ਪੰਜਾਬ 'ਚ 'ਝੋਨੇ' ਦੀ ਖ਼ਰੀਦ ਪ੍ਰਕਿਰਿਆ ਸੁਸਤ, ਜਾਣੋ 13ਵੇਂ ਦਿਨ ਤੱਕ ਦੇ ਕੀ ਹਨ ਹਾਲਾਤ (ਤਸਵੀਰਾਂ)

Saturday, Oct 16, 2021 - 02:48 PM (IST)

ਪੰਜਾਬ 'ਚ 'ਝੋਨੇ' ਦੀ ਖ਼ਰੀਦ ਪ੍ਰਕਿਰਿਆ ਸੁਸਤ, ਜਾਣੋ 13ਵੇਂ ਦਿਨ ਤੱਕ ਦੇ ਕੀ ਹਨ ਹਾਲਾਤ (ਤਸਵੀਰਾਂ)

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ 3 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ। ਝੋਨੇ ਦੀ ਖ਼ਰੀਦ ਸ਼ੁਰੂ ਹੋਇਆਂ ਭਾਵੇਂ ਹੀ 13 ਦਿਨ ਹੋ ਚੁੱਕੇ ਹਨ ਪਰ ਇਹ ਖ਼ਰੀਦ ਪ੍ਰਕਿਰਿਆ ਕਾਫੀ ਸੁਸਤ ਦਿਖਾਈ ਦੇ ਰਹੀ ਹੈ। ਭਾਰਤੀ ਖ਼ੁਰਾਕ ਨਿਗਮ (ਐੱਫ. ਸੀ. ਆਈ.) ਨੇ ਚਾਲੂ ਸਾਉਣੀ ਸੀਜ਼ਨ ਦੌਰਾਨ ਪਿਛਲੇ ਸਾਲ ਦੇ 52,800 ਟਨ ਦੇ ਮੁਕਾਬਲੇ ਪੰਜਾਬ 'ਚ ਆਪਣੇ ਨਿਰਧਾਰਿਤ 5 ਫ਼ੀਸਦੀ ਹਿੱਸੇ (90,000 ਟਨ) ਝੋਨੇ 'ਚੋਂ ਸਿਰਫ 0.7 ਫ਼ੀਸਦੀ (12,478 ਟਨ) ਝੋਨੇ ਦੀ ਹੀ ਖ਼ਰੀਦ ਕੀਤੀ ਹੈ। ਇਸ ਨੂੰ ਮੁੱਖ ਰੱਖਦਿਆਂ ਸੂਬੇ ਦੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਕੇਂਦਰੀ ਏਜੰਸੀ ਨੂੰ ਖ਼ਰੀਦ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਲਈ ਕਿਹਾ ਹੈ। ਵਿਭਾਗ ਨੇ ਕਿਹਾ ਕਿ ਸੂਬੇ ਦੇ 23 ਜ਼ਿਲ੍ਹਿਆਂ 'ਚ 136 ਮੰਡੀਆਂ 'ਚ ਐੱਫ. ਸੀ. ਆਈ. ਨੂੰ ਅਲਾਟ ਕੀਤਾ ਗਿਆ ਸੀ ਪਰ ਏਜੰਸੀ ਵੱਲੋਂ ਸਿਰਫ 33 ਮੰਡੀਆਂ 'ਚ ਹੀ ਪ੍ਰਵੇਸ਼ ਕੀਤਾ ਗਿਆ ਹੈ। 14 ਜ਼ਿਲ੍ਹਿਆਂ ਦੀਆਂ ਬਾਕੀ 103 ਮੰਡੀਆਂ ਦੇ ਅਧਿਕਾਰੀ ਐੱਫ. ਸੀ. ਆਈ. ਸਟਾਫ਼ ਵੱਲੋਂ ਖ਼ਰੀਦ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ। ਇਸ ਸਬੰਧੀ ਸੂਬਾ ਸਰਕਾਰ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਐੱਫ. ਸੀ. ਆਈ. ਨੇ ਹੁਣ ਤੱਕ ਝੋਨੇ ਦੀ ਜਿੰਨੀ ਖ਼ਰੀਦ ਕੀਤੀ ਹੈ, ਉਹ ਬਹੁਤ ਹੀ ਘੱਟ ਹੈ। ਉਨ੍ਹਾਂ ਕਿਹਾ ਕਿ ਜੇਕਰ ਐੱਫ. ਸੀ. ਆਈ. ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਇਹ ਮੁੱਦਾ ਉਸ ਨੂੰ ਸਬੰਧਿਤ ਵਿਭਾਗ ਕੋਲ ਉਠਾਉਣਾ ਚਾਹੀਦਾ ਹੈ ਜਾਂ ਪਹਿਲਾਂ ਹੀ ਅਲਾਟਮੈਂਟ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਡੇਂਗੂ ਦੇ 33 ਮਰੀਜ਼ ਆਏ ਸਾਹਮਣੇ, ਹੁਣ ਤੱਕ ਕੁੱਲ 398 ਮਰੀਜ਼ਾਂ ਦੀ ਪੁਸ਼ਟੀ

PunjabKesari

ਨਮੀ ਦਾ ਹਵਾਲਾ ਦੇ ਕੇ ਖ਼ਰੀਦ ਤੋਂ ਆਨਾਕਾਨੀ ਕਰ ਰਹੀਆਂ ਏਜੰਸੀਆਂ
ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਫ਼ਸਲ ਪਈ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਏਜੰਸੀਆਂ ਵੱਲੋਂ ਝੋਨੇ ਦੀ ਖ਼ਰੀਦ ਲਈ ਨਮੀ ਦਾ ਹਵਾਲਾ ਦੇ ਕੇ ਆਪਣਾ ਪੱਲਾ ਝਾੜਿਆ ਜਾ ਰਿਹਾ ਹੈ। ਏਜੰਸੀਆਂ ਦਾ ਕਹਿਣਾ ਹੈ ਕਿ ਫ਼ਸਲ 'ਚ ਨਮੀ ਜ਼ਿਆਦਾ ਹੈ ਅਤੇ ਜਦੋਂ ਤੱਕ ਨਮੀ ਖ਼ਤਮ ਨਹੀਂ ਹੁੰਦੀ, ਉਦੋਂ ਤੱਕ ਫ਼ਸਲ ਨੂੰ ਖ਼ਰੀਦਿਆ ਨਹੀਂ ਜਾਵੇਗਾ। ਕਿਸਾਨਾਂ ਵੱਲੋਂ ਖ਼ਰਾਬ ਮੌਸਮ ਅਤੇ ਝੋਨੇ ਦੀ ਦੇਰੀ ਨਾਲ ਬਿਜਾਈ ਨੂੰ ਇਸ ਸਮੱਸਿਆ ਲਈ ਜ਼ਿੰਮੇਵਾਰ ਠਹਿਰਾਇਆ ਹੈ। ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਖ਼ਰੀਦ ਏਜੰਸੀਆਂ ਨਮੀ ਦੀ ਮਾਤਰਾ ਦੇ ਬਹਾਨੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਉਮਰਕੈਦ ਕੱਟ ਰਹੈ ਕੈਦੀਆਂ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ, ਕੀਤੀ ਰਿਹਾਈ ਦੀ ਮੰਗ

PunjabKesari

ਕੇਂਦਰ ਦੇ ਨਿਰਦੇਸ਼ਾਂ ਮਗਰੋਂ 3 ਅਕਤੂਬਰ ਤੋਂ ਸ਼ੁਰੂ ਹੋਈ ਝੋਨੇ ਦੀ ਖ਼ਰੀਦ

ਇਸ ਵਾਰ ਪੰਜਾਬ 'ਚ ਝੋਨੇ ਦੀ ਖ਼ਰੀਦ ਇਕ ਅਕਤੂਬਰ ਤੋਂ ਸ਼ੁਰੂ ਹੋਣੀ ਸੀ ਪਰ ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ 'ਚ ਝੋਨੇ ਦੀ ਸਰਕਾਰੀ ਖ਼ਰੀਦ 11 ਅਕਤੂਬਰ ਤੋਂ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਸਨ। ਸਰਕਾਰ ਦੇ ਇਨ੍ਹਾਂ ਨਿਰਦੇਸ਼ਾਂ ਕਾਰਨ ਕਿਸਾਨਾਂ 'ਚ ਭਾਰੀ ਨਾਰਾਜ਼ਗੀ ਪਾਈ ਗਈ, ਜਿਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ 3 ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਸਨ।

ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ਦੌਰਾਨ 'ਟਰੇਨਾਂ' ਫੁੱਲ, ਵੇਟਿੰਗ 100 ਤੋਂ ਜ਼ਿਆਦਾ ਹੋਣ ਕਾਰਨ ਮੁਸਾਫ਼ਰ ਪਰੇਸ਼ਾਨ

PunjabKesari

ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਸੀ ਅਪੀਲ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਝੋਨੇ ਦੀ ਖ਼ਰੀਦ ਤੁਰੰਤ ਕਰਨ ਦੀ ਅਪੀਲ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਸੀ ਕਿ ਝੋਨੇ ਦੀ ਖ਼ਰੀਦ 'ਚ ਦੇਰੀ ਦਾ ਫ਼ੈਸਲਾ ਵਾਪਸ ਲਿਆ ਜਾਵੇ ਅਤੇ ਤੁਰੰਤ ਖ਼ਰੀਦ ਦੀ ਇਜਾਜ਼ਤ ਦਿੱਤੀ ਜਾਵੇ।

ਮਾਛੀਵਾੜਾ ਅਨਾਜ ਮੰਡੀ ’ਚ ਝੋਨੇ ਦੀ ਘਟਦੀ ਆਮਦ ਨੇ ਖੜ੍ਹੇ ਕੀਤੇ ਕਈ ਸਵਾਲ?

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਅਨਾਜ ਮੰਡੀ ਵਿਚ ਇਸ ਸਾਲ ਪਿਛਲੀ ਵਾਰ ਦੇ ਮੁਕਾਬਲੇ ਝੋਨੇ ਦੀ ਘੱਟਦੀ ਆਮਦ ਕਈ ਸਵਾਲ ਖੜ੍ਹੇ ਕਰ ਰਹੀ ਹੈ ਕਿ ਇਸ ਵਾਰ ਖ਼ਰੀਦ ਦਾ ਟੀਚਾ ਪੂਰਾ ਹੋ ਸਕੇਗਾ ਜਾਂ ਨਹੀਂ? ਮਾਛੀਵਾੜਾ ਮੁੱਖ ਅਨਾਜ ਮੰਡੀ ਵਿਚ ਪਿਛਲੇ ਸਾਲ 15 ਅਕਤੂਬਰ ਤੱਕ 4 ਲੱਖ 45 ਹਜ਼ਾਰ 963 ਕੁਇੰਟਲ ਝੋਨੇ ਦੀ ਖ਼ਰੀਦ ਹੋ ਚੁੱਕੀ ਸੀ ਪਰ ਇਸ ਵਾਰ ਘੱਟ ਕੇ 3 ਲੱਖ 15 ਹਜ਼ਾਰ ਕੁਇੰਟਲ ਝੋਨੇ ਦੀ ਖ਼ਰੀਦ ਹੋਈ। ਉਪ ਖ਼ਰੀਦ ਕੇਂਦਰ ਹੇਡੋਂ ਬੇਟ ਵਿਖੇ ਵੀ ਪਿਛਲੇ ਸਾਲ ਅੱਜ ਤੱਕ 32 ਹਜ਼ਾਰ 760 ਕੁਇੰਟਲ ਝੋਨੇ ਦੀ ਖ਼ਰੀਦ ਹੋਈ ਸੀ ਪਰ ਹੁਣ ਤੱਕ 21 ਹਜ਼ਾਰ 575 ਕੁਇੰਟਲ ਝੋਨੇ ਦੀ ਖ਼ਰੀਦ ਹੋਈ। ਸ਼ੇਰਪੁਰ ਬੇਟ ਵਿਖੇ ਪਿਛਲੇ ਸਾਲ ਅੱਜ ਤੱਕ 37222 ਕੁਇੰਟਲ ਝੋਨੇ ਦੀ ਖ਼ਰੀਦ ਹੋਈ ਸੀ ਪਰ ਹੁਣ 22658 ਕੁਇੰਟਲ ਝੋਨੇ ਦੀ ਆਮਦ ਹੋਈ। ਇਸੇ ਤਰ੍ਹਾਂ ਬੁਰਜ ਪਵਾਤ ਵਿਖੇ ਪਿਛਲੇ ਸਾਲ 15084 ਕੁਇੰਟਲ ਝੋਨੇ ਦੀ ਖ਼ਰੀਦ ਹੋਈ ਪਰ ਇਸ ਸਾਲ ਸਿਰਫ 3384 ਕੁਇੰਟਲ ਦੀ ਖ਼ਰੀਦ ਹੋ ਚੁੱਕੀ ਹੈ। ਮਾਛੀਵਾੜਾ ਅਨਾਜ ਮੰਡੀ ਤੇ ਉਪ ਖ਼ਰੀਦ ਕੇਂਦਰਾਂ ਵਿਚ ਪਿਛਲੇ ਸਾਲ ਅਤੇ ਇਸ ਸਾਲ ਦੇ ਅੰਕੜਿਆਂ ’ਤੇ ਜੇ ਨਜ਼ਰ ਮਾਰੀ ਜਾਵੇ ਤਾਂ ਹੁਣ ਤੱਕ 30 ਫ਼ੀਸਦੀ ਝੋਨੇ ਦੀ ਖ਼ਰੀਦ ਹੋਈ, ਜਿਸ ਦੇ ਕਈ ਕਾਰਨ ਹੋ ਸਕਦੇ ਹਨ। ਮਾਛੀਵਾੜਾ ਮੰਡੀਆਂ ’ਚ ਝੋਨੇ ਦੀ ਆਮਦ ਦੇ ਘੱਟਣ ਦਾ ਸਭ ਤੋਂ ਵੱਡਾ ਕਾਰਨ ਇਸ ਵਾਰ ਪੰਜਾਬ ਸਰਕਾਰ ਵੱਲੋਂ ਆਪਣੀਆਂ ਸਰਹੱਦਾਂ ’ਤੇ ਕੀਤੀ ਗਈ ਸਖ਼ਤੀ ਹੈ, ਜਿਸ ਕਾਰਨ ਯੂ. ਪੀ. ਤੋਂ ਇੱਥੇ ਵਿਕਣ ਲਈ ਝੋਨਾ ਨਹੀਂ ਆ ਸਕਿਆ। ਪਿਛਲੇ ਸਮਿਆਂ ਦੌਰਾਨ ਮਾਛੀਵਾੜਾ ਇਲਾਕੇ ਦੇ ਕਈ ਆੜ੍ਹਤੀ ਤੇ ਵਪਾਰੀ ਪਿਛਲੇ ਸਮੇਂ ਦੌਰਾਨ ਯੂ. ਪੀ. ਤੋਂ ਸਸਤਾ ਝੋਨਾ ਲਿਆ ਕੇ ਇੱਥੇ ਦੀਆਂ ਮੰਡੀਆਂ ’ਚ ਸਰਕਾਰੀ ਭਾਅ ’ਤੇ ਵੇਚ ਕੇ ਲੱਖਾਂ ਰੁਪਏ ਕਮਾਏ ਪਰ ਇਸ ਵਾਰ ਸਰਕਾਰ ਦੀ ਸਖ਼ਤੀ ਨੇ ਉਨ੍ਹਾਂ ਦੀ ਇਸ ਕਾਲੀ ਕਮਾਈ ’ਤੇ ਪਾਣੀ ਫੇਰ ਦਿੱਤਾ। ਦੂਸਰਾ ਵੱਡਾ ਕਾਰਨ ਇਸ ਵਾਰ ਸਰਕਾਰ ਨੇ ਕਿਸਾਨਾਂ ਦੀਆਂ ਫ਼ਰਦਾਂ ਪੋਰਟਲ ’ਤੇ ਚੜ੍ਹਾ ਦਿੱਤੀਆਂ, ਜਿਸ ਦੇ ਆਧਾਰ ’ਤੇ ਹੀ ਕਿਸਾਨ ਆਪਣੀ ਫ਼ਸਲ ਵੇਚ ਸਕੇਗਾ। 

ਜਾਣੋ 13ਵੇਂ ਦਿਨ ਤੱਕ ਕਿੰਨੀ ਹੋਈ ਝੋਨੇ ਦੀ ਖ਼ਰੀਦ
ਪੰਜਾਬ ਵਿੱਚ ਝੋਨੇ ਦੀ ਖ਼ਰੀਦ ਦੇ 13ਵੇਂ ਦਿਨ ਸਰਕਾਰੀ ਏਜੰਸੀਆਂ ਵੱਲੋਂ 391130.691 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਸੂਬੇ ਦੀਆਂ ਮੰਡੀਆਂ ਵਿੱਚ 2428898.691 ਮੀਟ੍ਰਿਕ ਟਨ ਝੋਨਾ ਸਰਕਾਰੀ ਏਜੰਸੀਆਂ ਵੱਲੋਂ ਅਤੇ 25090 ਮੀਟ੍ਰਿਕ ਟਨ ਮਿੱਲਰਜ਼ ਵੱਲੋਂ ਖ਼ਰੀਦਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਮੰਡੀਆਂ ਵਿੱਚ ਖ਼ਰੀਦ ਦੇ 13ਵੇਂ ਦਿਨ 389055.868 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ। ਆਸ਼ੂ ਨੇ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ ਕੁੱਲ 2558389.868 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 2453988.691 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News