ਜੇ ਪਾਕਿ ਨੂੰ ਰੋਜ਼ਾਨਾ ਛੱਡਿਆ ਜਾ ਰਿਹੈ ਪਾਣੀ ਤਾਂ ਪੰਜਾਬ ਦੀਆਂ ਨਹਿਰਾਂ ਸੁੱਕੀਆਂ ਕਿਉਂ : ਖਹਿਰਾ

06/17/2019 6:51:11 PM

ਜਲਾਲਾਬਾਦ (ਸੇਤੀਆ) : ਇਕ ਪਾਸੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਝੋਨੇ ਦੀ ਬਿਜਾਈ ਲਈ ਸਿੰਚਾਈ ਪ੍ਰਬੰਧਾਂ ਦੇ ਪੁਖਤਾ ਹੋਣ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਹਰੀਕੇ ਹੈੱਡ ਰਾਹੀਂ ਨਿਕਲਣ ਵਾਲੀਆਂ ਛੋਟੀਆਂ ਮਾਇਨਰਾਂ ਵਿਚ ਅਜੇ ਤੱਕ ਨਹਿਰੀ ਪਾਣੀ ਨਹੀਂ ਪਹੁੰਚਿਆ ਹੈ ਜਦਕਿ ਪਾਕਿਸਤਾਨ ਨੂੰ ਹਜ਼ਾਰਾਂ ਕਿਊਸਿਕ ਲਿਟਰ ਪਾਣੀ ਰੋਜ਼ਾਨਾ ਛੱਡਿਆ ਜਾ ਰਿਹਾ ਹੈ। ਇਹ ਵਿਚਾਰ ਪੀ. ਡੀ.ਏ. ਲੀਡਰ ਸੁਖਪਾਲ ਸਿੰਘ ਖਹਿਰਾ ਨੇ ਜਲਾਲਾਬਾਦ ਦੇ ਅਧੀਨ ਈਸਟਰਨ ਕੈਲਾਨ, ਲਾਧੂਕਾ ਮਾਈਨਰ ਅਤੇ ਚੰਦਰਭਾਨ ਡਰੇਨ ਦਾ ਦੌਰਾ ਕਰਨ ਉਪਰੰਤ ਗੱਲਬਾਤ ਕਰਦਿਆਂ ਪ੍ਰਗਟ ਕੀਤੇ। 

ਖਹਿਰਾ ਨੇ ਕਿਹਾ ਕਿ ਝੋਨੇ ਦੀ ਬਿਜਾਈ ਤੋਂ ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਬੰਧਿਤ ਵਿਭਾਗੀ ਅਫਸਰਾਂ ਨੇ ਸਪੱਸ਼ਟ ਕੀਤਾ ਸੀ ਕਿ ਪੰਜਾਬ ਦੇ ਡੈਮਾਂ ਵਿਚ ਪਾਣੀ ਸਰਪਲਸ ਹੈ ਅਤੇ ਇਸ ਲਈ ਪਾਕਿਸਤਾਨ ਨੂੰ ਪਾਣੀ ਛੱਡਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਂਕੜਿਆ ਦੇ ਮੁਤਾਬਿਕ ਕਰੀਬ 15 ਹਜ਼ਾਰ ਕਿਊਸਿਕ ਪਾਣੀ ਰੋਜ਼ਾਨਾ ਪਾਕਿਸਤਾਨ ਨੂੰ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਨੂੰ ਪਾਣੀ ਛੱਡਣ ਦੇ ਵਿਰੋਧ ਵਿਚ ਨਹੀਂ ਹਨ ਪਰ ਇੰਡੋ-ਪਾਕਿ ਸਮਝੌਤੇ ਅਨੁਸਾਰ ਪਹਿਲਾਂ ਪਾਣੀ ਦਾ ਹੱਕ ਪੰਜਾਬ ਅਤੇ ਹੋਰ ਸੂਬਿਆਂ ਦਾ ਹੈ, ਜਿੱਥੋਂ ਦਰਿਆ ਲੰਘਦੇ ਹਨ। 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਿਕ 8700 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਪਰ ਜੇਕਰ ਇਨ੍ਹਾਂ ਪਾਣੀ ਵੀ ਛੱਡਿਆ ਜਾ ਰਿਹਾ ਹੈ ਤਾਂ ਫਿਰ ਦੂਜੇ ਪਾਸੇ ਪੰਜਾਬ ਦੀਆਂ ਨਹਿਰਾ ਕਿਸ ਲਈ ਸੁੱਕੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ 13 ਜੂਨ ਤੋਂ ਝੋਨੇ ਦੀ ਸ਼ੁਰੂ ਹੋਈ ਬਿਜਾਈ ਤੋਂ ਬਾਅਦ ਕਿਸਾਨ ਧਰਤੀ ਹੇਠਲਾ ਪਾਣੀ ਵਰਤੋ ਵਿਚ ਲਿਆਉਣ ਲਈ ਮਜਬੂਰ ਹਨ ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਗੰਭੀਰ ਨਜ਼ਰ ਨਹੀਂ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਲਾਕਾ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਦਾ ਵੀ ਹੈ ਅਤੇ ਉਨ੍ਹਾਂ ਦੀ ਧਰਮਪਤਨੀ ਦੇਸ਼ ਦੀ ਕੈਬਨਿਟ ਵਿਚ ਮੰਤਰੀ ਵੀ ਹਨ।

ਸ਼ਾਇਦ ਉਨ੍ਹਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਇਲਾਕੇ ਦੇ ਕਿਸਾਨ ਸਿੰਚਾਈ ਲਈ ਪਾਣੀ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਵੱਡੀਆਂ ਇੰਡਸਟਰੀਆਂ ਦੇਣ ਦੇ ਵਾਅਦੇ ਕੀਤੇ ਹਨ ਪਰ ਪਹਿਲਾਂ ਕਿਸਾਨਾਂ ਤੱਕ ਪਾਣੀ ਪਹੁੰਚਾਉਣ ਦਾ ਵਾਅਦਾ ਤਾਂ ਪੂਰਾ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਅਜਿਹੇ ਜ਼ਿਲੇ ਹਨ ਜਿੱਥੇ ਪਾਣੀ ਵਾਲੇ ਪਾਣੀ ਦੀ ਵੱਡੀ ਸਮੱਸਿਆ ਹੈ ਅਤੇ ਦੂਜੇ ਪਾਸੇ ਸਾਡੀ ਸਰਕਾਰ ਪਾਣੀ ਨੂੰ ਫਾਲਤੂ ਕਹਿ ਕੇ ਸਾਡੇ ਹੱਕ ਦਾ ਪਾਣੀ ਪਾਕਿਸਤਾਨ ਨੂੰ ਫ੍ਰੀ ਵਿਚ ਦੇ ਰਹੀ ਹੈ।


Gurminder Singh

Content Editor

Related News