ਰਾਤ ਨੂੰ ਮੌਤ ਬਣ ਕੇ ਨਿਕਲਦੀਆਂ ਹਨ ਓਵਰਲੋਡ ਟਰਾਲੀਆਂ

Wednesday, Mar 14, 2018 - 04:51 AM (IST)

ਜਲੰਧਰ, (ਮਹੇਸ਼)- ਅਕਸਰ ਦੇਖਿਆ ਗਿਆ ਹੈ ਕਿ ਰਾਤ ਦੇ ਵੇਲੇ ਓਵਰਲੋਡ ਟਰਾਲੀਆਂ,  ਟਰੱਕ, ਟਰਾਲਿਆਂ ਜਿਹੇ ਹੋਰ ਵੱਡੇ ਵਾਹਨ ਮੌਤ ਬਣ ਕੇ ਸੜਕਾਂ 'ਤੇ ਦੌੜਦੇ ਦੇਖੇ ਜਾਂਦੇ ਹਨ, ਜਿਸ ਕਾਰਨ ਹਰ ਨਵੇਂ ਦਿਨ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ। ਇਸਦੇ ਬਾਵਜੂਦ ਵੀ ਪੰਜਾਬ ਪੁਲਸ ਕੋਈ ਸਬਕ ਨਹੀਂ ਲੈ ਰਹੀ ਹੈ। ਇਨ੍ਹਾਂ ਓਵਰਲੋਡ ਵਾਹਨਾਂ ਦੇ ਖਿਲਾਫ ਪੁਲਸ ਦੀ ਕੋਈ ਸਖ਼ਤੀ ਨਾ ਹੋਣ ਕਾਰਨ ਉਹ ਬੇਖੌਫ ਹੋ ਕੇ ਆਪਣੀ ਮਨਮਰਜ਼ੀ ਕਰ ਰਹੇ ਹਨ। 
ਅਜਿਹੀ ਹੀ ਇਕ ਮਿਸਾਲ ਰਾਮਾ ਮੰਡੀ ਚੌਕ ਤੋਂ ਕੈਂਟ ਰੇਲਵੇ ਸਟੇਸ਼ਨ 'ਤੇ ਜਾਂਦੇ ਰਸਤੇ 'ਤੇ ਆਉਂਦੇ ਪੈਟਰੋਲ ਪੰਪ ਦੇ ਸਾਹਮਣੇ ਰਾਤ 10 ਵਜੇ ਉਸ ਵੇਲੇ ਵੇਖਣ ਨੂੰ ਮਿਲੀ, ਜਦ ਗੰਨੇ ਨਾਲ ਓਵਰਲੋਡ ਟਰਾਲੀ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟ ਗਈ, ਜਿਸ ਨਾਲ ਟਰਾਲੀ ਵਿਚ ਲੋਡ ਕੀਤਾ ਗੰਨਾ ਵੀ ਸੜਕ 'ਤੇ ਪੂਰੀ ਤਰ੍ਹਾਂ ਖਿੱਲਰ ਗਿਆ ਪਰ ਇਸ ਦੌਰਾਨ ਕੋਈ ਵੱਡਾ ਹਾਦਸਾ ਨਹੀਂ ਹੋਇਆ। 
ਪਿੰਡ ਰਾਏਪੁਰ ਬੱਲਾਂ ਨਿਵਾਸੀ ਆਰਮੀ ਦੇ ਰਿਟਾਇਰਡ ਫੌਜੀ ਤਰਸੇਮ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਗੰਨਾ ਲੈ ਕੇ ਸ਼ੂਗਰ ਮਿੱਲ ਫਗਵਾੜਾ ਜਾ ਰਿਹਾ ਸੀ ਕਿ ਅਚਾਨਕ ਟਾਇਰਾਂ ਦੇ ਨਟ ਖੁੱਲ੍ਹ ਜਾਣ ਕਾਰਨ ਟਰਾਲੀ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟ ਗਈ। ਤਰਸੇਮ ਸਿੰਘ ਵਲੋਂ ਮਜ਼ਦੂਰਾਂ ਅਤੇ ਦੂਸਰੀ ਟਰਾਲੀ ਨੂੰ ਮੌਕੇ 'ਤੇ ਬੁਲਾਇਆ ਗਿਆ, ਜਿਸ ਤੋਂ ਬਾਅਦ ਸੜਕ 'ਤੇ ਖਿੱਲਰਿਆ ਗੰਨਾ ਦੇਰ ਰਾਤ ਤੱਕ ਦੂਸਰੀ ਟਰਾਲੀ ਵਿਚ ਲੋਡ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਖਬਰ ਲਿਖੇ ਜਾਣ ਤੱਕ ਵੀ ਮਜ਼ਦੂਰ ਸੜਕ 'ਤੇ ਪਏ ਗੰਨੇ ਨੂੰ ਚੁੱਕਣ ਵਿਚ ਲੱਗੇ ਹੋਏ ਸਨ। ਇਸ ਦੌਰਾਨ ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ ਸੀ। ਕੁਝ ਸਮੇਂ ਲਈ ਰੋਡ ਵੀ ਬੰਦ ਹੋ ਗਿਆ ਅਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਮ ਦੀ ਹਾਲਤ ਤੋਂ ਬਚਾਅ ਕਰਦੇ ਹੋਏ ਆਵਾਜਾਈ ਨੂੰ ਸੜਕ ਦੇ ਦੂਸਰੇ ਪਾਸਿਓਂ ਕੱਢਣਾ ਸ਼ੁਰੂ ਕਰ ਦਿੱਤਾ। 


Related News