1500 ਸਾਲ ਪੁਰਾਣੇ ਨੰਦਨਾ ਕਿਲ੍ਹੇ ਅਤੇ ਵਿਸ਼ਨੂੰ ਮੰਦਰ ਦੀ ਹਾਲਤ ਹੋਈ ਤਰਸਯੋਗ
Wednesday, Mar 17, 2021 - 10:46 AM (IST)
ਗੁਰਦਾਸਪੁਰ/ਪਾਕਿਸਤਾਨ (ਜ. ਬ.) - ਪਾਕਿਸਤਾਨ ਦੇ ਭਗਵਾਨਵਾਲਾ ਕਸਬੇ ’ਚ ਲਗਭਗ 1500 ਸਾਲ ਪੁਰਾਣੇ ਵਿਸ਼ਨੂੰ ਮੰਦਰ, ਜੋ ਨੰਦਨਾ ਕਿਲ੍ਹੇ ਵਿਚਕਾਰ ਸਥਿਤ ਹੈ, ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਸੰਸਕ੍ਰਿਤ ਭਾਸ਼ਾ ’ਚ ਨੰਦਨਾ ਦਾ ਅਰਥ ਭਗਵਾਨ ਵਿਸ਼ਨੂੰ ਦਾ ਬਾਗ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਕਿਲ੍ਹਾ ਅਤੇ ਮੰਦਰ ਹਮੇਸ਼ਾ ਫੁੱਲਾਂ ਨਾਲ ਭਰੇ ਰਹਿੰਦੇ ਹਨ।
ਸਰਹੱਦ ਪਾਰ ਸੂਤਰਾਂ ਅਨੁਸਾਰ ਇਸ ਕਿਲ੍ਹੇ ਅਤੇ ਮੰਦਰ ਨੂੰ ਹਿੰਦੂ ਕਸ਼ਮੀਰੀ ਸ਼ਾਸਕ ਦੁਆਰਾ 8ਵੀਂ ਸਦੀ ’ਚ ਆਪਣੀ ਰੱਖਿਆ ਅਤੇ ਪੂਜਾ ਲਈ ਬਣਾਇਆ ਗਿਆ ਸੀ। ਬਾਅਦ ’ਚ 15ਵੀਂ ਸਦੀ ’ਚ ਰਾਜਾ ਅਕਬਰ ਅਤੇ 16ਵੀਂ ਸਦੀ ’ਚ ਮਹਾਰਾਜਾ ਜਹਾਂਗੀਰ ਵਲੋਂ ਆਪਣੀ ਯਾਤਰਾ ਦੌਰਾਨ ਰੁਕਣ ਅਤੇ ਸ਼ਿਕਾਰ ਕਰਨ ਲਈ ਵਰਤਿਆ ਗਿਆ ਸੀ। ਅੱਜ ਵੀ ਕੁਝ ਸ਼ਿਕਾਰੀ ਇਸ ਇਲਾਕੇ ’ਚ ਸ਼ਿਕਾਰ ਕਰਨ ਆਉਂਦੇ ਹਨ। ਜੇਹਲਮ ਨਦੀ ਦੇ ਕਿਨਾਰੇ ਸਥਿਤ ਇਸ ਮੰਦਰ ਅਤੇ ਕਿਲ੍ਹੇ ਦੀ ਹਾਲਤ ਹੁਣ ਇੰਨੀ ਮਾੜੀ ਹੋ ਗਈ ਹੈ ਕਿ ਸੈਲਾਨੀ ਇਨ੍ਹਾਂ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ। ਇਹ ਕਿਲ੍ਹਾ ਅਤੇ ਮੰਦਰ ਕੁਝ ਸਮੇਂ ਲਈ ਮੁਸਲਮਾਨ ਸ਼ਾਸਕ ਮਹਿਮੂਦ ਗਜ਼ਨਵੀ ਦੇ ਕਬਜ਼ੇ ਹੇਠ ਰਿਹਾ, ਜਿਸਨੇ ਹਿੰਦੂ ਰਾਜਾ ਨੇਦਰ ਭੀਮ ਨੂੰ ਹਰਾਇਆ ਸੀ।
ਕਿਹਾ ਜਾਂਦਾ ਹੈ ਕਿ ਇਸ ਕਿਲ੍ਹੇ ਅਤੇ ਮੰਦਰ ਦੀ ਮਹੱਤਤਾ ਦੇ ਮੱਦੇਨਜ਼ਰ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਿਫਕਾਰ ਭੁੱਟੋ ਨੇ ਇਸ ’ਚ ਸੁਧਾਰ ਦਾ ਐਲਾਨ ਕੀਤਾ ਸੀ ਪਰ ਉਹ ਪਾਕਿਸਤਾਨ ’ਚ ਕੱਟੜਪੰਥੀਆਂ ਦੇ ਦਬਾਅ ਸਾਹਮਣੇ ਕੁਝ ਨਹੀਂ ਕਰ ਸਕੇ। ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਇਸ ਮੰਦਰ ਦੇ ਸੁਧਾਰ ਲਈ ਕਈ ਐਲਾਨ ਕੀਤੇ ਸਨ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ, ਕਿਉਂਕਿ ਹਿੰਦੂ ਮੰਦਰ ਦੇ ਸੁਧਾਰ ਦਾ ਨਾਂ ਸੁਣਦਿਆਂ ਹੀ ਪਾਕਿਸਤਾਨ ਦੇ ਕੱਟੜਪੰਥੀ ਵਿਰੋਧ ’ਚ ਖੜ੍ਹੇ ਹਨ। ਤਕਰੀਬਨ 40 ਸਾਲ ਪਹਿਲਾਂ ਪਾਕਿਸਤਾਨ ਹਿੰਦੂ ਕੌਂਸਲ ਦੇ ਆਗੂ ਇਸ ਕਿਲ੍ਹੇ ਅਤੇ ਮੰਦਰ ਦੇ ਸੁਧਾਰ ਦੀ ਮੰਗ ਕਰਦੇ ਸਨ ਪਰ ਹੁਣ ਉਹ ਵੀ ਚੁੱਪ ਬੈਠੇ ਹਨ।