ਸਾਦਿਕ ਮੰਡੀ 'ਚ ਝੋਨੇ ਦੀ ਆਮਦ ਸ਼ੁਰੂ, ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਹੋਵੇਗੀ
Sunday, Sep 17, 2017 - 11:47 AM (IST)
ਸਾਦਿਕ (ਪਰਮਜੀਤ) - ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਲਈ ਇਕ ਅਕਤੂਬਰ ਨੂੰ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮਿਲੀ ਹੈ ਕਿ ਇਸ ਸਬੰਧੀ ਹਾਲੇ ਮੰਡੀਆਂ ਦੇ ਖਰੀਦ ਪ੍ਰਬੰਧ, ਬਾਰਦਾਨਾ ਤੇ ਸ਼ੈਲਰਾਂ ਦੀ ਅਲਾਟਮੈਂਟ ਤੋਂ ਬਾਅਦ ਖਰੀਦ ਇੰਸਪੈਕਟਰਾਂ ਦੀ ਡਿਊਟੀਆਂ ਵੀ ਲੱਗਣੀਆਂ ਹਨ ਤੇ ਹਰ ਸਾਲ ਦੀ ਤਰਾਂ ਝੋਨੇ ਦੀ ਸਰਕਾਰ ਖਰੀਦ 1 ਅਕਤੂਬਰ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ ਪਰ ਕਿਸਾਨਾਂ ਵੱਲੋਂ ਬਿਜਾਈ ਕੀਤੀ ਝੋਨੇ ਦੀ ਅਗੇਤੀ ਫਸਲ ਦੀ ਆਮਦ ਮੰਡੀਆਂ 'ਚ ਸ਼ੁਰੂ ਹੋ ਗਈ ਹੈ। ਸਾਦਿਕ ਮੰਡੀ 'ਚ ਪਰਮਜੀਤ ਸਿੰਘ ਐਂਡ ਕੰਪਨੀ ਦੀ ਆੜ੍ਹਤ ਤੇ ਪੀ. ਆਰ. 126 ਝੋਨੇ ਦੀ ਕਿਸਮ ਦੀ ਕਰੀਬ 300 ਕੁਵਿੰਟਲ ਦੀ ਆਮਦ ਹੋ ਚੁੱਕੀ ਹੈ।
ਕੀ ਕਹਿੰਦੇ ਹਨ ਸਕੱਤਰ
ਮਾਰਕੀਟ ਕਮੇਟੀ ਸਾਦਿਕ ਦੇ ਸਕੱਤਰ ਪ੍ਰਿਤਪਾਲ ਸਿੰਘ ਕੋਹਲੀ ਨਾਲ ਗਲਬਾਤ ਕਰਨ 'ਤੇ ਉਨਾਂ ਕਿਹਾ ਕਿ ਖਰੀਦ ਕੇਂਦਰ 'ਚ ਛਾਂ, ਬਿਜਲੀ ਅਤੇ ਪਾਣੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਕਿਉਂਕਿ ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਹੀ ਸ਼ੁਰੂ ਹੋਣੀ ਹੈ ਪਰ ਵਪਾਰੀ ਵਰਗ ਪਹਿਲਾਂ ਹੀ ਇਸਦੀ ਖਰੀਦ ਸ਼ੁਰੂ ਕਰ ਦਿੰਦਾ ਹੈ। ਅਗੇਤੀ ਆਮਦ ਨੂੰ ਦੇਖਦਿਆਂ ਮਾਰਕੀਟ ਕਮੇਟੀ ਅਧੀਨ ਆਉਂਦੇ ਸਾਰੇ ਖਰੀਦ ਕੇਂਦਰਾਂ ਵਿਚ ਲੋੜੀਂਦੇ ਪ੍ਰਬੰਧ ਜਲਦੀ ਕਰ ਦਿੱਤੇ ਜਾਣਗੇ ਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤਰਸੇਮ ਲਾਲ ਗਰਗ, ਪੰਕਜ਼ ਅਗਰਵਾਲ ਤੇ ਦਲਜੀਤ ਸਿੰਘ ਢਿੱਲੋਂ ਵੀ ਹਾਜ਼ਰ ਸਨ।