ਪਾਕਿਸਤਾਨ : ਨਨਕਾਣਾ ਸਾਹਿਬ ''ਚ ਲੱਗੇ ਖਾਲਿਸਤਾਨ ਹਮਾਇਤੀ ਪੋਸਟਰ

Friday, Nov 23, 2018 - 06:14 PM (IST)

ਪਾਕਿਸਤਾਨ : ਨਨਕਾਣਾ ਸਾਹਿਬ ''ਚ ਲੱਗੇ ਖਾਲਿਸਤਾਨ ਹਮਾਇਤੀ ਪੋਸਟਰ

ਅੰਮ੍ਰਿਤਸਰ (ਏਜੰਸੀ)- ਭਾਰਤ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਪਹੁੰਚੇ ਭਾਰਤੀ ਸਿੱਖ ਸ਼ਰਧਾਲੂਆਂ ਦਾ ਸਵਾਗਤ ਪਾਕਿਸਤਾਨ ਵਿਚ ਖਾਲਿਸਤਾਨ ਨਾਅਰਿਆਂ ਅਤੇ ਪੋਸਟਰਾਂ ਨਾਲ ਕੀਤਾ ਗਿਆ। ਪਾਕਿਸਤਾਨ ਦੇ ਇਵਾਕਿਊ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਖਾਲਿਸਤਾਨ ਪੋਸਟਰਾਂ ਨਾਲ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ।

ਸੂਤਰਾਂ ਮੁਤਾਬਕ ਈ.ਟੀ.ਪੀ.ਬੀ. ਅਤੇ ਪੀ.ਐਸ.ਜੀ.ਪੀ.ਸੀ. ਨੇ ਸਿੱਖ ਸ਼ਰਧਾਲੂਆਂ ਦੇ ਸਵਾਗਤ ਲਈ ਪੀ.ਐਸ.ਜੀ.ਪੀ.ਸੀ. ਦੇ ਵਿਵਾਦਪੂਰਨ ਮਹਾ ਸਕੱਤਰ ਗੋਪਾਲ ਸਿੰਘ ਚਾਵਲਾ ਅਤੇ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਦੀਆਂ ਤਸਵੀਰਾਂ ਦੇ ਨਾਲ ਖਾਲਿਸਤਾਨ ਪੋਸਟਰ ਲਗਾਏ ਹੋਏ ਸਨ। ਇਨ੍ਹਾਂ ਦੋਹਾਂ ਨੇ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਲਈ ਰੈਫਰੰਡਮ 2020 ਅੰਦੋਲਨ ਸ਼ੁਰੂ ਕੀਤਾ ਹੋਇਆ ਹੈ।

ਸਿੱਖ ਸ਼ਰਧਾਲੂਆਂ ਨੇ ਜਤਾਇਆ ਵਿਰੋਧ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ 3000 ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਬੁੱਧਵਾਰ ਨੂੰ ਅਟਾਰੀ ਤੋਂ ਰਵਾਨਾ ਹੋਇਆ ਸੀ। ਹੋਰ ਦੇਸ਼ਾਂ ਤੋਂ ਵੀ 10 ਹਜ਼ਾਰ ਦੇ ਕਰੀਬ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਪਹੁੰਚੇ ਹੋਏ ਹਨ। ਜਦੋਂ ਸ਼ਰਧਾਲੂਆਂ ਦਾ ਜੱਥਾ ਨਨਕਾਣਾ ਸਾਹਿਬ ਪਹੁੰਚਿਆ ਤਾਂ ਸਥਾਨਕ ਸਿੱਖਾਂ ਨੇ ਉਨ੍ਹਾਂ ਨੂੰ ਖਾਲਿਸਤਾਨ ਦੇ ਪੋਸਟਰ ਦਿਖਾਏ। ਇਸ ਦਾ ਭਾਰਤੀ ਸਿੱਖ ਸ਼ਰਧਾਲੂਆਂ ਨੇ ਵਿਰੋਧ ਜਤਾਇਆ।

ਉਥੇ ਹੀ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਵਿਚ ਸਿੱਖ-ਮੁਸਲਿਮ ਏਕਤਾ ਨੂੰ ਬੜ੍ਹਾਵਾ ਦੇਣ ਲਈ ਈਦ ਮਿਲਦ-ਅਨ-ਨਬੀ 'ਤੇ ਪੈਗੰਬਰ ਮੁਹੰਮਦ ਦੀ ਜਯੰਤੀ 'ਤੇ ਗੁਰਦੁਆਰਾ ਨਨਕਾਣਾ ਸਾਹਿਬ ਵਿਚ ਇਕ ਸਾਂਝਾ ਸਮਾਰੋਹ ਕਰਵਾਇਆ ਗਿਆ ਸੀ। ਸੂਤਰਾਂ ਮੁਤਾਬਕ ਪਾਕਿਸਤਾਨ ਦੇ ਮੁੱਖ ਰਾਜਨੇਤਾ ਅਤੇ ਫੌਜ ਦੇ ਜਨਰਲ ਕਰਤਾਰਪੁਰ ਸਾਹਿਬ ਦਾ ਦੌਰਾ ਕਰਕੇ ਕਰਤਾਰਪੁਰ ਸਾਹਿਬ ਕਾਰੀਡੋਰ ਬਣਾਉਣ ਨੂੰ ਹਰੀ ਝੰਡੀ ਦੇ ਸਕਦੇ ਹਨ।


author

Sunny Mehra

Content Editor

Related News