ਅਧਿਆਪਕਾਂ ਦੀ ਲੱਗੀ ਚੋਣ ਡਿਊਟੀ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਪ੍ਰੀ-ਬੋਰਡ ਪ੍ਰੀਖਿਆਵਾਂ ਲੈਣ ਦੇ ਹੁਕਮ
Friday, Feb 04, 2022 - 04:52 PM (IST)
ਲੁਧਿਆਣਾ (ਵਿੱਕੀ) : ਪੰਜਾਬ ਦਾ ਸਕੂਲ ਸਿੱਖਿਆ ਵਿਭਾਗ ਆਮ ਕਰ ਕੇ ਆਪਣੇ ਅਜੀਬੋ-ਗਰੀਬ ਕੰਮਾਂ ਕਾਰਨ ਸੁਰਖੀਆਂ ਬਟੋਰਦਾ ਰਹਿੰਦਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ ਸਾਰੀਆਂ ਕਲਾਸਾਂ ਦੀਆ ਪ੍ਰੀ-ਬੋਰਡ ਪ੍ਰੀਖਿਆਵਾਂ 14 ਤੋਂ 26 ਫਰਵਰੀ ਤੱਕ ਲੈਣ ਦੇ ਦਿਸ਼ਾ-ਨਿਰਦੇਸ਼ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ ਅਤੇ ਸੈਕੰਡਰੀ) ਅਤੇ ਸਾਰੇ ਸਕੂਲ ਮੁਖੀਆਂ ਨੂੰ ਜਾਰੀ ਕੀਤੇ ਹਨ, ਜਦੋਂਕਿ ਜ਼ਿਆਦਾਤਰ ਅਧਿਆਪਕਾਂ ਦੀ ਚੋਣ ਡਿਊਟੀ ਲੱਗੀ ਹੈ ਅਤੇ ਪੰਜਾਬ ’ਚ 20 ਫਰਵਰੀ ਨੂੰ ਚੋਣਾਂ ਹੋਣੀਆਂ ਹਨ। ਅਜਿਹੇ ਵਿਚ ਵਿਦਿਆਰਥੀਆਂ ਦੀ ਕਿਵੇਂ ਤਿਆਰੀ ਹੋਵੇਗੀ ਅਤੇ ਕਿਵੇਂ ਪ੍ਰੀਖਿਆਵਾਂ ਸਹੀ ਢੰਗ ਨਾਲ ਲਈਆਂ ਜਾ ਸਕਣਗੀਆਂ, ਇਹ ਤਾਂ ਸਿੱਖਿਆ ਵਿਭਾਗ ਦੇ ਅਧਿਕਾਰੀ ਹੀ ਦੱਸ ਸਕਦੇ ਹਨ। ਇਸ ਦੌਰਾਨ ਅਧਿਆਪਕਾਂ ਦੀ ਕਈ ਵਾਰ ਚੋਣ ਰਿਹਰਸਲ ਹੋਵੇਗੀ ਅਤੇ 19 ਤੇ 20 ਫਰਵਰੀ ਨੂੰ ਉਹ ਚੋਣ ਡਿਊਟੀ ’ਤੇ ਹਾਜ਼ਰ ਰਹਿਣਗੇ।
ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਹਰ ਸਾਲ ਵਾਂਗ ਇਸ ਸਾਲ ਵੀ ਪ੍ਰੀ-ਬੋਰਡ ਪ੍ਰੀਖਿਆਵਾਂ ਕਰਵਾਈਆਂ ਜਾਣੀਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਰੇ ਸਕੂਲ ਮੁਖੀਆਂ ਨੂੰ ਬੋਰਡ ਕਲਾਸਾਂ ਦੇ ਹਰ ਵਿਦਿਆਰਥੀਆਂ ਦਾ ਵਿਸ਼ੇਵਾਰ ਇੰਟਰਨਲ ਅਸੈੱਸਮੈਂਟ ਪ੍ਰੋਫਾਰਮਾ 21 ਫਰਵਰੀ ਤੱਕ ਭਰਨ ਲਈ ਕਿਹਾ ਗਿਆ ਹੈ, ਜਿਸ ਦੇ ਅੰਕ ਪ੍ਰੀ-ਬੋਰਡ ’ਤੇ ਆਧਾਰਿਤ ਵੀ ਹੋਣਗੇ। ਕੋਵਿਡ-19 ਦੌਰਾਨ ਸਕੂਲਾਂ ਨੂੰ ਜਾਰੀ ਨਿਰਦੇਸ਼ਾਂ ਦੇ ਮੱਦੇਨਜ਼ਰ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਪੱਧਰ ’ਤੇ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਦੇ ਮੱਦੇਨਜ਼ਰ ਡੇਟਸ਼ੀਟ ਬਣਾ ਕੇ ਕਲਾਸ ਪਹਿਲੀ ਤੋਂ 12ਵੀਂ (ਸਾਰੇ ਸਟ੍ਰੀਮਸ) ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਲੈਣ। ਇਹ ਪ੍ਰੀ-ਬੋਰਡ ਪ੍ਰੀਖਿਆਵਾਂ 14 ਫਰਵਰੀ ਤੋਂ 26 ਫਰਵਰੀ ਤੱਕ ਕਰਵਾਈਆਂ ਜਾਣ। ਜੇਕਰ ਉਕਤ ਤਰੀਕਾਂ ਦੌਰਾਨ ਸਕੂਲ ਖੁੱਲ੍ਹਦੇ ਹਨ ਤਾਂ ਪ੍ਰੀਖਿਆ ਆਫਲਾਈਨ ਲਈ ਜਾਵੇ। ਜੇਕਰ ਸਕੂਲ ਬੰਦ ਰਹਿੰਦੇ ਹਨ ਤਾਂ ਸਕੂਲ ਮੁਖੀ ਆਪਣੇ ਪੱਧਰ ’ਤੇ ਆਨਲਾਈਨ ਪ੍ਰੀਖਿਆ ਪਲਾਨ ਤਿਆਰ ਕਰ ਸਕਦੇ ਹਨ।
ਪ੍ਰੀ-ਬੋਰਡ ਪ੍ਰੀਖਿਆ ਟਰਮ-2 ਸਿਲੇਬਸ ’ਚੋਂ ਲਈ ਜਾਵੇਗੀ। ਪ੍ਰੀ-ਬੋਰਡ ਵਿਚੋਂ ਪ੍ਰਾਪਤ ਅੰਕਾਂ ਅਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਸਾਂਝਾ ਕਰਨ ਲਈ 4 ਅਤੇ 5 ਮਾਰਚ ਤੱਕ ਪੇਰੈਂਟਸ-ਟੀਚਰ ਮੀਟਿੰਗ ਕੀਤੀ ਜਾਵੇਗੀ ਤਾਂ ਕਿ ਵਿਦਿਆਰਥੀ ਸਾਲਾਨਾ ਪ੍ਰੀਖਿਆ ’ਚ ਬਿਹਤਰ ਨਤੀਜੇ ਦੇ ਸਕਣ।