ਮਾਛੀਵਾੜਾ ਦਾਣਾ ਮੰਡੀ ’ਚ ਝੋਨੇ ਦੀ ਲਿਫਟਿੰਗ ਸ਼ੁਰੂ, ਆੜ੍ਹਤੀਆਂ ਵਲੋਂ ਹੜਤਾਲ ਖ਼ਤਮ
Friday, Oct 07, 2022 - 12:21 PM (IST)
ਮਾਛੀਵਾੜਾ ਸਾਹਿਬ (ਟੱਕਰ/ਸਚਦੇਵਾ) : ਪੰਜਾਬ ਸਰਕਾਰ ਵਲੋਂ ਮੰਡੀਆਂ ਵਿਚੋਂ ਝੋਨੇ ਦੀ ਲਿਫਟਿੰਗ ਦੇ ਸਖ਼ਤ ਨਿਯਮਾਂ ਦਾ ਵਿਰੋਧ ਕਰਦਿਆਂ ਮਾਛੀਵਾੜਾ ਦਾਣਾ ਮੰਡੀ ਦੇ ਆੜ੍ਹਤੀ ਹੜਤਾਲ ’ਤੇ ਚਲੇ ਗਏ ਸਨ ਪਰ ਅੱਜ ਸਰਕਾਰ ਨੇ ਇਹ ਨਿਯਮ ਵਾਪਿਸ ਲੈ ਲਏ, ਜਿਸ ਕਾਰਨ ਲਿਫਟਿੰਗ ਸ਼ੁਰੂ ਹੋ ਗਈ ਅਤੇ ਆੜ੍ਹਤੀਆਂ ਨੇ ਆਪਣੀ ਹੜਤਾਲ ਵੀ ਖ਼ਤਮ ਕਰ ਦਿੱਤੀ ਹੈ। ਮਾਛੀਵਾੜਾ ਦਾਣਾ ਮੰਡੀ ਵਿਚ ਆੜ੍ਹਤੀ ਨਿਤਿਨ ਕੁਮਾਰ ਜੈਨ ਦੀ ਦੁਕਾਨ ਤੋਂ ਮਾਰਕੀਟ ਕਮੇਟੀ ਦੇ ਸਕੱਤਰ ਸੁਰਿੰਦਰ ਸਿੰਘ ਨੇ ਫਸਲ ਦੀ ਲਿਫਟਿੰਗ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ’ਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ ਤੇ ਹਰਜਿੰਦਰ ਸਿੰਘ ਖੇੜਾ ਵੀ ਮੌਜੂਦ ਸਨ।
ਇਸ ਮੌਕੇ ਪ੍ਰਧਾਨ ਕੂੰਨਰ ਤੇ ਖੇੜਾ ਨੇ ਕਿਹਾ ਕਿ ਸਰਕਾਰ ਦੇ ਜੋ ਲਿਫਟਿੰਗ ਦੇ ਪਹਿਲੇ ਨਿਯਮ ਸਨ, ਉਸ ਤਹਿਤ ਫਸਲ ਦੀ ਚੁਕਾਈ ਸੰਭਵ ਹੀ ਨਹੀਂ ਸੀ ਤੇ ਸਰਕਾਰ ਨੇ ਕਿਸਾਨਾਂ ’ਤੇ ਆੜ੍ਹਤੀਆਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਇਹ ਨਿਯਮ ਵਾਪਿਸ ਲੈ ਕੇ ਸ਼ਲਾਘਾਯੋਗ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਹੁਣ ਲਿਫਟਿੰਗ ਦਾ ਕੰਮ ਸੁਚਾਰੂ ਰੂਪ ਨਾਲ ਚੱਲੇਗਾ ਅਤੇ ਕਿਸਾਨਾਂ ਨੂੰ ਫਸਲ ਵੇਚਣ ’ਚ ਵੀ ਕੋਈ ਮੁਸ਼ਕਿਲ ਪੇਸ਼ ਨਹੀਂ ਆਵੇਗੀ। ਇਸ ਮੌਕੇ ਅਰਵਿੰਦਰਪਾਲ ਸਿੰਘ ਵਿੱਕੀ, ਗੁਰਨਾਮ ਸਿੰਘ ਨਾਗਰਾ, ਕਪਿਲ ਆਨੰਦ, ਤੇਜਿੰਦਰਪਾਲ ਸਿੰਘ ਰਹੀਮਾਬਾਦ, ਰਾਜਵਿੰਦਰ ਸਿੰਘ ਸੈਣੀ, ਸੰਤੋਖ ਸਿੰਘ, ਪ੍ਰਵੀਨ ਖੋਸਲਾ, ਵਿਨੀਤ ਜੈਨ (ਸਾਰੇ ਆੜ੍ਹਤੀ), ਲੇਖਾਕਾਰ ਬਲਵਿੰਦਰ ਸਿੰਘ ਧਾਰਨੀ ਵੀ ਮੌਜੂਦ ਸਨ।