ਪੰਜਾਬ ''ਚ ਵੇਚਣ ਲਈ ਯੂ. ਪੀ. ਤੋਂ ਗ਼ੈਰ-ਕਾਨੂੰਨੀ ਤੌਰ ''ਤੇ ਲਿਆਂਦਾ ਜਾ ਰਿਹਾ ਲੱਖਾਂ ਰੁਪਏ ਦਾ ਝੋਨਾ, ਪਰਚਾ ਦਰਜ

Thursday, Nov 03, 2022 - 07:32 PM (IST)

ਭਵਾਨੀਗੜ੍ਹ (ਵਿਕਾਸ) : ਬਾਹਰਲੇ ਸੂਬੇ ਉੱਤਰ ਪ੍ਰਦੇਸ਼ 'ਚੋਂ ਟਰੱਕ 'ਚ ਵੱਡੇ ਪੱਧਰ 'ਤੇ ਭਰ ਕੇ ਕਥਿਤ ਰੂਪ 'ਚ ਪੰਜਾਬ 'ਚ ਵੇਚਣ ਲਈ ਲਿਆਂਦੇ ਜਾ ਰਹੇ ਲੱਖਾਂ ਰੁਪਏ ਦੇ ਨਾਜਾਇਜ਼ ਝੋਨੇ ਨੂੰ ਭਵਾਨੀਗੜ੍ਹ ਵਿਖੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਕਾਬੂ ਕੀਤਾ। ਵੀਰਵਾਰ ਦੁਪਹਿਰ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਸੀ ਕਿ ਆਖਰਕਾਰ ਪਾਬੰਦੀ ਦੇ ਬਾਵਜੂਦ ਨਾਜਾਇਜ਼ ਤਰੀਕੇ ਨਾਲ ਸ਼ਰੇਆਮ ਪੰਜਾਬ ਦਾਖਲ ਹੋਏ ਝੋਨੇ ਦੇ ਟਰੱਕ ਦਾ ਅਸਲ ਮਾਲਕ ਕੌਣ ਹੈ ਤੇ ਇਹ ਕਿਹੜੀ ਜਗ੍ਹਾ 'ਤੇ ਵੇਚ ਕੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਮੋਟਾ ਚੂਨਾ ਲਗਾਇਆ ਜਾਣਾ ਸੀ। ਪਰੰਤੂ ਸ਼ਾਮ ਤੱਕ ਪੁਲਸ ਨੂੰ ਤਫਤੀਸ਼ 'ਚ ਸਪੱਸ਼ਟ ਹੋਇਆ ਕਿ ਇਹ 292 ਕੁਇੰਟਲ ਝੋਨਾ ਸਮਾਣਾ ਸ਼ਹਿਰ ਦੇ ਇਕ ਵਿਅਕਤੀ ਨੇ ਯੂ. ਪੀ. ਤੋਂ ਮੰਗਵਾਇਆ ਸੀ ਜਿਸ ਸਬੰਧੀ ਕਾਰਵਾਈ ਕਰਦਿਆਂ ਭਵਾਨੀਗੜ੍ਹ ਪੁਲਸ ਨੇ ਉਕਤ ਵਿਅਕਤੀ ਸਮੇਤ ਦੋ ਲੋਕਾਂ ਖਿਲਾਫ਼ ਪਰਚਾ ਦਰਜ ਕੀਤਾ।

PunjabKesari

ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਟਰੱਕ ਦੇ ਡਰਾਈਵਰ ਤੋਂ ਝੋਨੇ ਸਬੰਧੀ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਪੀਲੀਭੀਤ (ਯੂ.ਪੀ.) ਤੋਂ ਝੋਨੇ ਦੀ ਗੱਡੀ ਭਰ ਕੇ ਭੇਜਿਆ ਗਿਆ ਸੀ ਕਿ ਇਹ ਝੋਨਾ ਹਰਿਆਣੇ ਦੇ ਚੀਕਾ ਸ਼ਹਿਰ ਉਤਾਰਨਾ ਹੈ। ਪਰ ਐਨ ਮੌਕੇ ਉਸ ਨੂੰ ਇਹ ਕਹਿ ਦਿੱਤਾ ਗਿਆ ਕਿ ਇਹ ਝੋਨਾ ਚੀਕੇ ਤੋਂ ਤਕਰੀਬਨ 25-30 ਕਿੱਲੋਮੀਟਰ ਦੂਰ ਕਿਸੇ ਸ਼ੈਲਰ 'ਚ ਡੰਪ ਕਰਨਾ ਹੈ ਤੇ ਉਸ ਨੂੰ ਪਤਾ ਨਹੀਂ ਲੱਗਿਆ ਕਿ ਉਸ ਦੀ ਗੱਡੀ ਪੰਜਾਬ 'ਚ ਆ ਵੜੀ ਜਿੱਥੇ ਚੈਕਿੰਗ ਦੌਰਾਨ ਉਸ ਦੀ ਗੱਡੀ ਨੂੰ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਫੜ ਲਿਆ। ਇਸ ਦੌਰਾਨ ਉਕਤ ਡਰਾਈਵਰ ਨੇ ਇਕ ਵਪਾਰੀ ਦਾ ਫੋਨ ਨੰਬਰ ਵੀ ਦਿੱਤਾ ਜੋ ਉਸ ਨੂੰ ਸੰਗਰੂਰ ਲੈ ਕੇ ਆਇਆ ਸੀ, ਨਾਲ ਪੱਤਰਕਾਰਾਂ ਨੇ ਫੋਨ 'ਤੇ ਗੱਲ ਕੀਤੀ ਤਾਂ ਅੱਗੋਂ ਫੋਨ ਸੁਣਨ ਵਾਲੇ ਵਿਅਕਤੀ ਨੇ ਪੱਲਾ ਝਾੜਦਿਆਂ ਆਖਿਆ ਕਿ ਉਸ ਦਾ ਝੋਨੇ ਅਤੇ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ। ਹਾਲਾਂਕਿ ਇਸ ਦੌਰਾਨ ਉਸ ਵਿਅਕਤੀ ਨੇ ਇਹ ਜ਼ਰੂਰ ਮੰਨਿਆ ਕਿ 2-3 ਸਾਲ ਪਹਿਲਾਂ ਉਹ ਆਪਣਾ ਸ਼ੈਲਰ ਦਾ ਕੰਮ ਬੰਦ ਕਰ ਚੁੱਕਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ਹਿਰੀਲੀ ਹੋਈ ਆਬੋ-ਹਵਾ, ਮੁੱਖ ਮੰਤਰੀ ਮਾਨ ਦਾ ਜ਼ਿਲ੍ਹਾ ਪਰਾਲੀ ਸਾੜਨ ਦੇ ਮਾਮਲੇ 'ਚ ਨੰਬਰ 1 'ਤੇ

ਉੱਧਰ ਮਾਮਲੇ ਸਬੰਧੀ ਭਵਾਨੀਗੜ੍ਹ ਮਾਰਕੀਟ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਨੇ ਆਖਿਆ ਕਿ ਟਰੱਕ ਦੇ ਡਰਾਇਵਰ ਵੱਲੋਂ ਦਿੱਤੇ ਗਏ ਵਿਅਕਤੀ ਦੇ ਨੰਬਰ 'ਤੇ ਉਨ੍ਹਾਂ ਵੱਲੋਂ ਵੀ ਸੰਪਰਕ ਕੀਤਾ ਗਿਆ ਹੈ ਪਰ ਉਹ ਵਿਅਕਤੀ ਕੁੱਝ ਵੀ ਮੰਨਣ ਨੂੰ ਤਿਆਰ ਨਹੀਂ। ਫਿਲਹਾਲ ਉਨ੍ਹਾਂ ਵੱਲੋਂ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆ ਕੇ ਝੋਨੇ ਦੇ ਟਰੱਕ ਨੂੰ ਪੁਲਸ ਹਵਾਲੇ ਕੀਤਾ ਗਿਆ ਹੈ ਜਿਸ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਨ ਨੂੰ ਆਖਿਆ ਗਿਆ ਹੈ।

ਮਾਮਲੇ ਸਬੰਧੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਥਾਣਾ ਮੁਖੀ ਭਵਾਨੀਗੜ੍ਹ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ 'ਤੇ ਪੁਲਸ ਵੱਲੋਂ ਕੀਤੀ ਗਈ ਤਫਤੀਸ਼ 'ਚ ਸਾਹਮਣੇ ਆਇਆ ਕਿ ਗੈਰ ਕਾਨੂੰਨੀ ਢੰਗ ਨਾਲ ਉਕਤ ਝੋਨੇ ਦੀ ਗੱਡੀ ਯੂ. ਪੀ. ਤੋਂ ਸਮਾਣਾ ਦੇ ਗੌਰਵ ਨਾਮ ਦੇ ਵਪਾਰੀ ਵੱਲੋਂ ਮੰਗਵਾਈ ਗਈ ਸੀ। ਫਿਲਹਾਲ ਪੁਲਸ ਨੇ ਉਸ ਵਿਅਕਤੀ ਸਮੇਤ ਗੱਡੀ ਦੇ ਚਾਲਕ ਖਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।


Manoj

Content Editor

Related News