ਭਵਾਨੀਗੜ੍ਹ ਦੇ ਪਿੰਡ ‘ਮੱਟਰਾਂ’ ’ਚ ਫੈਲਿਆ ਡਾਇਰੀਆ, 50 ਲੋਕ ਹੋਏ ਸ਼ਿਕਾਰ
Saturday, Jul 24, 2021 - 10:14 PM (IST)
ਭਵਾਨੀਗੜ੍ਹ(ਵਿਕਾਸ, ਅੱਤਰੀ, ਜ.ਬ.)- ਬਲਾਕ ਦੇ ਪਿੰਡ ਮੱਟਰਾਂ ’ਚ ਗੰਦਾ ਪਾਣੀ ਪੀਣ ਦੇ ਨਾਲ 50 ਦੇ ਕਰੀਬ ਲੋਕ ਡਾਇਰੀਆ ਦੀ ਲਪੇਟ ’ਚ ਆ ਗਏ। ਲੋਕਾਂ ਨੂੰ ਡਾਇਰੀਆ ਦੇ ਕਾਰਨ ਉਲਟੀਆਂ ਅਤੇ ਦਸਤ ਲੱਗਣ ਦੀ ਸ਼ਿਕਾਇਤ ਹੋਣ ’ਤੇ ਸਿਹਤ ਵਿਭਾਗ ਹਰਕਤ ’ਚ ਆ ਗਿਆ ਤੇ ਪਿੰਡ ’ਚ ਪਹੁੰਚ ਕੇ ਡਾਕਟਰਾਂ ਦੀ ਟੀਮ ਨੇ ਪੀੜਤ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਜਦੋਂਕਿ ਇਕ ਬੱਚੀ ਸਮੇਤ 5 ਮਰੀਜ਼ਾਂ ਦੀ ਹਾਲਤ ਜਿਆਦਾ ਵਿਗੜ ਜਾਣ ਕਾਰਨ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਜਿੱਥੋ ਇਕ ਮਰੀਜ਼ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸਨੂੰ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈ।
ਪਿੰਡ ਦੀ ਸਰਪੰਚ ਗੁਰਮੇਲ ਕੌਰ ਦੇ ਲੜਕੇ ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ’ਚ ਡਾਇਰੀਆ ਫੈਲਣ ਦਾ ਕਾਰਨ ਪੀਣ ਵਾਲੇ ਪਾਣੀ ’ਚ ਨਾਲੇ ਦਾ ਗੰਦਾ ਪਾਣੀ ਮਿਕਸ ਹੋਣਾ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਫਿਰਨੀਆਂ ਪੱਕੀਆਂ ਹੋ ਜਾਣ ਕਾਰਨ ਜ਼ਮੀਨ ਹੇਠਾਂ ਦੱਬੀਆਂ ਪਾਣੀ ਦੀਆਂ ਪਾਈਪਾਂ ਕਿਸੇ ਜਗ੍ਹਾ ਤੋਂ ਲੀਕ ਹੋ ਗਈਆਂ ਜਿਸ ਕਰ ਕੇ ਲੋਕਾਂ ਨੂੰ ਟੂਟੀਆਂ ’ਚੋਂ ਪੀਣ ਲਈ ਗੰਦਾ ਪਾਣੀ ਸਪਲਾਈ ਹੁੰਦਾ ਰਿਹਾ ਅਤੇ ਦੂਸ਼ਿਤ ਪਾਣੀ ਪੀਣ ਨਾਲ ਪਿੰਡ ਦੇ ਲੋਕ ਡਾਇਰੀਆ ਦਾ ਸ਼ਿਕਾਰ ਹੋ ਗਏ।
ਇਹ ਵੀ ਪੜ੍ਹੋ- ਕਾਂਗਰਸੀ ਵਿਧਾਇਕ ਹੈਨਰੀ ਦੇ ਦਫ਼ਤਰ ’ਚ ਚੱਲੀ ਗੋਲੀ, ਇੱਕ ਜ਼ਖ਼ਮੀ
ਜਗਤਾਰ ਸਿੰਘ ਨੇ ਦੱਸਿਆ ਕਿ ਪਤਾ ਲੱਗਣ ’ਤੇ ਪੰਚਾਇਤ ਨੇ ਲੀਕੇਜ ਦੇ ਪੁਆਇੰਟ ਨੂੰ ਲੱਭ ਕੇ ਤੁਰੰਤ ਠੀਕ ਕਰਵਾ ਦਿੱਤਾ ਪਰ ਹੁਣ ਪਿਛਲੇ ਇਕ-ਦੋ ਦਿਨਾਂ ਤੋਂ ਪਿੰਡ ਦੇ ਲੋਕਾਂ ਨੂੰ ਉਲਟੀਆਂ ਤੇ ਦਸਤ ਲੱਗਣ ਦੀ ਸ਼ਿਕਾਇਤ ਹੋਣ ਲੱਗ ਪਈ। ਜਿਸ ਤੋਂ ਬਾਅਦ ਪਿੰਡ ’ਚ ਹੜਕੰਪ ਮੱਚ ਗਿਆ। ਪੰਚਾਇਤ ਵੱਲੋਂ ਸਿਹਤ ਵਿਭਾਗ ਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ ਤਾਂ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਪਿੰਡ ’ਚ ਮੈਡੀਕਲ ਟੀਮ ਨੂੰ ਭੇਜ ਕੇ ਲੋਕਾਂ ਦਾ ਇਲਾਜ ਸ਼ੁਰੂ ਕਰਵਾ ਦਿੱਤਾ।
ਸਿਵਲ ਸਰਜਨ ਸੰਗਰੂਰ ਵੱਲੋਂ ਦੌਰਾ
ਇਹ ਵੀ ਪੜ੍ਹੋ- ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਤੰਬੂਆਂ ਨੂੰ ਲੱਗੀ ਭਿਆਨਕ ਅੱਗ, ਜਤਾਇਆ ਵੱਡੀ ਸਾਜ਼ਿਸ਼ ਦਾ ਖਦਸ਼ਾ (ਵੀਡੀਓ)
ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਨੇ ਮਰੀਜ਼ਾਂ ਦਾ ਹਾਲ ਜਾਣਨ ਲਈ ਪਿੰਡ ਅਤੇ ਹਸਪਤਾਲ ਦਾ ਦੌਰਾ ਕੀਤਾ। ਇਸ ਮੌਕੇ ਸਿਵਲ ਹਸਪਤਾਲ ਭਵਾਨੀਗੜ੍ਹ ਦੇ ਐੱਸ.ਐੱਮ.ਓ. ਡਾ. ਮਹੇਸ਼ ਆਹੂਜਾ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਪਿੰਡ ਮੱਟਰਾਂ ’ਚ ਡਾਕਟਰੀ ਟੀਮਾਂ ਡਾਇਰੀਆ ਦੇ ਮਰੀਜ਼ਾਂ ਦੀ ਦੇਖਭਾਲ ਕਰਨ ’ਚ ਲੱਗੀਆਂ ਹਨ ਤੇ ਜ਼ਿਆਦਾ ਸ਼ਿਕਾਇਤ ਹੋਣ ਕਰ ਕੇ ਭਵਾਨੀਗੜ੍ਹ ਹਸਪਤਾਲ ’ਚ ਦਾਖਲ ਮਰੀਜ਼ਾਂ ਨੂੰ ਵੱਖ ਤੋਂ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਦਾਖਲ ਮਰੀਜ਼ਾਂ ’ਚ ਇੱਕ ਬੱਚੀ ਵੀ ਸ਼ਾਮਲ ਹੈ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ ਜਦੋਂਕਿ ਇਕ ਔਰਤ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ। ਡਾ. ਆਹੂਜਾ ਨੇ ਦੱਸਿਆ ਕਿ ਡਾਇਰੀਆ ਦੇ ਮਰੀਜ਼ ਲਗਾਤਾਰ ਸਾਹਮਣੇ ਆ ਰਹੇ ਜਿਸ ਕਰ ਕੇ ਵਿਭਾਗ ਦੀ ਇਕ ਟੀਮ ਰਾਤ ਸਮੇਂ ਵੀ ਪਿੰਡ ’ਚ ਮੌਜੂਦ ਰਹੇਗੀ।
ਇਹ ਵੀ ਪੜ੍ਹੋ- ਪੰਜਾਬ ਵਿਧਾਨ ਸਭਾ ਦੇ ਮੁੱਖ ਸੈਕਟਰੀ ਬਣੇ ਸੁਰਿੰਦਰਪਾਲ
ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤੀ ਵਾਟਰ ਸਪਲਾਈ ਦਾ ਪਾਣੀ ਨਾ ਵਰਤਣ ਦੀ ਹਦਾਇਤ
ਉਧਰ ਜ਼ਿਲਾ ਪ੍ਰਸ਼ਾਸਨ ਨੇ ਮੱਟਰਾਂ ਪਿੰਡ ’ਚ ਫੈਲੇ ਡਾਇਰੀਆ ਦੀ ਰੋਕਥਾਮ ਲਈ ਜ਼ਰੂਰੀ ਕਦਮ ਚੁੱਕਦੇ ਹੋਏ ਪਿੰਡ ਦੇ ਲੋਕਾਂ ਨੂੰ ਵਾਟਰ ਸਪਲਾਈ ਦਾ ਪਾਣੀ ਨਾ ਪੀਣ ਦੇ ਨਿਰਦੇਸ਼ ਜਾਰੀ ਕੀਤੇ ਹਨ ਤੇ ਨਾਲ ਹੀ ਉਲਟੀ ਜਾਂ ਦਸਤ ਆਦਿ ਦੀ ਸ਼ਿਕਾਇਤ ਹੋਣ ’ਤੇ ਲੋਕਾਂ ਨੂੰ ਤੁਰੰਤ ਡਾਕਟਰੀ ਇਲਾਜ ਲੈਣ ਲਈ ਪਿੰਡ ’ਚ ਤਾਇਨਾਤ ਕੀਤੀ ਡਾਕਟਰਾਂ ਦੀ ਟੀਮ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਵੱਲੋਂ ਪਿੰਡ ’ਚ ਫਿਲਹਾਲ ਲੋਕਾਂ ਨੂੰ ਟੈਂਕਰ ਰਾਹੀਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।