ਓਵਰਟੇਕ ਕਰਦੀ ਕਾਰ ਦੀ ਵੈਨ ਤੇ ਬੱਸ ਨਾਲ ਟੱਕਰ

11/12/2017 3:02:46 AM

ਬਲਾਚੌਰ, (ਬੈਂਸ/ਬ੍ਰਹਮਪੁਰੀ)- ਅੱਜ ਸ਼ਾਮ ਵੇਲੇ ਅੱਡਾ ਚਣਕੋਆ ਵਿਖੇ ਇਕ ਤੇਜ਼ ਰਫਤਾਰ ਕਾਰ ਵੱਲੋਂ ਪੰਜਾਬ ਰੋਡਵੇਜ਼ (ਪਠਾਨਕੋਟ ਡਿਪੂ) ਦੀ ਖਰਾਬ ਬੱਸ ਨੂੰ ਲਿਜਾ ਰਹੀ ਰਿਕਵਰੀ ਵੈਨ ਨੂੰ ਓਵਰਟੇਕ ਕਰਦਿਆਂ ਟੱਕਰ ਮਾਰ ਦੇਣ ਕਾਰਨ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦੀ ਖਰਾਬ ਬੱਸ ਨੂੰ ਹੁਸ਼ਿਆਰਪੁਰ ਲਿਜਾ ਰਹੀ ਰਿਕਵਰੀ ਵੈਨ ਜਦੋਂ ਉਕਤ ਥਾਂ 'ਤੇ ਪਹੁੰਚੀ ਤਾਂ ਪਿੱਛਿਓਂ ਤੇਜ਼ ਰਫਤਾਰ 'ਤੇ ਆ ਰਹੀ ਬੀ.ਐੱਮ.ਡਬਲਿਊ. ਕਾਰ ਦੇ ਚਾਲਕ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਗਿਓਂ ਆਉਂਦੇ ਟਰੱਕ ਨੂੰ ਬਚਾਉਂਦਿਆਂ ਇਕਦਮ ਕੱਟ ਮਾਰ ਦਿੱਤਾ ਤੇ ਕਾਰ ਵੈਨ ਨਾਲ ਟਕਰਾਅ ਗਈ। ਕਾਰ ਨੇ ਅੱਗੇ ਜਾ ਕੇ ਇਕ ਸਬਜ਼ੀ ਵਾਲੀ ਰੇਹੜੀ ਨੂੰ ਆਪਣੀ ਲਪੇਟ 'ਚ ਲੈ ਲਿਆ। ਰਿਕਵਰੀ ਵੈਨ ਦੇ ਚਾਲਕ ਦਾ ਸੰਤੁਲਨ ਵਿਗੜ ਗਿਆ ਤੇ ਵੈਨ ਸੱਜੇ ਪਾਸੇ ਦੁਕਾਨਾਂ 'ਚ ਦਾਖਲ ਹੋ ਗਈ ਤੇ ਅੱਗੇ ਬਿਜਲੀ ਦੇ ਖੰਭਿਆਂ ਨਾਲ ਟਕਰਾਅ ਗਈ। ਇਕ ਡਾਕਟਰ ਤੇ ਫੋਟੋ ਸਟੂਡੀਓ ਦੀ ਦੁਕਾਨ ਅੱਗੇ ਪਈਆਂ ਟੀਨਾਂ ਤੋੜ ਕੇ ਰੁਕ ਗਈ ਤੇ ਦਵਾਈ ਲੈ ਕੇ ਨਿਕਲੇ ਪਿਆਰਾ ਸਿੰਘ ਪਿੰਡ ਕੌਲਗੜ੍ਹ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਦੀ ਇਕ ਲੱਤ ਟੁੱਟ ਗਈ । 
ਟੋਚਨ ਟੁੱਟਣ ਕਾਰਨ ਬੱਸ ਵੀ ਸੱਜੇ ਪਾਸੇ ਖੇਤਾਂ 'ਚ ਉਤਰ ਗਈ, ਜਿਸ ਨੇ ਇਕ ਮੋਟਰਸਾਈਕਲ ਤੇ ਸਕੂਟਰੀ ਨੂੰ ਦਰੜ ਦਿੱਤਾ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਖਰਾਬ ਬੱਸ ਨੂੰ ਟੋਚਨ ਪਾ ਕੇ ਸਾਰੇ ਮੁਲਾਜ਼ਮ ਰਿਕਵਰੀ ਵੈਨ 'ਚ ਹੀ ਬੈਠੇ ਸਨ । ਬੱਸ ਬਿਨਾਂ ਡਰਾਈਵਰ ਤੋਂ ਸੀ ।ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਹਾਈਵੇ ਦੇ ਦੋਵੇਂ ਪਾਸੇ ਨਾਜਾਇਜ਼ ਕਬਜ਼ੇ ਹਨ, ਜਿਨ੍ਹਾਂ ਨੂੰ ਚੁਕਵਾਇਆ ਜਾਵੇ।


Related News