਪਿਆ ਗਿਆ ਸੀ। ਜਾਂਚ ਵਿਚ ਸਾਫ ਹੋਇਆ ਹੈ ਕਿ ਇਸ ਪੂਰੀ ਖਤਰਨਾਕ ਖੇਡ ਦੀ ਡੋਰ ਜਰਮਨੀ ਵਿਚ ਬੈਠੇ ਜੋਰਾਵਰ ਸਿੰਘ ਤੇ ਲਾਖਾ, ਦੁਬਈ ਵਿਚ ਬੈਠੇ ਸਾਹਿਲ ਸੋਂਧੀ ਉਰਫ ਚੁੰਜ ਤੇ ਮਲੇਸ਼ੀਆ ਵਿਚ ਬੈਠੇ ਆਕਾਸ਼ਦੀਪ ਉਰਫ ਗੋਲਡਨ ਦੇ ਹੱਥਾਂ ਵਿਚ ਹੈ।
ਇਸ ਮਾਮਲੇ ਵਿਚ ਇਕ ਨਵਾਂ ਮੋੜ ਉਦੋਂ ਆਇਆ ਜਦੋਂ ਪੁਲਸ ਨੂੰ ਪਤਾ ਲੱਗਾ ਕਿ ਹਰਿਆਣਾ ਦੀ ਕਰਨਾਲ ਜੇਲ ਵਿਚ ਬੰਦ ਇਕ ਸ਼ਾਤਰ ਕੈਦੀ ਵੀ ਇਸ ਨੈਕਸਸ ਦਾ ਸਰਗਰਮ ਹਿੱਸਾ ਹੈ। ਪੁਲਸ ਹੁਣ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੁਧਿਆਣਾ ਲਿਆਉਣ ਦੀ ਤਿਆਰੀ ਕਰ ਰਹੀ ਹੈ ਜਿਸ ਤੋਂ ਪੁੱਛਗਿਛ ਤੋਂ ਬਾਅਦ ਇਸ ਇੰਟਰਨੈਸ਼ਨਲ ਨੈੱਟਵਰਕ ਕਈ ਹੋਰ ਵੱਡੇ ਰਾਜ਼ਦਾਰਾਂ ਦੇ ਬੇਨਕਾਬ ਹੋਣ ਦੀ ਪੂਰੀ ਉਮੀਦ ਹੈ।
