ਸਪੈਨਿਸ਼ ਲੋਕਾਂ ਲਈ ਫਰਿਸ਼ਤਾ ਬਣ ਬਹੁੜ ਰਹੀ ਪੰਜਾਬੀਆਂ ਦੀ ਸੰਸਥਾ ''ਵੀਰ ਖ਼ਾਲਸਾ''

Thursday, Apr 30, 2020 - 03:39 PM (IST)

ਸਪੈਨਿਸ਼ ਲੋਕਾਂ ਲਈ ਫਰਿਸ਼ਤਾ ਬਣ ਬਹੁੜ ਰਹੀ ਪੰਜਾਬੀਆਂ ਦੀ ਸੰਸਥਾ ''ਵੀਰ ਖ਼ਾਲਸਾ''

ਕਾਲਾ ਸੰਘਿਆਂ (ਨਿੱਝਰ) : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਜਿਥੇ ਪੂਰੀ ਦੁਨੀਆ 'ਚ ਤੇਜ਼ੀ ਨਾਲ ਪੈਰ ਪਸਾਰਦਾ ਜਾ ਰਿਹਾ ਹੈ। ਇਸ ਦੀ ਲਪੇਟ 'ਚ ਹੁਣ ਤੱਕ ਕਰੀਬ 30 ਲੱਖ 96 ਹਜ਼ਾਰ ਤੋਂ ਵੱਧ ਲੋਕ ਆ ਕੇ ਇਸ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਮੌਤਾਂ ਦਾ ਅੰਕੜਾ ਵੀ 2.13 ਲੱਖ ਦੇ ਕਰੀਬ ਪਹੁੰਚ ਗਿਆ ਹੈ। ਜਿੱਥੇ ਸਪੇਨ 2 ਲੱਖ 32 ਹਜ਼ਾਰ 128 ਮਰੀਜ਼ਾਂ ਨਾਲ ਦੂਸਰੇ ਨੰਬਰ 'ਤੇ ਚੱਲ ਰਿਹਾ ਹੈ। ਇਸ ਬੀਮਾਰੀ ਕਾਰਣ ਉੱਥੇ ਮੌਤਾਂ ਦੀ ਗਿਣਤੀ 23 ਹਜ਼ਾਰ 882 ਹੋ ਚੁੱਕੀ ਹੈ, ਉੱਥੇ ਹੀ ਸਪੈਨਿਸ਼ ਲੋਕਾਂ ਲਈ ਵੀ ਪੰਜਾਬੀਆਂ ਅਤੇ ਖਾਸਕਰ ਸਿੱਖ ਨੌਜਵਾਨਾਂ ਵੱਲੋਂ ਬਣਾਈ ਗਈ ਸੰਸਥਾ 'ਵੀਰ ਖ਼ਾਲਸਾ ਗਰੁੱਪ' ਮਸੀਹਾ ਬਣ ਕੇ ਬਹੁੜ ਰਹੀ ਹੈ, ਜਿਸ ਵੱਲੋਂ ਸ਼ਹਿਰਾਂ ਤੇ ਦੂਰ-ਦੁਰੇਡੇ ਦੇ ਪੇਂਡੂ ਇਲਾਕਿਆਂ ਤੱਕ ਪਹੁੰਚ ਕਰ ਕੇ ਲੋਕਾਂ ਨੂੰ ਰੋਜ਼ਾਨਾ ਦੀਆਂ, ਜੋ ਜ਼ਰੂਰੀ ਵਸਤਾਂ ਹਨ, ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।

ਸਮਾਜ ਸੇਵਾ ਲਈ ਸਪੇਨ ਦੀ ਵਿਦੇਸ਼ੀ ਧਰਤੀ 'ਤੇ ਇਕ ਜੰਗਜੂ ਯੋਧੇ ਵਜੋਂ ਉੱਭਰੇ ਸਿੱਧਵਾਂ ਦੋਨਾ ਦੇ ਜੰਮਪਲ ਨੌਜਵਾਨ ਅਮਰੀਕ ਸਿੰਘ ਸਪੇਨ, ਜੋ ਕਿ ਵੀਰ ਖਾਲਸਾ ਗਰੁੱਪ ਦੇ ਫਾਊਂਡਰ ਮੈਂਬਰ ਹਨ, ਨੇ 'ਜਗ ਬਾਣੀ' ਨਾਲ ਫੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ 5-7 ਸਾਥੀਆਂ ਸਮੇਤ ਕੁਝ ਮਹੀਨੇ ਪਹਿਲਾਂ ਹੀ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਇਹ ਸੰਸਥਾ ਵੀਰ ਖ਼ਾਲਸਾ ਗਰੁੱਪ ਸਪੇਨ ਖੜ੍ਹੀ ਕਰ ਕੇ ਸੋਸ਼ਲ ਮੀਡੀਆ ਉੱਤੇ ਲੋਕਾਈ ਦੀ ਮਦਦ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਸੇਵਾ ਕਾਰਣ ਮਹੀਨੇ ਤੋਂ ਉੱਪਰ ਦਾ ਸਮਾਂ ਉਨ੍ਹਾਂ ਨੂੰ ਹੋ ਚੁੱਕਾ ਹੈ ਕਿ ਉਨ੍ਹਾਂ ਨੇ ਖੁਦ ਆਪਣਾ ਘਰ-ਬਾਰ ਛੱਡਿਆ ਹੋਇਆ ਹੈ ਅਤੇ 24 ਘੰਟੇ ਪੀੜਤਾਂ ਦੀ ਬਾਂਹ ਫੜ ਰਹੇ ਹਨ। ਵੀਰ ਖਾਲਸਾ ਗਰੁੱਪ ਵੱਲੋਂ ਹਸਪਤਾਲਾਂ, ਪੁਲਸ, ਕੋਰੋਨਾ ਪੀੜਤ ਪਰਿਵਾਰਾਂ ਤੇ ਸੜਕਾਂ ਦੇ 'ਤੇ ਸੌਣ ਵਾਲੇ ਬੇਘਰੇ ਲੋਕਾਂ ਤੱਕ ਨੂੰ ਇਹ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਲੋੜਵੰਦ ਦੀ ਜਿੱਥੋਂ ਵੀ ਉਨ੍ਹਾਂ ਨੂੰ ਕੋਈ ਫੋਨ ਕਾਲ ਆਉਂਦੀ ਹੈ, ਉੱਥੇ ਹੀ ਸੇਵਾਦਾਰ ਸਹਾਇਤਾ ਪਹੁੰਚਾਉਣ ਦਾ ਹਰ ਸੰਭਵ ਯਤਨ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਮੁੱਖ ਤੌਰ 'ਤੇ ਪਹਿਲਾਂ ਅਮਰੀਕ ਸਿੰਘ ਸਪੇਨ (ਸਿੱਧਵਾਂ ਦੋਨਾ), ਦਵਿੰਦਰ ਸਿੰਘ ਮੱਲ੍ਹੀ, ਮੱਖਣ ਸਿੰਘ ਯੋਰਾਨਾ, ਹਰਮਨਦੀਪ ਸਿੰਘ ਅਲੋਟ, ਹੈਪੀ ਪੱਡਾ, ਜੋਤ ਪੱਡਾ ਤੇ ਹਰਪ੍ਰੀਤ ਸਿੰਘ ਬਾਰਸੀਲੋਨਾ ਆਦਿ ਨੌਜਵਾਨਾਂ ਨੇ ਸੇਵਾ ਦਾ ਇਹ ਕਦਮ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਸਪੇਨ 'ਚ ਰਹਿੰਦੇ ਸਪੈਨਿਸ਼ ਲੋਕਾਂ ਤੋਂ ਇਲਾਵਾ, ਭਾਰਤੀ, ਪਾਕਿਸਤਾਨੀ, ਸ਼੍ਰੀਲੰਕਾ, ਨੇਪਾਲੀ ਅਰਜਨਟਾਈਨਾ, ਮੈਕਸੀਕੋ ਤੇ ਬ੍ਰਾਜੀਲ ਆਦਿ ਦੇਸ਼ਾਂ ਦੇ ਲੋਕਾਂ ਨੂੰ ਇਹ ਸੇਵਾਵਾਂ ਬਿਨਾਂ ਕਿਸੇ ਭੇਦਭਾਵ ਦੇ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।


author

Anuradha

Content Editor

Related News