ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਵਿਰੋਧ
Sunday, Jul 08, 2018 - 05:39 AM (IST)

ਫਗਵਾਡ਼ਾ, (ਜਲੋਟਾ)— ਬਹੁਜਨ ਸਮਾਜ ਪਾਰਟੀ ਹਲਕਾ ਵਿਧਾਨਸਭਾ ਫਗਵਾਡ਼ਾ ਵੱਲੋਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਜ਼ੋਨ ਇੰਚਾਰਜ ਰਮੇਸ਼ ਕੌਲ ਕੌਂਸਲਰ ਦੀ ਅਗਵਾਈ ਹੇਠ ਅੱਜ ਸਥਾਨਕ ਰੈਸਟ ਹਾਊਸ ਮੂਹਰੇ ਧਰਨਾ ਦੇ ਕੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਧਰਨੇ ’ਚ ਬਸਪਾ ਪੰਜਾਬ ਦੇ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਧਰਨੇ ਤੋਂ ਬਾਅਦ ਸਮੂਹ ਵਰਕਰਾਂ ਰੋਸ ਮਾਰਚ ਕੱਢਿਆ ਅਤੇ ਐੱਸ. ਡੀ. ਐੱਮ. ਜਯੋਤੀ ਬਾਲਾ ਮੱਟੂ ਨੂੰ ਰਾਜਪਾਲ ਪੰਜਾਬ ਦੇ ਨਾਂ ਇਕ ਮੰਗ ਪੱਤਰ ਦਿੱਤਾ ਗਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ ਕਿਹਾ ਕਿ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੀਟਿੰਗਾਂ ਕਰਦੇ ਹੋਏ ਸਹੁੰ ਖਾਂਦੀ ਸੀ ਕਿ ਨਸ਼ਿਆਂ ਨੂੰ ਇਕ ਮਹੀਨੇ ਵਿਚ ਜੜ੍ਹੋਂ ਖਤਮ ਕਰਨਗੇ ਪਰ ਅੱਜ ‘ਤੰਦਰੁਸਤ ਪੰਜਾਬ’ ਮੁਹਿੰਮ ਸ਼ੁਰੂ ਕਰਕੇ ਕੈਪਟਨ ਸਰਕਾਰ ਨੇ ਸਵੀਕਾਰ ਕੀਤਾ ਹੈ ਕਿ ਇਹ ਸਰਕਾਰ 14 ਮਹੀਨੇ ਬਾਅਦ ਵੀ ਨਸ਼ਿਆਂ ਨੂੰ ਨੱਥ ਨਹੀਂ ਪਾ ਸਕੀ। ਉਨ੍ਹਾਂ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਅਹੁਦੇਦਾਰਾਂ ਵਲੋਂ ਕਰਵਾਏ ਜਾ ਰਹੇ ਡੋਪ ਟੈਸਟ ਨੂੰ ਡਰਾਮੇਬਾਜ਼ ਦੱਸਿਆ ਅਤੇ ਕਿਹਾ ਕਿ ਇਨ੍ਹਾਂ ਦੇ ਡੋਪ ਟੈਸਟ ਦੀ ਰਿਪੋਰਟ ਵੀ ਇਨ੍ਹਾਂ ਦੀ ਮਰਜ਼ੀ ਮੁਤਾਬਕ ਹੀ ਤਿਆਰ ਹੋਣੀ ਹੈ, ਜਿਸਦਾ ਕੋਈ ਫਾਇਦਾ ਨਹੀਂ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਵਾਅਦੇ ਮੁਤਾਬਕ ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਰੋਜ਼ਾਨਾਾ ਹੀ ਨੌਜਵਾਨਾਂ ਦੇ ਨਸ਼ਿਆਂ ਦੀ ਭੇਟ ਚਡ਼੍ਹ ਕੇ ਜਾਨ ਗੁਆਉਣ ਦੇ ਸਮਾਚਾਰ ਆ ਰਹੇ ਹਨ। ਸੂਬੇ ਵਿਚ ਨਸ਼ਾ ਖੋਰੀ ਘਟਨ ਦੀ ਬਜਾਏ ਹੋਰ ਵੱਧ ਰਹੀ ਹੈ। ਸੂਬੇ ਦੀ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਲੁੱਟਾਂ ਖੋਹਾਂ ਅਤੇ ਬਲਾਤਕਾਰ ਆਮ ਗੱਲ ਹੋ ਗਈ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨਾਲ ਛੇਡ਼ਛਾਡ਼ ਕਰਕੇ ਐੱਸ. ਸੀ. ਬੀ. ਸੀ. ਤੇ ਓ. ਬੀ. ਸੀ. ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾਡ਼ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਦੀ ਗਲਤ ਨੀਤੀ ਸਦਕਾ 80% ਲੋਡ਼ਵੰਦ ਬੱਚੇ ਉੱਚ ਸਿੱਖਿਆ ਤੋਂ ਵਾਂਝੇ ਰਹਿ ਜਾਣਗੇ। ਬੱਸਾਂ ਦੇ ਕਿਰਾਏ ਚੁਪਚਾਪ ਵਧਾ ਦਿੱਤੇ ਗਏ ਹਨ। ਐੱਸ. ਸੀ. ਵਰਗ ਦੇ ਬਿਜਲੀ ਦੇ ਮਾਫ ਕੀਤੇ ਬਿਲ ਚੋਰ ਰਸਤਿਆਂ ਰਾਹੀਂ ਦੁਬਾਰਾ ਵਸੂਲੇ ਜਾ ਰਹੇ ਹਨ। ਉਨ੍ਹਾਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਜਨਤਕ ਕੀਤੇ ਜਾਣ ਦੀ ਮੰਗ ਵੀ ਕੀਤੀ।
ਧਰਨਾਕਾਰੀਆਂ ਨੂੂੰ ਸੰਬੋਧਨ ਕਰਦਿਆਂ ਕੌਂਸਲਰ ਰਮੇਸ਼ ਕੌਲ ਨੇ ਕਿਹਾ ਕਿ 2019 ਦੀਆਂ ਲੋਕਸਭਾ ਚੋਣਾਂ ਵਿਚ ਬਸਪਾ ਦੇ ਹੱਕ ਵਿਚ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ ਤਾਂ ਜੋ ਭੈਣ ਮਾਇਆਵਤੀ ਨੂੰ ਭਾਰਤ ਦੀ ਪ੍ਰਧਾਨ ਮੰਤਰੀ ਦੇਖਣ ਦਾ ਸਾਹਿਬ ਕਾਂਸ਼ੀ ਰਾਮ ਦਾ ਸੁਪਨਾ ਪੂਰਾ ਕੀਤਾ ਜਾ ਸਕੇ ਅਤੇ ਦੇਸ਼ ਵਿਚ ਬਹੁਜਨ ਸਮਾਜ ਦੀ ਸਰਕਾਰ ਕਾਬਿਜ ਹੋ ਸਕੇ।
ਇਸ ਮੌਕੇ ਸੀਨੀਅਰ ਬਸਪਾ ਆਗੂ ਪਰਵੀਨ ਬੰਗਾ, ਲੇਖਰਾਜ ਜਮਾਲਪੁਰ, ਲਖਵੀਰ ਚੌਧਰੀ, ਤਰਸੇਮ ਥਾਪਰ (ਸਾਰੇ ਇੰਚਾਰਜ), ਐਡਵੋਕੇਟ ਕੁਲਦੀਪ ਭੱਟੀ ਜਨਰਲ ਸਕੱਤਰ ਜ਼ਿਲਾ ਕਪੂਰਥਲਾ, ਫਗਵਾਡ਼ਾ ਪ੍ਰਧਾਨ ਚਿਰੰਜੀ ਲਾਲ ਕਾਲਾ, ਪਰਮਜੀਤ ਖਲਵਾਡ਼ਾ ਪਰਮਿੰਦਰ ਪਲਾਹੀ, ਸਰਬਜੀਤ ਭੁਲੱਥ, ਬਿੰਦਰ ਮਸੀਹ ਭੁਲੱਥ, ਮੋਹਨ ਸਿੰਘ ਭਿੱਲਾ ਕਪੂਰਥਲਾ, ਡਾ. ਜਸਵੰਤ ਸਿੰਘ ਸੁਲਤਾਨਪੁਰ, ਰਾਮ ਲਾਲ ਸੁਲਤਾਨਪੁਰ, ਸੰਤੋਖ ਲਾਲ ਢੱਡਾ, ਹਰਭਜਨ ਖਲਵਾਡ਼ਾ ਮੈਂਬਰ ਜ਼ਿਲਾ ਪ੍ਰੀਸ਼ਦ, ਦੇਸਰਾਜ ਕਾਂਸ਼ੀ ਨਗਰ, ਪਿਆਰਾ ਸੰਧੂ ਕੋਟਰਾਣੀ, ਚਰਨਦਾਸ ਜੱਸਲ, ਲੈਹਿੰਬਰ ਬਲਾਲੋਂ, ਪਰਮਜੀਤ ਗੰਢਵਾਂ, ਹੁਸਨ ਲਾਲ ਮੇਹਟਾਂ, ਡਾ. ਰਾਕੇਸ਼ ਅਠੌਲੀ, ਮਨੋਜ ਚਾਚੋਕੀ, ਨਿਰਮਲ ਪਲਾਹੀ, ਨਿਰਮਲ ਸਿੰਘ ਮਲਕਪੁਰ, ਸਤਪਾਲ ਗੋਬਿੰਦਪੁਰਾ, ਬਲਦੇਵ ਚੌਧਰੀ, ਸੁਰਿੰਦਰ ਵਿਰਦੀ, ਬਿਸ਼ੰਭਰ ਭਬਿਆਣਾ, ਪ੍ਰਨੀਸ਼ ਬੰਗਾ, ਸੁਰਜੀਤ ਭੁੱਲਾਰਾਈ, ਪਰਮਿੰਦਰ ਬੋਧ, ਪੁਸ਼ਪਿੰਦਰ ਕੌਰ, ਤੇਜਪਾਲ ਬਸਰਾ ਆਦਿ ਹਾਜ਼ਰ ਸਨ।