ਪੁਲਸ ਵਲੋਂ ਸੁਣਵਾਈ ਨਾ ਕਰਨ ''ਤੇ ਥਾਣੇ ਦੇ ਬਾਹਰ ਕੀਤੀ ਨਾਅਰੇਬਾਜ਼ੀ

Saturday, Feb 24, 2018 - 06:37 AM (IST)

ਪੁਲਸ ਵਲੋਂ ਸੁਣਵਾਈ ਨਾ ਕਰਨ ''ਤੇ ਥਾਣੇ ਦੇ ਬਾਹਰ ਕੀਤੀ ਨਾਅਰੇਬਾਜ਼ੀ

ਜਲੰਧਰ, (ਕਮਲੇਸ਼)- ਸੁਰਜੀਤ ਸਿੰਘ ਵਾਸੀ ਭੋਗਪੁਰ ਨੇ ਦੱਸਿਆ ਕਿ 23 ਜਨਵਰੀ ਨੂੰ ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਅਲਾਸਕਾ ਚੌਕ ਵਲ ਜਾ ਰਿਹਾ ਸੀ ਤਾਂ ਉਸ ਦੀ ਇਕ ਗੱਡੀ ਨਾਲ ਟੱਕਰ ਹੋ ਗਈ ਸੀ, ਜਿਸ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ। 
ਜਿਸ ਗੱਡੀ ਨਾਲ ਉਨ੍ਹਾਂ ਦੀ ਟੱਕਰ ਹੋਈ ਸੀ, ਉਸ ਦੇ ਚਾਲਕ ਦਵਿੰਦਰ ਨੇ ਉਨ੍ਹਾਂ ਨੂੰ ਇਲਾਜ ਦੇ ਪੂਰੇ ਪੈਸੇ ਦੇਣ ਦਾ ਵਾਅਦਾ ਕੀਤਾ ਸੀ ਪਰ ਬਾਅਦ ਵਿਚ ਉਨ੍ਹਾਂ ਨੂੰ ਇਲਾਜ ਦਾ ਖਰਚਾ ਨਹੀਂ ਮਿਲਿਆ। ਉਨ੍ਹਾਂ ਇਸ ਬਾਰੇ ਪੁਲਸ ਕਮਿਸ਼ਨਰ ਨੂੰ ਵੀ ਸ਼ਿਕਾਇਤ ਦਿੱਤੀ ਸੀ, ਜਿਸ ਨੂੰ ਕਮਿਸ਼ਨਰ ਵੱਲੋਂ ਬਾਰਾਦਰੀ ਥਾਣੇ ਨੂੰ ਮਾਰਕ ਕੀਤਾ ਗਿਆ ਸੀ। ਸੁਰਜੀਤ ਨੇ ਦੱਸਿਆ ਕਿ ਥਾਣੇ ਵਿਚ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਜਿਸ ਗੱਡੀ ਨਾਲ ਉਨ੍ਹਾਂ ਦੀ ਟੱਕਰ ਹੋਈ, ਉਹ ਇਕ ਵਕੀਲ ਹੈ। ਜਦੋਂ ਉਹ 18 ਫਰਵਰੀ ਨੂੰ ਥਾਣੇ ਪਹੁੰਚੇ ਤਾਂ ਦਵਿੰਦਰ ਆਪਣੇ ਵਕੀਲ ਸਾਥੀਆਂ ਨਾਲ ਉਥੇ ਪਹੁੰਚਿਆ, ਇਸ ਦੌਰਾਨ ਉਸ 'ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਸ ਵੀ ਦਵਿੰਦਰ ਦਾ ਸਾਥ ਦੇ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰ ਹੋ ਕੇ ਥਾਣੇ ਦੇ ਬਾਹਰ ਪੁਲਸ ਮੁਲਾਜ਼ਮਾਂ ਖਿਲਾਫ ਨਾਅਰੇਬਾਜ਼ੀ ਕਰਨੀ ਪਈ। 
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਇਲਾਜ ਦਾ ਬਣਦਾ ਖਰਚਾ ਦਿਵਾਇਆ ਜਾਵੇ। ਇਸ ਮਾਮਲੇ ਵਿਚ ਥਾਣਾ ਬਾਰਾਦਰੀ ਦੇ ਇੰਚਾਰਜ ਬਲਬੀਰ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦਾ ਵਿਵਾਦ ਸੁਲਝਾਉਣ ਲਈ ਸੋਮਵਾਰ ਦਾ ਸਮਾਂ ਦਿੱਤਾ ਗਿਆ ਹੈ।


Related News