ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨੇ ਓਵਰਲੋਡ ਵਾਹਨ

Wednesday, Oct 25, 2017 - 07:58 AM (IST)

ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨੇ ਓਵਰਲੋਡ ਵਾਹਨ

ਗਿੱਦੜਬਾਹਾ  (ਸੰਧਿਆ) - ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਓਵਰਲੋਡ ਵਾਹਨ ਚਾਲਕਾਂ ਦੀ ਸ਼ਹਿਰ ਅੰਦਰ ਹੋਈ ਭਰਮਾਰ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰੀ ਵਾਹਨ ਚਾਲਕਾਂ ਦੇ ਲੰਘਣ ਲਈ ਕੋਈ ਤੈਅ ਸਮਾਂ ਨਾ ਹੋਣ ਕਾਰਨ ਸ਼ਹਿਰ ਅੰਦਰ ਵ੍ਹੀਕਲਾਂ ਦੀ ਲੰਮੀ ਕਤਾਰ ਲੱਗ ਜਾਣ ਨਾਲ ਜਾਮ ਲੱਗ ਜਾਂਦੇ ਹਨ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਸੋਮਵਾਰ ਦੀ ਦੁਪਹਿਰ ਦੇ ਕਰੀਬ 12.15 'ਤੇ ਜਦੋਂ ਇਕ ਓਵਰਲੋਡ ਟਰੱਕ ਗਊਸ਼ਾਲਾ ਰੋਡ ਤੋਂ ਲੰਘਿਆ ਤਾਂ ਰੋਡ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਕਿਉਂਕਿ ਟਰੱਕ-ਟਰਾਲਾ ਇੰਨੀ ਉਪਰ ਤੱਕ ਭਰਿਆ ਹੋਇਆ ਸੀ ਕਿ ਉਸ ਉਪਰੋਂ ਲੰਘਣ ਵਾਲੀਆਂ ਬਿਜਲੀ ਦੀਆਂ ਤਾਰਾਂ ਵੀ ਉਸ ਨਾਲ ਸੰਪਰਕ 'ਚ ਆ ਸਕਦੀਆਂ ਸਨ। ਗਊਸ਼ਾਲਾ ਰੋਡ 'ਤੇ ਹੀ ਸੜਕ ਕੰਢੇ ਲੱਗੇ ਇਕ ਦਰੱਖ਼ਤ ਵਿਚ ਉਕਤ ਟਰੱਕ ਫਸ ਜਾਣ ਕਾਰਨ ਵੀ ਜਾਮ ਲੱਗ ਗਿਆ। ਲੋਕਾਂ ਦੀਆਂ ਮੁਸ਼ਕਲਾਂ ਨੂੰ ਵੇਖਦਿਆਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਓਵਰਲੋਡ ਵਾਹਨਾਂ ਦੇ ਲੰਘਣ ਦਾ ਸਮਾਂ ਤੈਅ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਅਣਹੋਣੀ ਘਟਨਾ ਤੋਂ ਬਚਾਅ ਹੋ ਸਕੇ ਤੇ ਜਾਮ ਲੱਗਣ ਤੋਂ ਵੀ ਛੁਟਕਾਰਾ ਮਿਲ ਸਕੇ।


Related News