ਪੀ. ਯੂ. ਦੇ ਸਾਬਕਾ ਵੀ. ਸੀ. ਬੋਪਾਰਾਏ ਦਾ ਅਡਾਪਟ ਕੀਤਾ ਕਲਚਰ ਫਿਰ ਤੋਂ ਸ਼ੁਰੂ

Wednesday, Oct 04, 2017 - 06:22 AM (IST)

ਪੀ. ਯੂ. ਦੇ ਸਾਬਕਾ ਵੀ. ਸੀ. ਬੋਪਾਰਾਏ ਦਾ ਅਡਾਪਟ ਕੀਤਾ ਕਲਚਰ ਫਿਰ ਤੋਂ ਸ਼ੁਰੂ

ਪਟਿਆਲਾ (ਪ੍ਰਤਿਭਾ)- ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ. ਐੱਸ. ਬੋਪਾਰਾਏ ਦੇ ਸਮੇਂ ਚੱਲਣ ਵਾਲਾ ਕਲਚਰ ਹੁਣ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਵੀ ਸ਼ੁਰੂ ਕਰ ਦਿੱਤਾ ਹੈ। 30 ਸਤੰਬਰ ਨੂੰ ਫਾਇਨਾਂਸ ਅਫਸਰ ਡਾ. ਬਲਜੀਤ ਸਿੰਘ ਸਿੱਧੂ ਰਿਟਾਇਰ ਹੋਏ ਹਨ। ਉਹ ਕੰਟਰੋਲਰ ਐਗਜ਼ਾਮੀਨੇਸ਼ਨ ਦਾ ਚਾਰਜ ਵੀ ਸੰਭਾਲ ਰਹੇ ਸਨ। ਹੁਣ ਇਕੱਠੀਆਂ 2 ਪੋਸਟਾਂ ਖਾਲੀ ਹੋਣ ਤੋਂ ਬਾਅਦ ਵੀ. ਸੀ. ਨੇ ਦੋਵਾਂ ਹੀ ਪੋਸਟਾਂ 'ਤੇ ਪ੍ਰੋਫੈਸਰ ਇੰਚਾਰਜ ਲਾ ਦਿੱਤੇ ਹਨ।  
ਐਗਜ਼ਾਮੀਨੇਸ਼ਨ ਦੇ ਪ੍ਰੋਫੈਸਰ ਇੰਚਾਰਜ ਤਾਂ ਪਹਿਲਾਂ ਤੋਂ ਹੀ ਡਾ. ਐੱਨ. ਐੱਸ. ਬਤਰਾ ਜੋ ਕਿ ਡੀਨ ਰਿਸਰਚ ਵੀ ਹਨ, ਉਹ ਦੇਖ ਰਹੇ ਸਨ। ਹੁਣ ਫਾਇਨਾਂਸ ਅਫਸਰ ਲਈ ਕਾਮਰਸ ਵਿਭਾਗ ਦੇ ਡਾ. ਰਾਧਾ ਸ਼ਰਨ ਅਰੋੜਾ ਨੂੰ ਪ੍ਰੋਫੈਸਰ ਇੰਚਾਰਜ ਦਾ ਅਹੁਦਾ ਦੇ ਦਿੱਤਾ ਹੈ। ਹੁਕਮਾਂ ਵਿਚ ਇਹ ਸਾਫ ਲਿਖਿਆ ਹੈ ਕਿ ਉਹ ਅਗਲੇ ਹੁਕਮਾਂ ਤੱਕ ਫਾਇਨਾਂਸ ਅਫਸਰ ਰਹਿਣਗੇ ਪਰ ਫਿਲਹਾਲ ਇਹ ਚਾਰਜ ਉਨ੍ਹਾਂ ਕੋਲ ਰਹੇਗਾ। ਅਜਿਹੇ ਵਿਚ ਇਕ ਵਾਰ ਫਿਰ ਤੋਂ ਨਾਨ-ਟੀਚਿੰਗ ਪੋਸਟਾਂ 'ਤੇ ਟੀਚਿੰਗ ਸਟਾਫ ਦਾ ਅਧਿਕਾਰ ਹੋ ਚੁੱਕਾ ਹੈ। ਇਸ ਨਾਲ ਨਾਨ-ਟੀਚਿੰਗ ਮੁਲਾਜ਼ਮਾਂ ਵਿਚ ਕਾਫੀ ਨਾਰਾਜ਼ਗੀ ਹੈ। 
ਗ੍ਰਾਂਟ ਲੈਣ ਲਈ ਵਾਰ-ਵਾਰ ਜਾਣਾ ਹੋਵੇਗਾ ਚੰਡੀਗੜ੍ਹ
ਅਲੱਗ-ਅਲੱਗ ਫਾਇਨਾਂਸ ਨਾਲ ਜੁੜੇ ਮੁੱਦਿਆਂ, ਗ੍ਰਾਂਟ ਲੈਣ ਲਈ ਜਾਂ ਹੋਰ ਕਈ ਕੰਮਾਂ ਨੂੰ ਕਰਨ ਲਈ ਫਾਇਨਾਂਸ ਅਫਸਰ ਨੂੰ ਚੰਡੀਗੜ੍ਹ ਫਾਇਨਾਂਸ ਸੈਕਟਰੀ, ਫਾਇਨਾਂਸ ਮੰਤਰੀ ਅਤੇ ਹੋਰ ਅਧਿਕਾਰੀਆਂ ਕੋਲ ਜਾਣਾ ਹੋਵੇਗਾ। ਅਜਿਹੇ ਵਿਚ ਜੇਕਰ ਇਕ ਪ੍ਰੋਫੈਸਰ ਇੰਚਾਰਜ ਇਨ੍ਹਾਂ ਕੰਮਾਂ ਵਿਚ ਬਿਜ਼ੀ ਹੋ ਜਾਂਦਾ ਹੈ ਤਾਂ ਫਿਰ ਵਿਭਾਗ ਵਿਚ ਉਨ੍ਹਾਂ ਦੀ ਕਲਾਸਿਜ਼ ਕੌਣ ਲਵੇਗਾ? ਜਦੋਂ ਕਿ ਨਿਰਦੇਸ਼ਾਂ ਵਿਚ ਸਾਫ ਲਿਖਿਆ ਹੈ ਕਿ ਪ੍ਰੋਫੈਸਰ ਇੰਚਾਰਜ ਵਿਭਾਗ ਦਾ ਕੰਮ ਵੀ ਨਾਲ-ਨਾਲ ਹੀ ਕਰਨਗੇ।  ਮੁਲਾਜ਼ਮ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਸੇ ਤਰ੍ਹਾਂ ਦਾ ਕਲਚਰ ਯੂਨੀਵਰਸਿਟੀ ਵਿਚ ਚੱਲ ਰਿਹਾ ਸੀ। ਹੁਣ ਫਿਰ ਤੋਂ ਉਹੀ ਫੈਸਲਾ ਲਾਗੂ ਹੋ ਰਿਹਾ ਹੈ।  ਨਾਨ-ਟੀਚਿੰਗ ਪੋਸਟਾਂ 'ਤੇ ਲਗਾਤਾਰ ਟੀਚਿੰਗ ਸਟਾਫ ਨੂੰ ਰੱਖਿਆ ਜਾ ਰਿਹਾ ਹੈ ਜੋ ਕਿ ਨਹੀਂ ਹੋਣਾ ਚਾਹੀਦਾ। ਟੀਚਿੰਗ ਨਾਲ ਜੁੜੇ ਹੋਏ ਅਫਸਰ ਨਾਨ-ਟੀਚਿੰਗ ਦੀਆਂ ਸਮੱਸਿਆਵਾਂ ਨੂੰ ਓਨਾ ਨਹੀਂ ਸਮਝ ਸਕਦੇ।
ਫਾਇਨਾਂਸ ਅਫਸਰ ਲਈ ਸਰਕਾਰ ਦੇ ਵੀ ਨੇੜੇ ਹੋਣਾ ਜ਼ਰੂਰੀ
ਕੈਂਪਸ ਵਿਚ ਫੈਲੀਆਂ ਚਰਚਾਵਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਦਾ ਕਹਿਣਾ ਹੈ ਕਿ ਵੀ. ਸੀ. ਡਾ. ਬੀ. ਐੱਸ. ਘੁੰਮਣ ਖੁਦ ਇਕ ਪ੍ਰੋਫੈਸਰ ਹਨ ਅਤੇ ਟੀਚਿੰਗ ਵਿਚ ਹੀ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਇਸ ਲਈ ਉਨ੍ਹਾਂ ਨੇ ਨਾਨ-ਟੀਚਿੰਗ ਪੋਸਟ ਲਈ ਵੀ ਟੀਚਿੰਗ ਸਟਾਫ ਨੂੰ ਹੀ ਚੁਣਿਆ ਹੈ। 
ਮੁਲਾਜ਼ਮਾਂ ਦੀ ਮੰਨੀ ਜਾਵੇ ਤਾਂ ਜੋ ਹਾਲਾਤ ਇਸ ਸਮੇਂ ਯੂਨੀਵਰਸਿਟੀ ਦੇ ਹਨ, ਉਨ੍ਹਾਂ ਨੂੰ ਦੇਖਦੇ ਹੋਏ ਫਾਇਨਾਂਸ ਅਫਸਰ ਦਾ ਸਰਕਾਰ ਦੇ ਨੇੜੇ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਸਰਕਾਰ ਤੋਂ ਗ੍ਰਾਂਟ ਲਿਆਉਣੀ ਵੀ ਜ਼ਰੂਰੀ ਹੈ।
ਨਾਲ ਹੀ ਇਸ ਪੋਸਟ ਲਈ ਜੋ ਉਮੀਦਵਾਰ ਲਾਇਆ ਜਾਵੇ ਉਹ ਕਾਫੀ ਐਕਟਿਵ ਹੋਣਾ ਵੀ ਜ਼ਰੂਰੀ ਹੈ। ਜਾਣਕਾਰੀ ਅਨੁਸਾਰ ਫਾਇਨਾਂਸ ਪ੍ਰੋਫੈਸਰ ਇੰਚਾਰਜ ਤੋਂ ਇੰਨੀ ਉਮੀਦ ਨਹੀਂ ਲਾਈ ਜਾ ਸਕਦੀ ਹੈ। 


Related News