ਆਕਸੀਜਨ ਦੀ ਘਾਟ ਕਾਰਨ ਮਰੀਜ਼ਾਂ ਦੀ ਮੌਤ ਮਗਰੋਂ ਪ੍ਰਸ਼ਾਸਨ ਤੇ ਹਸਪਤਾਲ ‘ਆਹਮੋ-ਸਾਹਮਣੇ

Monday, Apr 26, 2021 - 04:21 PM (IST)

ਆਕਸੀਜਨ ਦੀ ਘਾਟ ਕਾਰਨ ਮਰੀਜ਼ਾਂ ਦੀ ਮੌਤ ਮਗਰੋਂ ਪ੍ਰਸ਼ਾਸਨ ਤੇ ਹਸਪਤਾਲ ‘ਆਹਮੋ-ਸਾਹਮਣੇ

ਅੰਮ੍ਰਿਤਸਰ (ਦਲਜੀਤ) - ਆਕਸੀਜਨ ਦੀ ਘਾਟ ਨਾਲ ਫਤਿਹਗੜ੍ਹ ਚੂੜੀਆਂ ਰੋਡ ’ਤੇ ਸਥਿਤ ਨੀਲਕੰਠ ਹਸਪਤਾਲ ’ਚ ਮਰੇ 6 ਮਰੀਜ਼ਾਂ ਦੀ ਮੌਤ ਦਾ ਮਾਮਲਾ ਗਰਮਾ ਗਿਆ ਹੈ। ਸਰਕਾਰ ਅਤੇ ਪ੍ਰਸ਼ਾਸਨ ਘਟਨਾਕ੍ਰਮ ਲਈ ਜਿਥੇ ਹਸਪਤਾਲ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ, ਉਥੇ ਹੀ ਹਸਪਤਾਲ ਦੇ ਐੱਮ. ਡੀ. ਸੁਨੀਲ ਦੇਵਗਨ ਨੇ ਦਸਤਾਵੇਜ਼ ਜਨਤਕ ਕਰਦੇ ਹੋਏ ਪ੍ਰਸ਼ਾਸਨ ਅਤੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।

ਹਸਪਤਾਲ ’ਚ ਆਕਸੀਜਨ ਦੀ ਘਾਟ ਨਾਲ 6 ਮਰੀਜ਼ਾਂ ਦੀ ਮੌਤ ਦੇ ਮਾਮਲੇ ’ਚ ਦੇਵਗਨ ਨੇ ਕਿਹਾ ਕਿ ਬੀਤੇ ਵੀਰਵਾਰ ਤੋਂ ਸ਼ੁੱਕਰਵਾਰ ਰਾਤ ਤੱਕ ਉਹ ਲਗਾਤਾਰ ਪ੍ਰਸ਼ਾਸਨ ਤੋਂ ਆਕਸੀਜਨ ਦੀ ਮੰਗ ਕਰ ਰਹੇ ਸਨ। ਈ-ਮੇਲ ਭੇਜੀਆਂ, ਫੋਨ ਵੀ ਕੀਤੇ ਪਰ ਆਕਸੀਜਨ ਨਹੀਂ ਮਿਲੀ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਬਣਾਏ ਗਏ ਵ੍ਹਟਸਐਪ ਗਰੁੱਪ ਆਕਸੀਜਨ ਡਿਮਾਂਡ ਕੋਵਿਡ ’ਤੇ ਉਨ੍ਹਾਂ ਸ਼ੁੱਕਰਵਾਰ ਰਾਤ 11.30 ਵਜੇ ਮੈਸੇਜ ਭੇਜਿਆ। ਮੈਸੇਜ ’ਚ ਦਰਜ ਸੀ ਕਿ ਹਸਪਤਾਲ ’ਚ ਆਕਸੀਜਨ ਖ਼ਤਮ ਹੋਣ ਵਾਲੀ ਹੈ, ਜਿਸ ਦੀ ਸਪਲਾਈ ਕੀਤੀ ਜਾਵੇ ਜਾਂ ਫਿਰ ਇਨ੍ਹਾਂ ਮਰੀਜ਼ਾਂ ਨੂੰ ਕਿਸ ਹਸਪਤਾਲ ’ਚ ਸ਼ਿਫਟ ਕਰਨਾ ਹੈ ਇਹ ਦੱਸਿਆ ਜਾਵੇ। ਅਫਸੋਸ ਇਸ ’ਤੇ ਕਿਸੇ ਨੇ ਰਿਸਪਾਂਸ ਨਹੀਂ ਦਿੱਤਾ ।

ਉਨ੍ਹਾਂ ਕਿਹਾ ਕਿ ਕੋਰੋਨਾ ’ਚ ਉਨ੍ਹਾਂ ਦਾ ਹਸਪਤਾਲ ਮਰੀਜ਼ਾਂ ਲਈ ਅਹਿਮ ਸੁਵਿਧਾਵਾਂ ਦੇ ਰਿਹਾ ਹੈ ਪਰ ਇਸ ਸਭ ਦੇ ਬਾਵਜੂਦ ਸਰਕਾਰ ਵੱਲੋਂ ਉਨ੍ਹਾਂ ਦੇ ਹਸਪਤਾਲ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਕਈ ਮਰੀਜ਼ਾਂ ਦਾ ਇਲਾਜ਼ ਕੀਤਾ ਹੈ। ਅੱਜ ਤੱਕ ਰਿਕਾਰਡ ਰਿਹਾ ਹੈ ਕਿ ਕਿਸੇ ਵੀ ਕੋਰੋਨਾ ਮਰੀਜ਼ ਦੀ ਇਸ ਹਸਪਤਾਲ ’ਚ ਮੌਤ ਨਹੀਂ ਹੋਈ ਹੈ।

ਦੇਵਗਨ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਗਰੁੱਪ ਤਾਂ ਬਣਾਇਆ ਹੈ ਪਰ ਅਜਿਹੇ ਗਰੁੱਪ ਦਾ ਕੀ ਫਾਇਦਾ ਜਿਸ ’ਚ ਅਚਨਚੇਤੀ ਹਾਲਤ ’ਚ ਰਿਸਪਾਂਸ ਤੱਕ ਨਾ ਮਿਲੇ। ਉਹ ਸ਼ੁੱਕਰਵਾਰ ਰਾਤ ਨੂੰ ਮਰੀਜ਼ਾਂ ਨੂੰ ਸ਼ਿਫਟ ਕਰਨਾ ਚਾਹੁੰਦੇ ਸਨ ਪਰ ਆਕਸੀਜਨ ਦੇ ਬਿਨਾਂ ਇਨ੍ਹਾਂ ਨੂੰ ਕਿਸੇ ਹਸਪਤਾਲ ’ਚ ਭੇਜਿਆ ਨਹੀਂ ਜਾ ਸਕਦਾ ਸੀ। ਹਾਲਾਂਕਿ ਬੀਤੇ ਸ਼ਨੀਵਾਰ ਨੂੰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਪ੍ਰਸ਼ਾਸਨ ਨੇ ਹਸਪਤਾਲ ਪ੍ਰਬੰਧਨ ’ਤੇ ਦੋਸ਼ ਲਗਾਇਆ ਸੀ। ਇਸ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਸੋਮਵਾਰ ਤੱਕ ਰਿਪੋਰਟ ਸੌਂਪੇਗੀ ।

ਸਿਹਤ ਵਿਭਾਗ ਨੇ 6 ਮਰੀਜ਼ਾਂ ਨੂੰ ਜੀ. ਐੱਨ. ਡੀ. ਐੱਚ. ’ਚ ਕੀਤਾ ਸ਼ਿਫਟ
ਨੀਲਕੰਠ ਹਸਪਤਾਲ ’ਚ ਆਕਸੀਜਨ ਸਪੋਰਟ ’ਤੇ ਰੱਖੇ ਗਏ 6 ਮਰੀਜ਼ਾਂ ਨੂੰ ਸਿਹਤ ਵਿਭਾਗ ਨੇ ਗੁਰੂ ਨਾਨਕ ਦੇਵ ਹਸਪਤਾਲ ’ਚ ਸ਼ਿਫਟ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬੀਤੇ ਸ਼ਨੀਵਾਰ ਨੂੰ 6 ਮਰੀਜ਼ਾਂ ਦੀ ਮੌਤ ਤੋਂ ਬਾਅਦ ਨੀਲਕੰਠ ਹਸਪਤਾਲ ਪ੍ਰਬੰਧਨ ਨੇ 24 ਕੋਰੋਨਾ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ। ਸੁਨੀਲ ਦੇਵਗਨ ਅਨੁਸਾਰ ਇਨ੍ਹਾਂ ’ਚ ਦੋ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਹਨ। ਪ੍ਰਸ਼ਾਸਨ ਸਾਨੂੰ ਆਕਸੀਜਨ ਨਹੀਂ ਦੇ ਰਿਹਾ ਤਾਂ ਉਹ ਮਰੀਜ਼ਾਂ ਨੂੰ ਕਿਵੇਂ ਦਾਖਲ ਕਰ ਸਕਦੇ ਹਨ। ਕੋਈ ਵੀ ਹਸਪਤਾਲ ਨਹੀਂ ਚਾਹੇਗਾ ਕਿ ਮਰੀਜ਼ ਦੀ ਮੌਤ ਹੋਵੇ। ਨੀਲਕੰਠ ਹਸਪਤਾਲ ’ਚ 100 ਫ਼ੀਸਦੀ ਕੋਰੋਨਾ ਮਰੀਜ਼ ਤੰਦਰੁਸਤ ਹੋ ਕੇ ਗਏ ਹਨ। ਇਸ ਘਟਨਾ ਤੋਂ ਬਾਅਦ ਉਹ ਅਤੇ ਉਨ੍ਹਾਂ ਦਾ ਪਰਿਵਾਰ ਤਣਾਅ ’ਚ ਹੈ।

GNDH ’ਚ ਆਕਸੀਜਨ ਦੀ ਸਪਲਾਈ ਕਰ ਰਿਹਾ ਹੈ ਪ੍ਰਸ਼ਾਸਨ, ਨਿੱਜੀ ਹਸਪਤਾਲਾਂ ਨੂੰ ਮਨ੍ਹਾ 
ਦੇਵਗਣ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਆਕਸੀਜਨ ਵੇਂਡਰਾਂ ਕੋਲੋ ਪੁਲਸ ਤਾਇਨਾਤ ਕੀਤੀ ਹੈ। ਸਿਰਫ਼ ਜੀ. ਐੱਨ. ਡੀ. ਐੱਚ. ਨੂੰ ਹੀ ਆਕਸੀਜਨ ਦੀ ਪੂਰੀ ਸਪਲਾਈ ਦਿੱਤੀ ਜਾ ਰਹੀ ਹੈ। ਅੱਠ ਅੱਠ ਘੰਟੇ ਤੱਕ ਸਾਡੇ ਕਰਮਚਾਰੀ ਵੇਂਡਰਸ ਦੇ ਇੱਥੇ ਖੜੇ ਰਹਿੰਦੇ ਹਨ ਅਤੇ ਉਹ ਦੋ ਸਿਲੰਡਰ ਦੇ ਕੇ ਭੇਜ ਦਿੰਦੇ ਹਨ। ਮੇਰਾ ਡਰਾਇਵਰ ਗੁਰਵੰਤ ਸਿੰਘ ਵੇਂਡਰ ਦੇ ਕੋਲ ਖੜਾ ਰਿਹਾ। ਦੋ ਘੰਟੇ ਬਾਅਦ ਦੋ ਸਿਲੰਡਰ ਦਿੱਤੇ ਗਏ। ਸਿਲੰਡਰ ਲੈ ਕੇ ਬਾਹਰ ਨਿਕਲਿਆ ਤਾਂ ਪੁਲਸ ਨੇ ਰੋਕਿਆ। ਨਾਮ ਪਤਾ ਅਤੇ ਮੋਬਾਇਲ ਨੰਬਰ ਨੋਟ ਕੀਤਾ।

‘ਸਮੇਂ ’ਤੇ ਪ੍ਰਬੰਧਕੀ ਅਧਿਕਾਰੀ ਉਪਲੱਬਧ ਕਰਵਾਉਂਦੇ ਸਿਲੰਡਰ ਤਾਂ ਬਚਾਈ ਜਾ ਸਕਦੀ ਸੀ ਕੀਮਤੀ ਜਾਨਾਂ’
ਦੇਵਗਣ ਨੇ ਦੱਸਿਆ ਦੀ ਜਦੋਂ ਇਹ ਛੇ ਮਰੀਜ਼ ਆਏ ਸਨ, ਤਦ ਇਹ ਵੀ ਲੇਵਲ ਟੂ ਦੇ ਹੀ ਸਨ। ਤਕਲੀਫ਼ ਵੱਧਣ ’ਤੇ ਲੇਵਲ ਥ੍ਰੀ ਦੇ ਹੋ ਗਏ। ਜੀ.ਐੱਨ.ਡੀ. ਐੱਚ. ’ਚ ਪਹਿਲਾਂ ਤੋਂ ਬੱਦੀ ਹਿਮਾਚਲ ਪ੍ਰਦੇਸ਼ ਤੋਂ ਆਕਸੀਜਨ ਆਉਂਦੀ ਸੀ। ਪੰਜਾਬ ਸਰਕਾਰ ਨੇ ਉੱਥੇ ਤੋਂ ਸਪਲਾਈ ਬੰਦ ਕਰਵਾਕੇ ਸਥਾਨਕ ਵੇਂਡਰਸ ਤੋਂ ਸ਼ੁਰੂ ਕਰ ਦਿੱਤੀ। ਪ੍ਰਸ਼ਾਸਨ ਦਾ ਪੂਰਾ ਧਿਆਨ ਜੀ.ਐੱਨ.ਡੀ. ਐੱਚ. ’ਚ ਆਕਸੀਜਨ ਉਪਲੱਬਧ ਕਰਵਾਉਣ ’ਤੇ ਹੈ। ਨਿੱਜੀ ਹਸਪਤਾਲਾਂ ਨੂੰ ਨਜਰਅੰਦਾਜ ਕੀਤਾ ਜਾ ਰਿਹਾ ਹੈ । ਸ਼ਨੀਵਾਰ ਨੂੰ ਵੀ ਪ੍ਰਸ਼ਾਸਨ ਨੇ ਨਿੱਜੀ ਹਸਪਤਾਲਾਂ ਤੋਂ ਆਕਸੀਜਨ ਸਿਲੰਡਰ ਚੁੱਕ ਕੇ ਜੀ. ਐੱਨ. ਡੀ. ਐੱਚ. ’ਚ ਭਿਜਵਾਏ ਸਨ। ਨਿੱਜੀ ਹਸਪਤਾਲਾਂ ’ਚ ਆਕਸੀਜਨ ਦੀ ਘਾਟ ਨਾਲ ਮੌਤ ਹੋ ਜਾਂਦੀ ਤਾਂ ਪ੍ਰਸ਼ਾਸਨ ਕਾਰਵਾਈ ਕਰਦਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਬੰਧਕੀ ਅਧਿਕਾਰੀ ਸਮੇਂ ’ਤੇ ਉਨ੍ਹਾਂ ਨੂੰ ਸਿਲੰਡਰ ਉਪਲੱਬਧ ਕਰਵਾ ਦਿੰਦੇ ਤਾਂ ਮਰੀਜ਼ਾਂ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਸੀ।

ਪ੍ਰਾਈਵੇਟ ਹਸਪਤਾਲਾਂ ਨੂੰ ਵੈਂਡਰ ਨੇ ਆਕਸੀਜਨ ਦੇਣ ਤੋਂ ਕੀਤਾ ਮਨ੍ਹਾ
ਬਟਾਲਾ ਰੋਡ ’ਤੇ ਸਥਿਤ ਇਕ ਪ੍ਰਾਇਵੇਟ ਹਸਪਤਾਲ ਦੇ ਐੱਮ. ਡੀ. ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਦਾ ਹਸਪਤਾਲ ਬਣਿਆ ਹੈ, ਉਦੋਂ ਤੋਂ ਉਹ ਅੰਮ੍ਰਿਤਸਰ ਦੇ ਵੈਂਡਰ ਤੋਂ ਆਕਸੀਜਨ ਦੀ ਸਪਲਾਈ ਲੈ ਰਹੇ ਸਨ ਪਰ ਬੀਤੇ ਕੱਲ ਤੋਂ ਉਕਤ ਵੈਂਡਰ ਨੇ ਉਨ੍ਹਾਂ ਨੂੰ ਸਪਲਾਈ ਦੇਣ ਤੋਂ ਸਪਸ਼ਟ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਸਪਲਾਈ ਨਹੀਂ ਦੇ ਸਕਦੇ ਆਪਣਾ ਇੰਤਜ਼ਾਮ ਕਰ ਲੈਣ। ਐੱਮ. ਡੀ. ਨੇ ਕਿਹਾ ਕਿ ਮਰੀਜ਼ ਸਰਕਾਰੀ ਹਸਪਤਾਲ ’ਚ ਜਾਣਾ ਨਹੀਂ ਚਾਹੁੰਦੇ ਅਤੇ ਉਨ੍ਹਾਂ ਦੇ ਹਸਪਤਾਲ ’ਚ ਇਲਾਜ਼ ਕਰਵਾਉਣਾ ਚਾਹੁੰਦੇ ਹਨ। ਹੁਣ ਹਾਲਤ ਬਦਤਰ ਹੁੰਦੀ ਜਾ ਰਹੀ ਹੈ। ਪ੍ਰਬੰਧਕੀ ਅਧਿਕਾਰੀਆਂ ਨੂੰ ਵੀ ਦੱਸਿਆ ਗਿਆ ਹੈ ਪਰ ਸਮੱਸਿਆ ਦਾ ਹੱਲ ਨਹੀਂ ਨਿਕਲ ਰਿਹਾ।


author

rajwinder kaur

Content Editor

Related News