ਪਾਕਿਸਤਾਨ ਦੀ ਹਿਨਾਂ ਦੀ ਵਤਨ ਵਾਪਸੀ ਤੋਂ ਬਾਅਦ, ਹੁਣ ਨਾਨਕ ਸਿੰਘ ਦੀ ਭਾਰਤ ''ਚ ਹੋਵੇਗੀ ਵਾਪਸੀ

11/21/2017 10:52:25 AM

ਬਟਾਲਾ (ਮਠਾਰੂ) – ਸੰਨ 1984 'ਚ ਗਲਤੀ ਦੇ ਨਾਲ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨੂੰ ਪਾਰ ਕਰਨ ਵਾਲੇ ਪੰਜਾਬ ਦੇ ਇਕ 7 ਸਾਲਾ ਮਾਸੂਮ ਬੱਚੇ ਨੂੰ ਪਾਕਿਸਤਾਨ ਦੀ ਜੇਲ 'ਚੋਂ ਰਿਹਾਅ ਕਰਵਾਉਣ ਦੇ ਲਈ ਸਮਾਜਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਹਨ। ਜਿਸ ਦੇ ਤਹਿਤ ਸਭ ਦਾ ਭਲਾ ਹਿਊਮੈਨਿਟੀ ਕਲੱਬ ਦੇ ਨੌਜਵਾਨ ਮੁੱਖ ਸੰਚਾਲਕ ਅਤੇ ਸੰਸਾਰ ਪ੍ਰਸਿੱਧ ਸਮਾਜਸੇਵੀ ਸ਼ਖਸੀਅਤ ਨਵਤੇਜ ਸਿੰਘ ਗੁੱਗੂ ਵੱਲੋਂ ਆਈ. ਐੱਸ. ਐੱਫ. ਦੇ ਮੁੱਖ ਸੰਚਾਲਕ ਕੇਸ਼ਵ ਕੋਹਲੀ ਦੇ ਨਾਲ ਮਿਲ ਕੇ 33 ਸਾਲਾਂ ਤੋਂ ਪਾਕਿ ਦੀ ਜੇਲ 'ਚ ਬੰਦ ਪੰਜਾਬ ਦੇ ਨਾਨਕ ਸਿੰਘ ਨੂੰ ਰਿਹਾਅ ਕਰਵਾਉਣ ਦੇ ਲਈ ਕਾਨੂੰਨੀ ਪ੍ਰਕਿਰਿਆ ਅਤੇ ਦੋਹਾਂ ਦੇਸ਼ਾਂ ਦੇ ਨਾਲ ਗੱਲਬਾਤ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਸਮਾਜਸੇਵੀ ਆਗੂ ਨਵਤੇਜ ਸਿੰਘ ਗੁੱਗੂ ਨੇ ਪੱਤਰਕਾਰਾਂ ਨੂੰ ਗੱਲਬਾਤ ਕਰਦਿਆਂ ਦੱਸਿਆ ਕਿ 7 ਸਾਲ ਦੀ ਉਮਰ 'ਚ ਅਜਨਾਲਾ ਦੇ ਪਿੰਡ ਛੰਨਾ ਬੇਦੀ ਦਾ ਰਹਿਣ ਵਾਲਾ ਮਾਸੂਮ ਬੱਚਾ ਨਾਨਕ ਸਿੰਘ ਪੁੱਤਰ ਰਤਨ ਸਿੰਘ ਗਲਤੀ ਨਾਲ ਭਾਰਤ ਦੀ ਸਰਹੱਦ ਪਾਰ ਕਰ ਕੇ ਪਾਕਿਸਤਾਨ 'ਚ ਦਾਖਲ ਹੋ ਗਿਆ ਸੀ, ਜਿਸ ਕਰ ਕੇ ਪਾਕਿਸਤਾਨ ਦੀ ਪੁਲਸ ਨੇ ਮਾਸੂਮ ਬੱਚੇ ਨੂੰ ਪਹਿਲਾਂ ਤਾਂ ਬੱਚਿਆਂ ਵਾਲੀ ਜੇਲ ਵਿਚ ਬੰਦ ਕੀਤਾ ਸੀ ਅਤੇ ਹੁਣ ਉਸ ਨੂੰ ਕੋਟ ਲੱਖਪਤ ਜੇਲ ਵਿਚ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ ਤੋਂ ਆਈ. ਐੱਸ. ਐੱਫ. ਦੇ ਮੁਖੀ ਤੇ ਸਮਾਜਸੇਵੀ ਆਗੂ ਕੇਸ਼ਵ ਕੋਹਲੀ ਨਾਨਕ ਸਿੰਘ ਦੇ ਕੇਸ ਦੀ ਪੈਰਵਾਈ ਕਰ ਰਹੇ ਸਨ, ਜਿਸ ਤੋਂ ਬਾਅਦ ਹਿਊਮੈਨਿਟੀ ਕਲੱਬ ਵੱਲੋਂ ਉਨ੍ਹਾਂ ਨਾਲ ਮਿਲ ਕੇ ਨਾਨਕ ਸਿੰਘ ਦੀ ਰਿਹਾਈ ਦੇ ਲਈ ਜਿਥੇ ਮਾਣਯੋਗ ਹਾਈ ਕੋਰਟ ਅਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ, ਉਥੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਅਤੇ ਮੰਤਰੀਆਂ ਦੇ ਨਾਲ ਵੀ ਸੰਪਰਕ ਕੀਤਾ ਜਾਵੇਗਾ ਤਾਂ ਜੋ ਬੇਕਸੂਰ ਨਾਨਕ ਸਿੰਘ ਨੂੰ ਪਾਕਿਸਤਾਨ ਦੀ ਮਾਸੂਮ ਬੱਚੀ ਹਿਨਾਂ ਦੀ ਤਰਜ਼ ਉਪਰ ਰਿਹਾਅ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 7 ਸਾਲ ਦੀ ਉਮਰ ਦੌਰਾਨ ਅੱਖਾਂ ਤੋਂ ਉਹਲੇ ਹੋਏ ਆਪਣੇ ਪੁੱਤਰ ਨੂੰ ਦੇਖਣ ਲਈ ਨਾਨਕ ਸਿੰਘ ਦੀ ਬਜ਼ੁਰਗ ਮਾਤਾ ਪਿਆਰੀ ਦੇਵੀ ਅਤੇ ਪਿਤਾ ਰਤਨ ਸਿੰਘ ਦੀਆਂ ਬੁੱਢੀਆਂ ਅੱਖਾਂ ਤਰਸ ਰਹੀਆਂ ਹਨ ਪਰ ਘਰ 'ਚ ਅੱਤ ਦੀ ਗਰੀਬੀ ਹੋਣ ਕਾਰਨ ਪਰਿਵਾਰ ਨਾਨਕ ਸਿੰਘ ਦੀ ਰਿਹਾਈ ਲਈ ਕੋਈ ਯਤਨ ਨਹੀਂ ਕਰ ਸਕਿਆ। 
ਇਸ ਲਈ ਹਿਊਮੈਨਿਟੀ ਕਲੱਬ ਵੱਲੋਂ ਇਸ ਕੇਸ ਨੂੰ ਹੱਲ ਕਰਨ ਦੇ ਲਈ ਸਬੰਧਤ ਪਰਿਵਾਰ ਦੀ ਹਰ ਪੱਖ ਤੋਂ ਮਦਦ ਕੀਤੀ ਜਾਵੇਗੀ। ਇਸ ਮੌਕੇ ਆਈ. ਐੱਸ. ਐੱਫ. ਦੇ ਮੁਖੀ ਕੇਸ਼ਵ ਕੋਹਲੀ ਤੇ ਹੋਰ ਵੀ ਆਗੂ ਮੌਜੂਦ ਸਨ। 


Related News