ਪੰਜਾਬ ਨੂੰ ਪਲਾਸਟਿਕ ਦੇ ਕਚਰੇ ਤੋਂ ਛੁਟਕਾਰੇ ਦੇ ਨਾਲ ਮਿਲ ਸਕਦੀਆਂ ਨੇ ਪੱਕੀਆਂ ਸੜਕਾਂ

Saturday, Feb 01, 2020 - 11:17 AM (IST)

ਪੰਜਾਬ ਨੂੰ ਪਲਾਸਟਿਕ ਦੇ ਕਚਰੇ ਤੋਂ ਛੁਟਕਾਰੇ ਦੇ ਨਾਲ ਮਿਲ ਸਕਦੀਆਂ ਨੇ ਪੱਕੀਆਂ ਸੜਕਾਂ

ਜਲੰਧਰ (ਸੂਰਜ ਠਾਕੁਰ)— ਪੰਜਾਬ ਸਰਕਾਰ ਦੇ ਕੋਲ ਪਲਾਸਟਿਕ ਦੇ ਕਚਰੇ ਤੋਂ ਛੁਟਕਾਰਾ ਪਾਉਣ ਲਈ ਇਕ ਸੁਨਹਿਰੀ ਮੌਕਾ ਹੈ। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ਰਿਲਾਇੰਸ ਇੰਡਸਟਰੀਜ਼ ਨੇ ਸਰਕਾਰ ਅਤੇ ਇਸ ਦੀਆਂ ਸਥਾਨਕ ਸਰਕਾਰਾਂ ਨੂੰ ਪੇਸ਼ਕਸ਼ ਕੀਤੀ ਹੈ ਕਿ ਉਹ ਪਲਾਸਟਿਕ ਦੇ ਕਚਰੇ ਨਾਲ ਉਨ੍ਹਾਂ ਦੇ ਸ਼ਹਿਰਾਂ 'ਚ ਸੜਕ ਉਸਾਰੀ ਕਰੇਗੀ। ਕੈਪਟਨ ਸਰਕਾਰ ਜੇਕਰ ਰਲਗਡ ਦੀ ਸਿਆਸਤ ਤੋਂ ਉਪਰ ਉਠ ਕੇ ਇਸ ਪੇਸ਼ਕਸ਼ ਨੂੰ ਪ੍ਰਵਾਨ ਕਰ ਲੈਂਦੀ ਹੈ ਤਾਂ ਪੰਜਾਬ ਦੇ ਸ਼ਹਿਰਾਂ 'ਚੋਂ ਪਲਾਸਟਿਕ ਦੇ ਕਚਰੇ ਦਾ ਨਾਮੋ-ਨਿਸ਼ਾਨ ਮਿਟਣਾ ਸ਼ੁਰੂ ਹੋ ਜਾਵੇਗਾ। ਓਧਰ ਦੂਜੇ ਪਾਸੇ ਦਿਹਾਤੀ ਇਲਾਕਿਆਂ ਅਤੇ ਸ਼ਹਿਰਾਂ ਦੀਆਂ ਮੰਦੇ ਹਾਲ ਸੜਕਾਂ ਦੀ ਸੂਰਤ ਵੀ ਬਦਲਣੀ ਸ਼ੁਰੂ ਹੋ ਜਾਵੇਗੀ। ਰਿਲਾਇੰਸ ਇੰਡਸਟਰੀ ਵੱਲੋਂ ਸੂਬਾ ਸਰਕਾਰਾਂ ਨੂੰ ਦਿੱਤੀ ਗਈ ਇਸ ਤਰ੍ਹਾਂ ਦੀ ਪੇਸ਼ਕਸ਼ ਦੀ ਪੁਸ਼ਟੀ ਰਿਲਾਇੰਸ ਦੇ ਪੈਟਰੋਕੈਮੀਕਲ ਬਿਜ਼ਨੈੱਸ ਨੂੰ ਦੇਖਣ ਵਾਲੇ ਸੀ. ਓ. ਓ. ਵਿਪੁਲ ਸ਼ਾਹ ਨੇ ਕੀਤੀ ਹੈ।

50 ਟਨ ਪਲਾਸਟਿਕ ਕਚਰੇ ਨਾਲ ਲਗਭਗ 40 ਕਿਲੋਮੀਟਰ ਰੋਡ ਤਿਆਰ
ਵਿਪੁਲ ਸ਼ਾਹ ਨੇ ਕਿਹਾ ਕਿ ਪਲਾਸਟਿਕ ਕਚਰੇ ਨੂੰ ਟਿਕਾਣੇ ਲਗਾਉਣ ਅਤੇ ਪਲਾਸਟਿਕ ਸੜਕ ਉਸਾਰੀ ਨੂੰ ਲੈ ਕੇ ਉਹ ਫਿਲਹਾਲ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਰਿਲਾਇੰਸ ਇੰਡਸਟਰੀਜ਼ ਪਹਿਲਾਂ ਹੀ ਇਸ ਤਰ੍ਹਾਂ ਦੇ ਪਾਇਲਟ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ। ਇਸ ਪ੍ਰਾਜੈਕਟ ਦੇ ਤਹਿਤ ਕੰਪਨੀ ਨੇ ਰਾਏਗੜ੍ਹ ਦੇ ਨਾਗੋਥਾਨੇ 'ਚ 50 ਟਨ ਪਲਾਸਟਿਕ ਕਚਰੇ ਨਾਲ ਲਗਭਗ 40 ਕਿਲੋਮੀਟਰ ਸੜਕ ਦੀ ਉਸਾਰੀ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਇਸ ਮੈਕੇਨਿਜ਼ਮ ਨੂੰ ਤਿਆਰ ਕਰਨ 'ਚ 14 ਤੋਂ 18 ਮਹੀਨਿਆਂ ਦਾ ਸਮਾਂ ਲੱਗਾ ਸੀ। ਇਸ ਤਕਨੀਕ ਰਾਹੀਂ ਸਨੈਕਸ ਦੇ ਪੈਕੇਟ, ਪੌਲੀਥੀਨ ਬੈਗ ਸਮੇਤ ਹਰ ਤਰ੍ਹਾਂ ਦੇ ਪਲਾਸਟਿਕ ਕਚਰੇ ਦੀ ਵਰਤੋਂ ਨਾਲ ਰੋਡ ਤਿਆਰ ਕੀਤੇ ਜਾ ਸਕਦੇ ਹਨ। ਪੈਟਰੋਕੈਮੀਕਲ ਕੰਪਨੀ ਰਿਲਾਇੰਸ ਇੰਡਸਟਰੀਜ਼ ਜਾਂ ਆਰ. ਆਈ. ਐੱਲ. ਆਪਣੇ ਨਵੇਂ ਪ੍ਰਾਜੈਕਟ ਦੇ ਤਹਿਤ 1.3 ਅਰਬ ਆਬਾਦੀ ਵਾਲੇ ਭਾਰਤ 'ਚ ਪ੍ਰਦੂਸ਼ਣ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦੇ ਦਰਮਿਆਨ ਦੇਸ਼ ਦੀਆਂ ਸੜਕਾਂ ਬਣਾਉਣ 'ਚ ਪਲਾਸਟਿਕ ਦੀ ਵਰਤੋਂ ਕਰੇਗੀ। ਭਾਰਤ 'ਚ ਜਿੱਥੇ ਸਾਲਾਨਾ ਲਗਭਗ 1.4 ਕਰੋੜ ਟਨ ਪਲਾਸਟਿਕ ਦੀ ਵਰਤੋਂ ਹੁੰਦੀ ਹੈ, ਉਥੇ ਪਲਾਸਟਿਕ ਕਚਰੇ ਦੇ ਪ੍ਰਬੰਧਨ ਲਈ ਇਕ ਸੰਗਠਿਤ ਸਿਸਟਮ ਦੀ ਕਮੀ ਹੈ, ਜਿਸ ਕਾਰਣ ਵੱਡੇ ਪੱਧਰ 'ਤੇ ਕੂੜੇ-ਕਚਰੇ ਦਾ ਉਤਪਾਦਨ ਹੁੰਦਾ ਹੈ।

ਇਕ ਕਿਲੋਮੀਟਰ ਸੜਕ ਦੀ ਉਸਾਰੀ ਲਈ ਇਕ ਮੀਟ੍ਰਿਕ ਟਨ ਪਲਾਸਟਿਕ
ਸ਼ਾਹ ਕਹਿੰਦੇ ਹਨ ਕਿ ਐਂਡ-ਆਫ-ਲਾਈਫ ਪਲਾਸਟਿਕ ਨੂੰ ਰੀਸਾਈਕਲ ਨਹੀਂ ਕੀਤਾ ਜਾ ਸਕਦਾ, ਜਦਕਿ ਇਸ ਤਕਨੀਕ ਨਾਲ ਕਚਰੇ ਦਾਂ ਤਾਂ ਨਿਪਟਾਰਾ ਹੁੰਦਾ ਹੀ ਹੈ, ਸਗੋਂ ਇਹ ਆਰਥਿਕ ਲਿਹਾਜ਼ ਤੋਂ ਵੀ ਬਿਹਤਰ ਹੈ। ਇਸ ਦੀ ਮਦਦ ਨਾਲ ਘੱਟ ਲਾਗਤ 'ਚ ਸੜਕਾਂ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਉਹ ਕਹਿੰਦੇ ਹਨ ਕਿ ਤਜਰਬੇ ਅਨੁਸਾਰ ਇਕ ਕਿਲੋਮੀਟਰ ਸੜਕ ਦੀ ਉਸਾਰੀ ਲਈ ਇਕ ਮੀਟ੍ਰਿਕ ਟਨ ਪਲਾਸਟਿਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹੀ ਹੀ ਨਹੀਂ, ਇਸ ਦੀ ਵਰਤੋਂ ਰਾਹੀਂ ਇਕ ਲੱਖ ਰੁਪਏ ਪ੍ਰਤੀ ਕਿਲੋਮੀਟਰ ਬਚਾਏ ਜਾ ਸਕਦੇ ਹਨ। ਕੰਪਨੀ ਭਾਰਤ ਦੇ ਰਾਜਮਾਰਗ ਅਥਾਰਟੀ ਅਤੇ ਵੱਖ-ਵੱਖ ਸੂਬਿਆਂ ਦੇ ਨਾਲ ਰਲ ਕੇ ਕੰਮ ਕਰਨਾ ਚਾਹੁੰਦੀ ਹੈ ਤਾਂ ਕਿ ਹਜ਼ਾਰਾਂ ਕਿਲੋਮੀਟਰ ਦੀਆਂ ਸੜਕਾਂ ਨੂੰ ਬਣਾਉਣ ਲਈ ਪਲਾਸਟਿਕ ਮਿਕਸਚਰ ਦੀ ਸਪਲਾਈ ਕੀਤੀ ਜਾ ਸਕੇ। ਹਲਕੀ ਪਲਾਸਟਿਕ ਦੇ ਕੈਰੀਬੈਗ ਜਾਂ ਸਕਰੈਪ ਰੈਪਰ 'ਚ ਵਰਤਣ ਵਾਲੀ ਹਲਕੀ ਪਲਾਸਿਟਕ ਰੀਸਾਈਕਲ ਕਰਨ ਦੇ ਲਾਇਕ ਨਹੀਂ ਹੁੰਦੀ। ਇਸ ਦਾ ਅੰਤ ਕੂੜੇ ਦਾ ਢੇਰ, ਸੜਕਾਂ ਦੇ ਕੋਨਿਆਂ ਜਾਂ ਮਹਾਸਾਗਰਾਂ 'ਚ ਹੁੰਦਾ ਹੈ। ਰਿਲਾਇੰਸ ਇਸੇ ਪਲਾਸਟਿਕ ਦੀ ਵਰਤੋਂ ਲੁਕ ਦੇ ਨਾਲ ਮਿਲਾ ਕੇ ਸੜਕਾਂ ਬਣਾਉਣ ਵਿਚ ਕਰਨਾ ਚਾਹੁੰਦਾ ਹੈ। ਇਹ ਇਕ ਅਜਿਹਾ ਫਾਰਮੂਲਾ ਹੈ, ਜਿਸ ਨੂੰ ਸਸਤਾ ਅਤੇ ਟਿਕਾਊ ਮੰਨ ਰਹੇ ਹਨ। ਰਿਲਾਇੰਸ ਦੇ ਪੈਟਰੋਕੈਮੀਕਲ ਕਾਰੋਬਾਰ ਦੇ ਸੀ. ਓ. ਓ. ਵਿਪੁਲ ਸ਼ਾਹ ਨੇ ਕਿਹਾ ਕਿ ਇਹ ਸਾਡੇ ਵਾਤਾਵਰਣ ਅਤੇ ਸਾਡੀਆਂ ਸੜਕਾਂ ਲਈ ਇਕ ਗੇਮ ਚੇਂਜਰ ਪ੍ਰਾਜੈਕਟ ਹੋ ਸਕਦਾ ਹੈ।


author

shivani attri

Content Editor

Related News