ਪੀ. ਐੱਫ. ਘਪਲਾ : ਕਲਰਕ ਜਸਪ੍ਰੀਤ ਕੌਰ ਸਸਪੈਂਡ

12/30/2017 7:33:33 AM

ਅੰਮ੍ਰਿਤਸਰ, (ਰਮਨ, ਵੜੈਚ)- ਨਗਰ ਨਿਗਮ 'ਚ ਪਿਛਲੇ 2-3 ਸਾਲਾਂ ਤੋਂ ਵਿੱਤੀ ਹਾਲਾਤ ਇੰਨੇ ਖ਼ਰਾਬ ਸਨ ਕਿ ਕਰਮਚਾਰੀਆਂ ਨੂੰ ਤਨਖਾਹ ਵੀ ਨਸੀਬ ਨਹੀਂ ਹੋ ਰਹੀ ਸੀ ਪਰ ਕੁਝ ਅਧਿਕਾਰੀ ਅਤੇ ਕਰਮਚਾਰੀ ਆਪਣੀਆਂ ਜੇਬਾਂ ਭਰਨ 'ਚ ਲੱਗੇ ਹੋਏ ਸਨ। ਨਿਗਮ ਕਰਮਚਾਰੀਆਂ ਅਨੁਸਾਰ ਪਿਛਲੇ 2-3 ਸਾਲਾਂ ਤੋਂ ਉਨ੍ਹਾਂ ਦਾ ਪੀ. ਐੱਫ., ਟੀ. ਡੀ. ਐੱਸ. ਵੀ ਨਹੀਂ ਜਮ੍ਹਾ ਹੋ ਰਿਹਾ ਪਰ ਨਿਗਮ ਵੱਲੋਂ ਉਨ੍ਹਾਂ ਨੂੰ ਸਾਲ ਦੇ ਅਖੀਰ ਵਿਚ ਰਿਟਰਨ ਭਰਨ ਲਈ ਸੈਲਰੀ ਸਲਿਪ ਵੀ ਦਿੱਤੀ ਜਾਂਦੀ ਹੈ ਅਤੇ ਉਸ ਵਿਚ ਅਸਿਸਟੈਂਟ ਕਮਿਸ਼ਨਰ ਦੇ ਹਸਤਾਖਰ ਵੀ ਹੁੰਦੇ ਹਨ ਕਿ ਕਰਮਚਾਰੀ ਦਾ ਪੀ. ਐੱਫ. ਅਤੇ ਟੀ. ਡੀ. ਐੱਸ. ਕੱਟਿਆ ਗਿਆ ਹੈ ਪਰ ਕਰਮਚਾਰੀਆਂ ਦੇ ਖਾਤੇ ਵਿਚ ਨਾ ਤਾਂ ਪੀ. ਐੱਫ. ਆਉਂਦਾ ਹੈ ਤੇ ਨਾ ਹੀ ਟੀ. ਡੀ. ਐੱਸ.। ਜਦੋਂ ਨਿਗਮ ਵਿਚ ਪਿਛਲੇ ਦਿਨੀਂ ਪੀ. ਐੱਫ. ਸਬੰਧੀ ਇਕ ਸ਼ਿਕਾਇਤ ਹੋਈ ਤਾਂ ਜਗ ਬਾਣੀ ਨੇ ਇਸ ਗੱਲ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਤੇ ਇਸ ਸਬੰਧੀ ਜਾਂਚ ਕਮੇਟੀ ਬੈਠੀ ਅਤੇ ਤਹਿ-ਦਰ-ਤਹਿ ਖੁੱਲ੍ਹਦੀ ਗਈ।
ਅੱਜ ਇਥੇ 63 ਲੱਖ ਰੁਪਏ ਮਹਿਲਾ ਕਲਰਕ ਜਸਪ੍ਰੀਤ ਕੌਰ ਵੱਲੋਂ ਨਿਗਮ ਦੇ ਅਕਾਊਂਟ ਵਿਚ ਘਪਲੇ ਦੀ ਰਕਮ ਨੂੰ ਜਮ੍ਹਾ ਕਰਵਾਇਆ ਗਿਆ, ਉਥੇ ਹੀ ਇਕ ਚੈੱਕ ਦੀ ਰਾਸ਼ੀ ਹੋਰ ਦੱਸੀ ਜਾ ਰਹੀ ਹੈ, ਜਿਸ ਦੀ ਰਕਮ 12 ਤੋਂ 15 ਲੱਖ ਦੇ ਲਗਭਗ ਹੈ। ਦੂਜੇ ਪਾਸੇ ਜਸਪ੍ਰੀਤ ਕੌਰ ਨੇ ਜਗ ਬਾਣੀ ਦਫਤਰ ਵਿਚ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਉਹ ਤਾਂ ਸਿਰਫ ਮੋਹਰਾ ਸੀ, ਉਸ ਪਿੱਛੇ ਚੈੱਕ ਅਤੇ ਵਾਊਂਚਰ 'ਤੇ ਦਸਤਖਤ ਕਰਨ ਵਾਲੇ 3 ਅਧਿਕਾਰੀ ਸਨ। ਜਸਪ੍ਰੀਤ ਨੇ ਤਿੰਨੋਂ ਅਧਿਕਾਰੀਆਂ ਦਾ ਨਾਂ ਲੈਂਦਿਆਂ ਕਿਹਾ ਕਿ ਐੱਸ. ਈ. ਪ੍ਰਦੁਮਨ ਸਿੰਘ, ਡੀ. ਸੀ. ਐੱਫ. ਏ. ਮਨੂ ਸ਼ਰਮਾ ਤੇ ਡੀ. ਸੀ. ਐੱਫ. ਏ. ਅਸ਼ਵਨੀ ਭਗਤ ਨੇ ਹੀ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਜਮ੍ਹਾ ਕਰਵਾਏ ਅਤੇ ਉਨ੍ਹਾਂ ਨੇ ਉਹ ਪੈਸੇ ਏ. ਟੀ. ਐੱਮ. 'ਚੋਂ ਕੱਢ ਕੇ ਦੇ ਦਿੱਤੇ। ਮਹਿਲਾ ਕਲਰਕ ਨੇ ਸਿੱਧੇ ਤੌਰ 'ਤੇ ਕਿਹਾ ਕਿ ਉਕਤ ਇਕ ਅਧਿਕਾਰੀ ਦੇ ਖਾਤੇ ਵਿਚ ਵੀ ਉਨ੍ਹਾਂ ਨੇ 50 ਹਜ਼ਾਰ ਦੇ ਲਗਭਗ ਰਕਮ ਟਰਾਂਸਫਰ ਕੀਤੀ ਸੀ, ਜਿਸ ਦਾ ਰਿਕਾਰਡ ਉਨ੍ਹਾਂ ਕੋਲ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੇ ਵਿਸ਼ਵਾਸ ਵਿਚ ਲਿਆ ਗਿਆ ਸੀ ਕਿ ਉਨ੍ਹਾਂ ਨੂੰ ਕੁਝ ਨਹੀਂ ਹੋਣ ਦਿੱਤਾ ਜਾਵੇਗਾ, ਸਾਰੇ ਪੈਸੇ ਜਮ੍ਹਾ ਕਰਵਾ ਕੇ ਉਸ ਨੂੰ ਬਚਾ ਲਿਆ ਜਾਵੇਗਾ, ਕੋਈ ਪੁਲਸ ਕੇਸ ਨਹੀਂ ਹੋਵੇਗਾ ਪਰ ਪੁਲਸ ਕੇਸ ਉਨ੍ਹਾਂ 'ਤੇ ਹੁੰਦਾ ਦੇਖ ਕੇ ਅਖੀਰ ਉਨ੍ਹਾਂ ਨੂੰ ਬੋਲਣ 'ਤੇ ਮਜਬੂਰ ਹੋਣਾ ਪਿਆ। ਜੇਕਰ ਨਿਗਮ ਵਿਚ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਸ ਦੀ ਮੁੜ ਤੋਂ 2010 ਤੋਂ ਜਾਂਚ ਕਰਵਾਈ ਜਾਵੇ ਤਾਂ ਇਹ ਗੜਬੜੀ 1 ਕਰੋੜ ਰੁਪਏ ਦੀ ਸੀਮਾ ਵੀ ਪਾਰ ਕਰ ਸਕਦੀ ਹੈ।
ਮੈਂ ਬੇਕਸੂਰ ਹਾਂ, ਮੈਨੂੰ ਮੁਆਫ ਕੀਤਾ ਜਾਵੇ : ਜਸਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਕੋਲ ਕੋਈ ਆਪਣਾ ਪੈਸਾ ਨਹੀਂ ਸੀ, ਉਨ੍ਹਾਂ ਕੋਲ ਸਿਰਫ ਉਨ੍ਹਾਂ ਦਾ ਪੁਸ਼ਤੈਨੀ ਮਕਾਨ ਸੀ, ਜਿਸ ਵਿਚ ਉਨ੍ਹਾਂ ਦੇ ਪੁੱਤਰ ਦਾ ਵੀ ਹਿੱਸਾ ਸੀ, ਜੋ ਕਿ 18 ਸਾਲ ਬਾਅਦ ਹੀ ਆਪਣਾ ਹਿੱਸਾ ਵੇਚ ਸਕਦਾ ਸੀ। ਇਸ ਨੂੰ ਵੀ ਇਨ੍ਹਾਂ ਅਧਿਕਾਰੀਆਂ ਨੇ ਆਪਣੇ ਨਾਂ ਲਿਖਵਾ ਲਿਆ। ਇਸ ਲਈ ਉਨ੍ਹਾਂ ਨੂੰ 18 ਤਰੀਕ ਨੂੰ ਸੁਵਿਧਾ ਕੇਂਦਰ ਵਿਚ ਹਲਫੀਆ ਬਿਆਨ ਬਣਵਾਉਣ ਇਹ ਅਧਿਕਾਰੀ ਹੀ ਨਾਲ ਲੈ ਕੇ ਗਏ ਸਨ, ਉਥੇ ਇਨ੍ਹਾਂ ਅਧਿਕਾਰੀਆਂ ਦੀ ਵਜ੍ਹਾ ਨਾਲ ਉਨ੍ਹਾਂ ਨੇ ਇਕ ਹਲਫੀਆ ਬਿਆਨ 'ਤੇ ਫੋਟੋ ਕਰਵਾਈ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਜਦੋਂ ਰਜਿਸਟਰੀ ਦੇ ਦਸਤਾਵੇਜ਼ 'ਤੇ ਦਸਤਖਤ ਕਰਵਾਏ ਤਾਂ ਧੋਖੇ ਨਾਲ ਇਹ ਅਸ਼ਟਾਮ ਵੀ ਦਸਤਖਤ ਕਰਵਾ ਲਿਆ ਗਿਆ ਹੈ।
ਜਸਪ੍ਰੀਤ ਨੇ ਦੱਸਿਆ ਕਿ 2 ਅਧਿਕਾਰੀਆਂ ਦੇ ਕਿਸੇ ਰਿਸ਼ਤੇਦਾਰ ਅਤੇ ਜਾਣ-ਪਛਾਣ ਦੇ ਆਦਮੀ ਨੇ ਹੀ ਉਨ੍ਹਾਂ ਦਾ ਮਕਾਨ ਆਪਣੇ ਨਾਂ ਕਰਵਾਇਆ ਹੈ, ਜਿਸ ਦੀ ਕੀਮਤ 40 ਲੱਖ ਰੁਪਏ ਦਿੱਤੀ ਹੈ ਅਤੇ ਬਾਕੀ ਦੇ ਜੋ ਪੈਸੇ ਉਨ੍ਹਾਂ ਨੇ ਬੈਂਕ ਵਿਚ ਜਮ੍ਹਾ ਕਰਵਾਏ ਉਹ ਉਨ੍ਹਾਂ ਨੂੰ ਬੈਂਕ ਦੇ ਬਾਹਰ ਇਨ੍ਹਾਂ ਅਧਿਕਾਰੀਆਂ ਨੇ ਦਿੱਤੇ ਹਨ ਅਤੇ ਬਾਕੀ ਵੀ ਦੇਣ ਨੂੰ ਬੋਲਿਆ ਹੈ। ਜਸਪ੍ਰੀਤ ਨੇ ਕਿਹਾ ਕਿ ਮੇਰੇ ਖਾਤੇ ਵਿਚ ਪੈਸੇ ਜਮ੍ਹਾ ਹੋਏ ਉਹ ਮੇਰੀ ਗਲਤੀ ਹੈ, ਅਧਿਕਾਰੀਆਂ ਨੇ ਕਿਹਾ ਸੀ ਕਿ ਜੇਕਰ ਕੱਲ ਨੂੰ ਕੋਈ ਗੱਲ ਹੋਈ ਤਾਂ ਅਸੀਂ ਸਾਰੇ ਪੈਸੇ ਜਮ੍ਹਾ ਕਰਵਾ ਦੇਵਾਂਗੇ, ਜਦੋਂ ਵੀ ਪੇਮੈਂਟ ਉਨ੍ਹਾਂ ਦੇ ਖਾਤੇ ਵਿਚ ਆਉਂਦੀ ਸੀ ਤਾਂ ਉਹ ਉਸ ਰਕਮ ਨੂੰ ਏ. ਟੀ. ਐੱਮ. ਦੁਆਰਾ ਅਧਿਕਾਰੀਆਂ ਨੂੰ ਦੇ ਦਿੰਦੀ ਸੀ। ਤਿੰਨੋਂ ਅਧਿਕਾਰੀ ਉਸ ਦੇ ਘਰ ਆਏ ਸਨ ਕਿ ਉਨ੍ਹਾਂ ਨੇ ਕਿਹਾ ਕਿ ਸਾਰੀ ਰਕਮ ਜਮ੍ਹਾ ਕਰਵਾ ਦਿੱਤੀ ਗਈ ਹੈ। ਮੇਰੀ ਨੌਕਰੀ ਵੀ ਖਤਮ ਹੁੰਦੀ ਨਜ਼ਰ ਆ ਰਹੀ ਹੈ, ਕੇਸ ਵੀ ਦਰਜ ਹੋ ਰਿਹਾ ਹੈ, ਜ਼ਿੰਦਗੀ ਬਰਬਾਦ ਹੁੰਦੀ ਨਜ਼ਰ ਆ ਰਹੀ ਹੈ। ਪਹਿਲਾਂ ਇਹ ਹੀ ਕਹਿੰਦੇ ਸਨ ਕਿ ਕਮਿਸ਼ਨਰ ਸਾਹਿਬ ਨਾਲ ਗੱਲ ਕਰ ਕੇ ਕੋਈ ਕੇਸ ਨਹੀਂ ਹੋਣ ਦੇਵਾਂਗੇ। ਜਦੋਂ ਮੇਰਾ ਝੂਠਾ ਹਲਫੀਆ ਬਿਆਨ ਦਿਵਾਇਆ ਤਾਂ ਉਸ ਤੋਂ ਬਾਅਦ ਹੁਣ ਮੇਰਾ ਫੋਨ ਨਹੀਂ ਉਠਾ ਰਹੇ। ਅੰਤ ਵਿਚ ਉਸ ਨੇ ਕਿਹਾ ਕਿ ਮੈਂ ਬੇਕਸੂਰ ਹਾਂ, ਮੈਨੂੰ ਮੁਆਫ ਕੀਤਾ ਜਾਵੇ, ਜੋ ਦੋਸ਼ੀ ਹਨ ਉਨ੍ਹਾਂ ਨੂੰ ਸਜ਼ਾ ਮਿਲੇ। ਸਾਰੇ ਪਾਠਕਾਂ ਨੂੰ ਦੱਸ ਦਿੱਤਾ ਜਾਵੇ ਕਿ ਇਹ ਸਾਰਾ ਕੁਝ ਨਿਗਮ ਦੀ ਮਹਿਲਾ ਕਲਰਕ ਜਸਪ੍ਰੀਤ ਕੌਰ ਨੇ ਜਗ ਬਾਣੀ ਦਫਤਰ ਆ ਕੇ ਆਪਣਾ ਪੱਖ ਰੱਖਿਆ ਹੈ।
ਜਾਂਚ ਕਮੇਟੀ 'ਤੇ ਉਠ ਰਹੇ ਸਵਾਲ : ਨਿਗਮ ਵਿਚ ਹਰ ਕਰਮਚਾਰੀ ਦੇ ਮੂੰਹੋਂ ਇਕ ਹੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਜਦੋਂ ਤੋਂ ਇਹ ਪੀ. ਐੱਫ. ਸਬੰਧੀ ਜਾਂਚ ਚੱਲ ਰਹੀ ਸੀ ਉਦੋਂ ਤੋਂ ਇਹ ਅਧਿਕਾਰੀ ਇਸ ਜਾਂਚ ਕਮੇਟੀ ਵਿਚ ਸ਼ਾਮਲ ਸਨ, ਜਿਸ ਨਾਲ ਕਰਮਚਾਰੀਆਂ ਨੇ ਆਪਣਾ ਨਾਂ ਨਾ ਛਾਪਣ 'ਤੇ ਦੱਸਿਆ ਕਿ ਨਿਗਮ ਵਿਚ ਦੁੱਧ ਦੀ ਰਾਖੀ 'ਤੇ ਬਿੱਲੀਆਂ ਨੂੰ ਬਿਠਾ ਦਿੱਤਾ ਹੋਇਆ ਹੈ, ਜਿਸ ਨਾਲ ਜਾਂਚ ਕਮੇਟੀ 'ਤੇ ਸਵਾਲ ਉਠ ਰਹੇ ਸਨ ਕਿ ਕਾਰਵਾਈ ਨਹੀਂ ਹੋ ਰਹੀ।


Related News