ਪੰਜਾਬ 'ਚ ਇਸ ਓਵਰਬ੍ਰਿਜ ਤੋਂ ਲੰਘ ਰਹੇ ਹੋ ਤਾਂ ਸਾਵਧਾਨ, ਲਕਸ਼ਮਣ ਝੂਲੇ ਦੀ ਤਰ੍ਹਾਂ ਰਿਹਾ ਹਿੱਲ
Tuesday, Dec 23, 2025 - 01:47 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਜਲਾਲਾਬਾਦ ਰੋਡ ਓਵਰਬ੍ਰਿਜ ਨੂੰ ਬਣੇ ਭਾਵੇਂ ਕੁਝ ਹੀ ਸਾਲ ਹੋਏ ਹਨ ਪਰ ਇਹ ਓਵਰਬ੍ਰਿਜ ਇਸ ਸਮੇਂ ਖੂਬ ਚਰਚਾਵਾਂ ਵਿਚ ਹੈ। ਓਵਰਬ੍ਰਿਜ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਜਿਵੇਂ ਇਥੇ ਖੜ੍ਹੇ ਹੋਣ ’ਤੇ ਰਿਸ਼ੀਕੇਸ਼ ਸਥਿਤ ਲਕਸ਼ਮਣ ਝੂਲੇ ’ਤੇ ਹੋਣ ਦਾ ਅਹਿਸਾਸ ਹੋਣ ਲੱਗ ਪੈਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਓਵਰਬ੍ਰਿਜ ’ਤੇ ਭਾਰੀ ਵਾਹਨ ਚੜ੍ਹ ਰਹੇ ਹਨ ਅਤੇ ਜਦੋਂ ਭਾਰੀ ਵਾਹਨ ਚੜ੍ਹਦੇ ਹਨ ਤਾਂ ਵਿਚਕਾਰੋਂ ਇਹ ਓਵਰਬ੍ਰਿਜ ਹਿੱਲਦਾ-ਡੁੱਲਦਾ ਹੈ ਅਤੇ ਲਕਸ਼ਮਣ ਝੂਲੇ ਦਾ ਅਹਿਸਾਸ ਕਰਾਉਂਦਾ ਹੈ, ਜਿਸ ਕਾਰਨ ਉਥੇ ਖੜ੍ਹੇ ਜਾਂ ਲੰਘ ਰਹੇ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ, ਜਦਕਿ ਇਹ ਓਵਰਬ੍ਰਿਜ ਭਾਰੀ ਵਾਹਨਾਂ ਲਈ ਨਹੀਂ ਹੈ। ਓਵਰਬ੍ਰਿਜ ’ਤੇ ਥਾਂ-ਥਾਂ ਗਹਿਰੇ ਖੱਡੇ ਨਜ਼ਰ ਆਉਣ ਲੱਗ ਪਏ ਹਨ। ਇਹ ਖੱਡੇ ਇਸ ਦੇ ਨਿਰਮਾਣ ਕੰਮ ’ਤੇ ਉਂਗਲੀ ਉਠਾ ਰਹੇ ਹਨ ਅਤੇ ਨਿਰਮਾਣ ਲਈ ਜ਼ਿੰਮੇਵਾਰ ਠੇਕੇਦਾਰ ਦੇ ਕੰਮ ’ਤੇ ਸਵਾਲੀਆ ਨਿਸ਼ਾਨ ਲਾ ਰਹੇ ਹਨ। ਇਨ੍ਹਾਂ ਖੱਡਿਆਂ ਵਾਲੀ ਜਗ੍ਹਾ ’ਤੇ ਜੇ ਤੁਸੀਂ ਖੜ੍ਹੇ ਹੋ ਜਾਓ ਅਤੇ ਉਸੇ ਸਮੇਂ ਕੋਈ ਭਾਰੀ ਵਾਹਨ ਇਥੋਂ ਲੰਘੇ ਤਾਂ ਤੁਹਾਨੂੰ ਇਹ ਓਵਰਬ੍ਰਿਜ ਹਿੱਲਦਾ ਹੋਇਆ ਦਿਖਾਈ ਦੇਵੇਗਾ, ਜਿਸ ਨਾਲ ਤੁਸੀਂ ਡਰ ਨਾਲ ਕੰਬ ਉਠੋਗੇ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਮਹਿੰਗਾ ਟੋਲ ਪਲਾਜ਼ਾ ਆਇਆ ਵਿਵਾਦਾਂ 'ਚ, ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ
ਦੱਸਣਯੋਗ ਕਿ ਇਸ ਨਵੇਂ ਬਣੇ ਓਵਰਬ੍ਰਿਜ ਦਾ ਨਿਰਮਾਣ ਕੁਝ ਸਾਲ ਪਹਿਲਾਂ ਲੋਕਾਂ ਦੀ ਸੁਵਿਧਾ ਲਈ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਤੋਂ ਹੀ ਇਸ ਓਵਰਬ੍ਰਿਜ ’ਤੇ ਕਈ ਥਾਵਾਂ ’ਤੇ ਗਹਿਰੇ ਖੱਡੇ ਪੈਣ ਲੱਗ ਪਏ ਹਨ ਅਤੇ ਸੜਕ ਕਈ ਥਾਵਾਂ ’ਤੇ ਟੁੱਟ ਚੁੱਕੀ ਹੈ। ਜੋ ਹਾਦਸਿਆਂ ਨੂੰ ਸੱਦਾ ਦਿੰਦੀ ਨਜ਼ਰ ਆ ਰਹੀ ਹੈ। ਓਵਰਬ੍ਰਿਜ਼ ’ਤੇ ਬਣੇ ਖੱਡਿਆਂ ਕਾਰਨ ਹਾਦਸਿਆਂ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ ਕਿਉਂਕਿ ਓਵਰਬ੍ਰਿਜ ਤੋਂ ਲੰਘਣ ਵਾਲੇ ਵਾਹਨ ਤੇਜ਼ ਰਫ਼ਤਾਰ ਨਾਲ ਚੱਲਦੇ ਹਨ ਅਤੇ ਜਿਥੇ ਇਹ ਖੱਡੇ ਪਏ ਹਨ, ਉਹ ਓਵਰਬ੍ਰਿਜ ਦਾ ਕੇਂਦਰ ਬਿੰਦੂ ਹੈ ਅਤੇ ਓਵਰਬ੍ਰਿਜ ਇਥੋਂ ਮੁੜਦਾ ਹੈ। ਜੇ ਕੋਈ ਵਾਹਨ ਤੇਜ਼ ਰਫ਼ਤਾਰ ਨਾਲ ਇਥੋਂ ਲੰਘੇਗਾ ਤਾਂ ਖੱਡਿਆਂ ਨਾਲ ਟਕਰਾ ਕੇ ਹਾਦਸਾ ਹੋ ਸਕਦਾ ਹੈ। ਇਸ ਲਈ ਪ੍ਰਸ਼ਾਸਨ ਅਤੇ ਸੰਬੰਧਤ ਵਿਭਾਗ ਨੂੰ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਓਵਰਬ੍ਰਿਜ ’ਤੇ ਬਣੇ ਖੱਡਿਆਂ ਨੂੰ ਭਰਨਾ ਚਾਹੀਦਾ ਹੈ, ਜਦਕਿ ਜ਼ਿਲਾ ਪ੍ਰਸ਼ਾਸਨ ਇਸ ਨੂੰ ਨਜ਼ਰ-ਅੰਦਾਜ਼ ਕਰ ਰਿਹਾ ਹੈ। ਹਾਲਾਂਕਿ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਅਕਸਰ ਇਸ ਓਵਰਬ੍ਰਿਜ ਤੋਂ ਲੰਘਦੇ ਹਨ ਪਰ ਉਹ ਵੀ ਇਸ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਨ। ਕੋਈ ਵੀ ਨੇਤਾ ਜਾਂ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਿਹਾ।
ਇਹ ਵੀ ਪੜ੍ਹੋ : ਪੰਜਾਬ 'ਚ ਪੈ ਰਹੀ ਸੰਘਣੀ ਧੁੰਦ ਦੇ ਚੱਲਦਿਆਂ ਸਕੂਲਾਂ ਨੂੰ ਲੈ ਸਰਕਾਰ ਦਾ ਵੱਡਾ ਫ਼ੈਸਲਾ
ਸਮਾਜਸੇਵੀ ਰਾਜਵੀਰ ਰਾਜੂ, ਦੁਕਾਨਦਾਰ ਅਸ਼ੋਕ ਬੱਤਰਾ, ਸੰਦੀਪ ਮਦਾਨ ਆਦਿ ਨੇ ਦੱਸਿਆ ਕਿ ਇਸ ਓਵਰਬ੍ਰਿਜ ਨੂੰ ਬਣੇ ਬਹੁਤ ਸਮਾਂ ਹੋ ਗਿਆ ਹੈ ਪਰ ਇਸ ਦੀ ਹਾਲਤ ਹੁਣ ਤੋਂ ਹੀ ਖਰਾਬ ਹੋਣ ਲੱਗ ਪਈ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਓਵਰਬ੍ਰਿਜ ’ਤੇ ਥਾਂ-ਥਾਂ ਡੂੰਘੇ ਖੱਡੇ ਬਣੇ ਹੋਏ ਹਨ, ਜਿਸ ਨਾਲ ਕਿਸੇ ਵੀ ਸਮੇਂ ਕੋਈ ਵਾਹਨ ਇਸ ਦੀ ਚਪੇਟ ਵਿਚ ਆ ਸਕਦਾ ਹੈ ਅਤੇ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ। ਇਸ ਲਈ ਡਿਪਟੀ ਕਮਿਸ਼ਨਰ ਨੂੰ ਇਸ ਵੱਲ ਧਿਆਨ ਦੇ ਕੇ ਤੁਰੰਤ ਸਬੰਧਤ ਵਿਭਾਗ ਦੀ ਖਿਚਾਈ ਕਰ ਕੇ ਓਵਰਬ੍ਰਿਜ ਵਿਚ ਆ ਰਹੀਆਂ ਖਾਮੀਆਂ ਦੂਰ ਕਰਵਾਉਣੀਆਂ ਚਾਹੀਦੀਆਂ ਹਨ ਪਰ ਪ੍ਰਸ਼ਾਸਨ ਖੁਦ ਬੇਫ਼ਿਕਰ ਹੋ ਕੇ ਚੈਨ ਦੀ ਨੀਂਦ ਸੌਂ ਰਿਹਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਓਵਰਬ੍ਰਿਜ਼ ’ਤੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ ਅਤੇ ਇਕ ਪੁਲਸ ਕਰਮਚਾਰੀ ਦੀ ਸੜਕ ਹਾਦਸੇ ਵਿਚ ਮੌਤ ਵੀ ਹੋ ਚੁੱਕੀ ਹੈ। ਇਸ ਦੇ ਬਾਵਜੂਦ ਪ੍ਰਸ਼ਾਸਨ ਇਨ੍ਹਾਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਲੈ ਰਿਹਾ, ਜੋ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਅਤੇ ਆਰ. ਸੀ. ਨੂੰ ਲੈ ਕੇ ਸਰਕਾਰ ਨੇ ਚੁੱਕੇ ਵੱਡੇ ਕਦਮ
ਭਾਰੀ ਵਾਹਨ ਲੰਘਦਾ ਹੈ ਤਾਂ ਓਵਰਬ੍ਰਿਜ਼ ’ਤੇ ਭੂਚਾਲ ਆਉਣ ਦਾ ਹੁੰਦਾ ਹੈ ਅਹਿਸਾਸ
ਰਾਜੂ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਓਵਰਬ੍ਰਿਜ਼ ਤੋਂ ਪੈਦਲ ਲੰਘ ਰਿਹਾ ਸੀ। ਇਸੇ ਦੌਰਾਨ ਇਕ ਓਵਰਲੋਡ ਟਰੱਕ ਉਥੋਂ ਲੰਘਿਆ ਤਾਂ ਪੁਲ ਦੀ ਜ਼ਮੀਨ ਹਿੱਲਣ ਲੱਗ ਪਈ, ਜਿਸ ਨਾਲ ਭੂਚਾਲ ਆਉਣ ਵਰਗਾ ਅਹਿਸਾਸ ਹੋਇਆ। ਇਸੇ ਤਰ੍ਹਾਂ ਜੇ ਓਵਰਲੋਡ ਵਾਹਨ ਆਉਂਦੇ-ਜਾਂਦੇ ਰਹੇ ਤਾਂ ਇਹ ਪੁਲ ਕਿਸੇ ਵੀ ਵੇਲੇ ਡਿੱਗ ਸਕਦਾ ਹੈ ਅਤੇ ਵੱਡਾ ਹਾਦਸਾ ਹੋ ਸਕਦਾ ਹੈ। ਲੋਕਾਂ ਨੇ ਦੱਸਿਆ ਕਿ ਜਲਾਲਾਬਾਦ ਰੋਡ ਓਵਰਬ੍ਰਿਜ਼ ਸਿਰਫ਼ ਦੋ ਅਤੇ ਚਾਰ ਪਹੀਆ ਛੋਟੇ ਵਾਹਨਾਂ ਲਈ ਬਣਾਇਆ ਗਿਆ ਸੀ, ਪਰ ਉਥੇ ਭਾਰੀ ਵਾਹਨ ਵੀ ਜ਼ਬਰਦਸਤੀ ਚੱਲਦੇ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੀਆਂ ਕਈ ਟੀਮਾਂ ਨੇ ਘੇਰ ਲਿਆ ਪੂਰਾ ਸ਼ਹਿਰ, ਸੀਲ ਕਰ ਦਿੱਤੀਆਂ ਸਰਹੱਦਾਂ
ਕਈ ਮਹੀਨੇ ਪਹਿਲਾਂ ਤੋੜੀ ਬੈਰੀਕੇਡਿੰਗ ਵੀ ਨਹੀਂ ਲੱਗੀ ਅਜੇ ਤੱਕ
ਕਈ ਮਹੀਨੇ ਪਹਿਲਾਂ ਇਕ ਟਰੱਕ ਚਾਲਕ ਨੇ ਮੌਕੇ ਦਾ ਫਾਇਦਾ ਚੁੱਕ ਕੇ ਟਰੱਕ ਨੂੰ ਓਵਰਬ੍ਰਿਜ਼ ’ਤੇ ਚੜ੍ਹਾ ਦਿੱਤਾ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਜਲਾਲਾਬਾਦ ਰੋਡ ਵਾਲੀ ਸਾਈਡ ’ਤੇ ਲੱਗੀ ਬੈਰੀਕੇਡਿੰਗ ਦੀ ਗ੍ਰਿੱਲ ਟੁੱਟ ਗਈ ਅਤੇ ਹੁਣ ਉਸ ਪਾਸੇ ਤੋਂ ਕੋਈ ਵੀ ਵੱਡਾ ਭਾਰੀ ਵਾਹਨ ਓਵਰਬ੍ਰਿਜ ’ਤੇ ਚੜ੍ਹ ਸਕਦਾ ਹੈ। ਬੈਰੀਕੇਡਿੰਗ ਟੁੱਟੇ ਕਈ ਮਹੀਨੇ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਨੇ ਉਸ ਨੂੰ ਦੁਬਾਰਾ ਲਗਵਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਓਵਰਲੋਡ ਵਾਹਨ ਓਵਰਬ੍ਰਿਜ ’ਤੇ ਚੜ੍ਹ ਰਹੇ ਹਨ। ਪ੍ਰਸ਼ਾਸਨ ਨੂੰ ਓਵਰਬ੍ਰਿਜ ਦੇ ਦੋਹਾਂ ਪਾਸਿਆਂ ਇਕ ਅਧਿਕਾਰੀ ਜਾਂ ਕਰਮਚਾਰੀ ਦੀ ਡਿਊਟੀ ਲਾਉਣੀ ਚਾਹੀਦੀ ਹੈ ਜੋ ਭਾਰੀ ਵਾਹਨ ਚਾਲਕਾਂ ’ਤੇ ਸਖ਼ਤੀ ਨਾਲ ਨਿਗਰਾਨੀ ਰੱਖੇ ਅਤੇ ਉਨ੍ਹਾਂ ਨੂੰ ਸਬਕ ਸਿਖਾਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
