ਓਰੀਐਂਟਲ ਇੰਸ਼ੋਰੈਂਸ ਕੰਪਨੀ 'ਤੇ 4.80 ਲੱਖ ਦਾ ਜੁਰਮਾਨਾ

05/22/2019 1:22:41 PM

ਫਿਰੋਜ਼ਪੁਰ (ਕੁਮਾਰ) – ਲੁਧਿਆਣਾ ਦੇ ਹਸਪਤਾਲ 'ਚ ਕਰਵਾਏ ਇਲਾਜ ਦੇ ਬਿੱਲਾਂ ਦੀ ਅਦਾਇਗੀ ਨਾ ਕਰਨ ਦੇ ਮਾਮਲੇ 'ਚ ਜ਼ਿਲਾ ਖਪਤਕਾਰ ਫੋਰਮ ਨੇ ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮ. ਨੂੰ ਇਲਾਜ 'ਤੇ ਖਰਚ ਕੀਤੇ 4 ਲੱਖ 80 ਹਜ਼ਾਰ 805 ਰੁਪਏ ਦੀ 8 ਫੀਸਦੀ ਸਾਲਾਨਾ ਵਿਆਜ ਸਮੇਤ ਰਾਸ਼ੀ ਦੀ ਅਦਾਇਗੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। 30 ਦਿਨਾਂ ਦੇ ਅੰਦਰ-ਅੰਦਰ ਇਸ ਰਾਸ਼ੀ ਦੀ ਅਦਾਇਗੀ ਕਰਨ ਮਗਰੋਂ ਸ਼ਿਕਾਇਤਕਰਤਾ ਨੂੰ 6 ਹਜ਼ਾਰ ਰੁਪਏ ਹਿਰਾਸਮੈਂਟ ਕਰਨ ਦੇ ਮੁਆਵਜ਼ੇ ਵਜੋਂ ਦਿੱਤੇ ਜਾਣ।

ਕੀ ਹੈ ਮਾਮਲਾ
ਸ਼ਿਕਾਇਤਕਰਤਾ ਰਿਸ਼ੀ ਦੇ ਵਕੀਲ ਹਰਦੀਪ ਬਜਾਜ ਨੇ ਦੱਸਿਆ ਕਿ ਉਨ੍ਹਾਂ ਓਰੀਐਂਟਲ ਇੰਸ਼ੋਰੈਂਸ ਕੰਪਨੀ ਨਵੀਂ ਦਿੱਲੀ, ਮੈਨੇਜਿੰਗ ਡਾਇਰੈਕਟਰ ਫਿਰੋਜ਼ਪੁਰ ਦੇ ਬ੍ਰਾਂਚ ਮੈਨੇਜਰ ਅਤੇ ਪਾਰਕ ਮੈਡੀਕਲੇਮ ਟੀ. ਪੀ. ਏ. ਪ੍ਰਾਈਵੇਟ ਲਿਮ. ਖਿਲਾਫ ਜ਼ਿਲਾ ਖਪਤਕਾਰ ਫੋਰਮ ਫਿਰੋਜ਼ਪੁਰ 'ਚ ਸ਼ਿਕਾਇਤ ਦਰਜ ਕਰਦਿਆਂ ਦੱਸਿਆ ਸੀ ਕਿ ਉਸ ਦੀ ਤੇ ਉਸ ਦੇ ਮਾਪਿਆਂ ਸਣੇ ਪੂਰੇ ਪਰਿਵਾਰ ਦੀ ਓਰੀਐਂਟਲ ਇੰਸ਼ੋਰੈਂਸ ਕੰਪਨੀ ਕੋਲ 'ਹੈਪੀ ਫੈਮਲੀ ਫਲੋਟਰ ਪਾਲਿਸੀ' ਤਹਿਤ 5 ਲੱਖ ਰੁਪਏ ਦਾ ਬੀਮਾ ਹੋਇਆ ਹੈ। ਸ਼ਿਕਾਇਤਕਰਤਾ ਅਨੁਸਾਰ ਅਚਾਨਕ ਉਸ ਦੇ ਪਿਤਾ ਦਲਜੀਤ ਰਾਏ ਦੀ ਤਬੀਅਤ ਖਰਾਬ ਹੋ ਗਈ ਅਤੇ ਉਨ੍ਹਾਂ ਨੂੰ 17 ਜੂਨ 2016 ਨੂੰ ਲੁਧਿਆਣਾ ਦੇ ਅਰੋਗਿਆ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ, ਜਿਥੇ ਉਨ੍ਹਾਂ ਨੂੰ 22 ਜੂਨ 2016 ਨੂੰ ਛੁੱਟੀ ਦੇ ਦਿੱਤੀ। ਉਨ੍ਹਾਂ ਦੀ ਮੁੜ ਸਿਹਤ ਖਰਾਬ ਹੋਣ 'ਤੇ 13 ਅਗਸਤ 2016 ਨੂੰ ਲੁਧਿਆਣਾ ਦੇ ਇਸੇ ਹਸਪਤਾਲ 'ਚ ਦੁਬਾਰਾ ਦਾਖਲ ਕਰਵਾਉਣਾ ਪਿਆ, ਜਿਥੇ ਜ਼ਿਆਦਾ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ ਤੇ ਉਥੇ 17 ਸਤੰਬਰ 2019 ਤੱਕ ਉਨ੍ਹਾਂ ਦਾ ਇਲਾਜ ਚੱਲਿਆ।ਉਨ੍ਹਾਂ ਨੂੰ ਦੁਬਾਰਾ 15 ਤੋਂ 30 ਨਵੰਬਰ 2016 ਤੱਕ ਦਾਖਲ ਕਰਵਾਇਆ ਗਿਆ। ਐਡਵੋਕੇਟ ਹਰਦੀਪ ਬਜਾਜ ਨੇ ਦੱਸਿਆ ਕਿ ਦਲਜੀਤ ਰਾਏ ਦੇ ਇਲਾਜ ਸਬੰਧੀ ਸਾਰੇ ਬਿੱਲ ਬੀਮਾ ਕੰਪਨੀ ਨੂੰ 3 ਸਾਲ ਦੇ ਕਵਰ ਨੋਟ ਸਮੇਤ ਜਮ੍ਹਾ ਕਰਵਾਏ ਗਏ ਪਰ ਬੀਮਾ ਕੰਪਨੀ ਨੇ ਉਨ੍ਹਾਂ ਨੂੰ ਇਨ੍ਹਾਂ ਬਿੱਲਾਂ ਦੀ ਅਦਾਇਗੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸ਼ਿਕਾਇਤਕਰਤਾ ਰਿਸ਼ੀ ਨੂੰ ਨਿਆਂ ਲੈਣ ਲਈ ਜ਼ਿਲਾ ਖਪਤਕਾਰ ਫੋਰਮ ਫਿਰੋਜ਼ਪੁਰ 'ਚ ਕੇਸ ਦਾਇਰ ਕਰਨਾ ਪਿਆ।

ਫੋਰਮ ਦਾ ਫੈਸਲਾ
ਜ਼ਿਲਾ ਖਪਤਕਾਰ ਫੋਰਮ ਫਿਰੋਜ਼ਪੁਰ ਦੇ ਪ੍ਰਧਾਨ ਅਜੀਤ ਅਗਰਵਾਲ ਤੇ ਮੈਂਬਰ ਬਲਦੇਵ ਸਿੰਘ ਭੁੱਲਰ ਨੇ ਸ਼ਿਕਾਇਤ ਨੂੰ ਜਾਇਜ਼ ਮੰਨਦਿਆਂ ਬੀਮਾ ਕੰਪਨੀ ਨੂੰ 30 ਦਿਨਾਂ ਦੇ ਅੰਦਰ-ਅੰਦਰ ਸ਼ਿਕਾਇਤਕਰਤਾ ਨੂੰ ਇਲਾਜ 'ਤੇ ਖਰਚ ਕੀਤੀ ਗਈ 4 ਲੱਖ 80 ਹਜ਼ਾਰ 805 ਰੁਪਏ ਦੀ ਰਾਸ਼ੀ ਵਿਆਜ ਸਮੇਤ ਅਦਾ ਕਰਨ ਦੇ ਹੁਕਮ ਦਿੱਤੇ ਹਨ।


rajwinder kaur

Content Editor

Related News