ਕਾਂਗਰਸੀ ਵਿਧਾਇਕ ਦੀ ਗੱਡੀ ਬਾਦਲਾਂ ਦੀ ਬੱਸ ਨਾਲ ਟਕਰਾਈ, ਸੜਕ ''ਤੇ ਚੱਲੇ ਘਸੁੰਨ-ਮੁੱਕੇ

11/24/2019 6:25:12 PM

ਕੁਰਾਲੀ (ਬਠਲਾ) : ਕੁਰਾਲੀ ਬਾਈਪਾਸ ਬਨਮਾਜਰਾ ਕੋਲ ਇਕ ਕਾਂਗਰਸੀ ਵਿਧਾਇਕ ਦੀ ਗੱਡੀ ਬਾਦਲਾਂ ਦੀ ਓਰਬਿਟ ਬੱਸ ਨਾਲ ਟਕਰਾਅ ਜਾਣ ਕਾਰਨ ਸਥਿਤੀ ਕਾਫੀ ਗੰਭੀਰ ਹੋ ਗਈ। ਮਾਮਲਾ ਹੱਥੋ-ਪਾਈ ਤਕ ਪਹੁੰਚ ਗਿਆ ਅਤੇ ਦੋਸ਼ ਹੈ ਕਿ ਵਿਧਾਇਕ ਦੇ ਸੁਰੱਖਿਆ ਮੁਲਾਜ਼ਮਾਂ ਨੇ ਓਰਬਿਟ ਬੱਸ ਚਾਲਕ ਨਾਲ ਖਿੱਚੋਤਾਣੀ ਕਰਕੇ ਕੁੱਟ-ਮਾਰ ਵੀ ਕੀਤੀ। ਬੱਸ ਦੀਆਂ ਸਵਾਰੀਆਂ ਅਤੇ ਉਥੇ ਇਕੱਤਰ ਹੋਏ ਲੋਕਾਂ ਦੇ ਰੋਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਪੁਲਸ ਨੇ ਦੋਵਾਂ ਗੱਡੀਆਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari

ਪ੍ਰਾਪਤ ਜਾਣਕਾਰੀ ਮੁਤਾਬਕ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ ਓਰਬਿਟ ਕੰਪਨੀ ਦੀ ਲਗਜ਼ਰੀ ਬੱਸ ਨੰਬਰ ਪੀ. ਬੀ.03 ਏਪੀ 7514 ਨੂੰ ਪਿੰਡ ਬਨਮਾਜਰਾ ਦੇ ਬਾਈਪਾਸ ਚੌਕ ਨੂੰ ਪਾਰ ਕਰਦੇ ਸਮੇਂ ਇਕ ਕਾਂਗਰਸੀ ਵਿਧਾਇਕ ਦੀ ਗੱਡੀ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਵਿਧਾਇਕ ਦੀ ਇਨੋਵਾ ਗੱਡੀ ਬੱਸ ਦੀ ਡਰਾਈਵਰ ਵਾਲੀ ਸਾਈਡ ਨਾਲ ਟਕਰਾ ਗਈ ਅਤੇ ਵਿਧਾਇਕ ਦੀ ਗੱਡੀ ਦੇ ਅੱਗੇ ਵਾਲੇ ਹਿੱਸੇ ਦਾ ਕਾਫੀ ਨੁਕਸਾਨ ਹੋਇਆ। ਓਰਬਿਟ ਬੱਸ ਦੇ ਚਾਲਕ ਓਂਕਾਰ ਸਿੰਘ ਨੇ ਦੱਸਿਆ ਕਿ ਉਹ ਰਾਸ਼ਟਰੀ ਮਾਰਗ 'ਤੇ ਨਿਕਲ ਰਿਹਾ ਸੀ, ਜਦੋਂਕਿ ਵਿਧਾਇਕ ਦੀ ਲਾਲ ਬੱਤੀ ਵਾਲੀ ਗੱਡੀ ਤੇਜ਼ੀ ਨਾਲ ਆਈ ਅਤੇ ਉਸਦੀ ਬੱਸ ਦੇ ਪਿੱਛੇ ਵਾਲੇ ਹਿੱਸੇ ਵਿਚ ਟੱਕਰ ਮਾਰ ਦਿੱਤੀ। 

PunjabKesari

ਓਂਕਾਰ ਨੇ ਦੱਸਿਆ ਕਿ ਉਸਦੇ ਬੱਸ 'ਚੋਂ ਥੱਲੇ ਆਉਣ ਦੀ ਦੇਰ ਸੀ ਕਿ ਵਿਧਾਇਕ ਦੇ ਸਕਿਓਰਿਟੀ ਵਿਚ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਉਸਦੀ ਖਿੱਚੋਤਾਣੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੁੱਟ-ਮਾਰ ਕੀਤੀ। ਉਸਨੇ ਦੱਸਿਆ ਕਿ ਇਹ ਹਾਦਸਾ ਇਨੋਵਾ ਗੱਡੀ ਦੇ ਚਾਲਕ ਦੀ ਗਲਤੀ ਨਾਲ ਹੋਇਆ। ਬੱਸ ਚਾਲਕ ਓਂਕਾਰ ਸਿੰਘ ਨੇ ਦੱਸਿਆ ਕਿ ਚਾਹੇ ਉਸਦੀ ਕੋਈ ਗਲਤੀ ਨਹੀਂ ਸੀ ਪਰ ਫਿਰ ਵੀ ਉਸਨੇ ਮੌਕੇ 'ਤੇ ਮੁਆਫੀ ਮੰਗ ਲਈ। ਇਸ ਦੌਰਾਨ ਜਦੋਂ ਬੱਸ ਦੀਆਂ ਸਵਾਰੀਆਂ ਨੇ ਪੁਲਸ ਮੁਲਾਜ਼ਮਾਂ ਦੀ ਦਾਦਾਗਿਰੀ ਦਾ ਵਿਰੋਧ ਕੀਤਾ ਅਤੇ ਇਕੱਤਰ ਹੋਏ ਲੋਕ ਰੋਸ ਵਿਚ ਆਏ ਤਾਂ ਮੁਲਾਜ਼ਮਾਂ ਨੇ ਉਸਨੂੰ ਛੱਡਿਆ।

PunjabKesari

ਇਸ ਮੌਕੇ ਬੱਸ ਵਿਚ ਸਵਾਰ ਇਕ ਨੌਜਵਾਨ ਨੇ ਇਸਦੀ ਵੀਡੀਓ ਬਣਾਉਣ 'ਤੇ ਸੁਰੱਖਿਆ ਮੁਲਾਜ਼ਮਾਂ ਨੇ ਉਸਦਾ ਮੋਬਾਇਲ ਖੋਹ ਕੇ ਵੀਡੀਓ ਡਿਲੀਟ ਕਰ ਦਿੱਤੀ। ਮੌਕੇ 'ਤੇ ਪਹੁੰਚੇ ਮੀਡੀਆ ਨੂੰ ਦੇਖ ਕੇ ਸੁਰੱਖਿਆ ਮੁਲਾਜ਼ਮਾਂ ਨੇ ਆਪਣੀ ਪਹਿਚਾਣ ਛੁਪਾਉਣ ਲਈ ਆਪਣੇ ਚਿਹਰੇ ਰੁਮਾਲ ਨਾਲ ਢਕ ਲਏ ਅਤੇ ਇਧਰ-ਉਧਰ ਖਿਸਕਣੇ ਸ਼ੁਰੂ ਹੋ ਗਏ। ਮੌਕੇ 'ਤੇ ਪਹੁੰਚੀ ਪੁਲਸ ਨੇ ਵੀ ਬੱਸ ਦੀ ਆਰ. ਸੀ. ਅਤੇ ਹੋਰ ਕਾਗਜ਼ਾਤ ਆਪਣੇ ਕਬਜ਼ੇ ਵਿਚ ਲੈ ਕੇ ਬੱਸ ਨੂੰ ਥਾਣੇ ਲਿਜਾਣ ਦੇ ਆਦੇਸ਼ ਦਿੱਤੇ। ਬਨਮਾਜਰਾ ਬਾਈਪਾਸ ਚੌਕ ਵਿਚ ਹੋਏ ਇਸ ਹੰਗਾਮੇ ਕਾਰਨ ਕਾਫੀ ਸਮਾਂ ਟ੍ਰੈਫਿਕ ਜਾਮ ਰਹੀ। ਥਾਣਾ ਸਿੰਘਪੁਰਾ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਦੇ ਹੋਏ ਟ੍ਰੈਫਿਕ ਨੂੰ ਬਹਾਲ ਕੀਤਾ। ਇਸ ਸਬੰਧੀ ਜਦੋਂ ਥਾਣਾ ਸਿੰਘ ਭਗਵੰਤਪੁਰਾ ਦੇ ਐੱਸ. ਐੱਚ. ਓ. ਦੇਸਰਾਜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਪੱਖਾਂ ਵਿਚ ਸਮਝੌਤਾ ਹੋ ਗਿਆ ਹੈ, ਜਿਸ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ।


Gurminder Singh

Content Editor

Related News