1509 ਝੋਨੇ ਦੀ ਆੜ ''ਚ ਪਰਮਲ ਝੋਨਾ ਬਿਨਾਂ ਸਰਕਾਰੀ ਖਰੀਦ ਦੇ ਮੰਡੀਆਂ ''ਚ ਹੋ ਰਿਹਾ ਗਾਇਬ

Wednesday, Sep 30, 2020 - 12:01 PM (IST)

1509 ਝੋਨੇ ਦੀ ਆੜ ''ਚ ਪਰਮਲ ਝੋਨਾ ਬਿਨਾਂ ਸਰਕਾਰੀ ਖਰੀਦ ਦੇ ਮੰਡੀਆਂ ''ਚ ਹੋ ਰਿਹਾ ਗਾਇਬ

ਜਲਾਲਾਬਾਦ (ਸੇਤੀਆ,ਟੀਨੂੰ) : ਪਿਛਲੇ ਕਰੀਬ 5 ਦਿਨਾਂ ਤੋਂ ਕਿਸਾਨਾਂ ਵਲੋਂ ਮੰਡੀਆਂ 'ਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਮੰਡੀਆਂ 'ਚ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੁੰਦੀ ਹੈ ਪਰ ਇਸ ਵਾਰ ਸਰਕਾਰੀ ਖਰੀਦ ਦਾ ਐਲਾਨ ਸਰਕਾਰ ਵਲੋਂ 27 ਸਤੰਬਰ ਨੂੰ ਹੀ ਕਰ ਦਿੱਤਾ ਗਿਆ ਸੀ ਪਰ ਮੰਡੀਆਂ 'ਚ 1509 ਦੇ ਨਾਲ-ਨਾਲ ਪਰਮਲ ਝੋਨੇ ਦੀ ਫ਼ਸਲ ਵੀ ਕਿਸਾਨਾਂ ਵਲੋਂ ਲਿਆਂਦੀ ਜਾ ਰਹੀ ਹੈ ਜਿਸਦੀ ਅਜੇ ਤੱਕ ਸਰਕਾਰੀ ਖ਼ਰੀਦ ਨਾ ਹੋਣ ਦੇ ਬਾਵਜੂਦ ਇਹ ਫ਼ਸਲ ਮੰਡੀਆਂ 'ਚ ਬੋਰੀਆਂ 'ਚ ਭਰ ਕੇ ਬਿਨਾਂ ਫੀਸ ਭਰੇ ਹੀ ਉਥੋਂ ਗਾਇਬ ਹੋ ਰਹੀ ਹੈ।

ਜਾਣਕਾਰੀ ਅਨੁਸਾਰ ਜਲਾਲਾਬਾਦ ਦੀ ਅਨਾਜ ਮੰਡੀ 'ਚ ਪਿਛਲੇ ਇਕ ਹਫਤੇ ਤੋਂ ਪਰਮਲ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਤੇ ਰੋਜ਼ਾਨਾ 5-6 ਟ੍ਰਾਲੀਆਂ ਝੋਨਾ ਮੰਡੀ 'ਚ ਆ ਰਿਹਾ ਹੈ ਅਤੇ ਉਹ ਝੋਨਾ ਨਾ ਤਾਂ ਕਿਸੇ ਖਰੀਦ ਏਜੰਸੀ ਨੂੰ ਲਿਖਿਆ ਗਿਆ ਹੈ ਅਤੇ ਨਾ ਹੀ ਮਾਰਕੀਟ ਕਮੇਟੀ ਦੇ ਰਜਿਸਟਰ 'ਚ ਦਰਜ ਹੈ ਪਰ ਮੰਡੀ 'ਚ ਝੋਨਾ ਆਉਣ ਤੋਂ ਬਾਅਦ ਇਹ ਝੋਨਾ ਬਿਨਾਂ ਕਿਸੇ ਰਿਕਾਰਡ ਦੇ ਮੰਡੀਆਂ 'ਚ ਜਾ ਰਿਹਾ ਹੈ ਪਰ ਇਹ ਝੋਨਾ ਕਿੱਥੇ ਸਟੋਰ ਹੋ ਰਿਹਾ ਹੈ ਇਸ ਦੀ ਮਹਿਕਮੇ ਕੋਲ ਜਾਣਕਾਰੀ ਨਹੀਂ ਹੈ। 

ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਕੁੱਝ ਰਾਈਸ ਮਿੱਲਰ ਇਸ ਕਾਲੇ ਧੰਦੇ ਨੂੰ ਅੰਜਾਮ ਦੇ ਰਹੇ ਹਨ ਅਤੇ ਮਾਰਕੀਟ ਫੀਸ ਬਿਗੈਰ ਭਰੇ ਤੋਂ ਹੀ ਝੋਨਾ ਆਪਣੀਆਂ ਮਿੱਲਾਂ 'ਚ ਸਟੋਰ ਕਰ ਰਹੇ ਹਨ । ਇਸ ਦੀ ਜਾਂਚ ਕੀਤੀ ਜਾਵੇ ਤਾਂ ਮਾਰਕੀਟ ਕਮੇਟੀ ਤੇ ਰਾਈਸ ਮਿੱਲਰਾਂ ਦੀ ਮਿਲੀਭੁਗਤ ਦੇ ਨਾਲ ਫੀਸ ਚੋਰੀ ਦਾ ਮਾਮਲਾ ਉਜਾਗਰ ਹੋ ਸਕਦਾ ਹੈ।

ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਸਕੱਤਰ ਬਲਜਿੰਦਰ ਸਿੰਘ ਤੇ ਮੰਡੀ ਸੁਪਰਵਾਈਜ਼ਰ ਦਿਲੋਰ ਚੰਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਡੀ 'ਚ 1509 ਝੋਨਾ ਆ ਰਿਹਾ ਹੈ ਪਰ ਜਦੋਂ ਉਨ੍ਹਾਂ ਪਿਛਲੇ 5 ਦਿਨਾਂ ਤੋਂ ਪਰਮਲ ਝੋਨੇ ਦੀ ਆਮਦ ਬਾਰੇ ਜਾਣਕਾਰੀ ਮੰਗੀ ਤਾਂ ਉਨ੍ਹਾਂ ਕਿਹਾ ਕਿ ਅੱਜ ਮੰਡੀ 'ਚ ਸਿਰਫ 3 ਟਰਾਲੀਆਂ ਪਰਮਲ ਝੋਨਾ ਆਇਆ ਹੈ ਅਤੇ ਇਸ ਤੋਂ ਪਹਿਲਾਂ ਝੋਨਾ ਨਹੀਂ ਆਇਆ ਹੈ ਜਦ ਉਨ੍ਹਾਂ ਨੂੰ ਬੋਰੀਆਂ ਪਰਮਲ ਭਰੇ ਝੋਨੇ ਬਾਰੇ ਪੁੱਛਿਆ ਗਿਆ ਤਾਂ ਕੋਈ ਸੰਤੁਸ਼ਟ ਜਵਾਬ ਨਹੀਂ ਮਿਲ ਪਾਇਆ।


author

Gurminder Singh

Content Editor

Related News