ਧਰਨਾਕਾਰੀਆਂ ’ਚ ਜੋਸ਼ ਭਰਨ ਲਈ ਹੋ ਰਹੀ ‘ਮੋਦੀ ਤੇ ਕਾਰਪੋਰੇਟਸ’ ਦੀ ਖਿਲਾਫਤ
Sunday, Oct 11, 2020 - 12:38 AM (IST)
ਚੰਡੀਗੜ੍ਹ, (ਰਮਨਜੀਤ)- ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਭਖੇ ਹੋਏ ਕਿਸਾਨ ਰੋਹ ਦੌਰਾਨ ਸੂਬੇ ਵਿਚ ਵੱਖ-ਵੱਖ ਥਾਈਂ ਲੱਗੇ ਹੋਏ ਧਰਨਿਆਂ-ਮੋਰਚਿਆਂ ’ਤੇ ਕਿਸਾਨ ਆਗੂ ਨਿੱਤ ਨਵੇਂ ਤਰੀਕੇ ਇਜਾਦ ਕਰਕੇ ਆਪਣਾ ਵਿਰੋਧ ਜ਼ਾਹਰ ਕਰ ਰਹੇ ਹਨ। ਧਰਨਿਆਂ ਵਿਚ ਨੌਜਵਾਨਾਂ ਦੀ ਵਧੀ ਹੋਈ ਸ਼ਮੂਲੀਅਤ ਨੂੰ ਹੋਰ ਜੋਸ਼ੀਲਾ ਬਣਾਉਣ ਲਈ ਧਰਨਿਆਂ ਵਾਲੀਆਂ ਥਾਵਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਮਾਲਕਾਂ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ 13 ਜ਼ਿਲਿਆਂ ਵਿਚ ਅਣਮਿਥੇ ਸਮੇਂ ਦੇ ਧਰਨੇ ਅੱਜ ਵੀ 51 ਥਾਵਾਂ ’ਤੇ ਲਾਏ ਗਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 3 ਜਗ੍ਹਾ ਰੇਲ ਜਾਮ, 3 ਭਾਜਪਾ ਆਗੂਆਂ ਦੇ ਘਰਾਂ ਅੱਗੇ, 9 ਟੋਲ ਪਲਾਜ਼ਿਆਂ, 3 ਸ਼ਾਪਿੰਗ ਮਾਲਜ਼, 2 ਅਡਾਨੀ ਸਾਈਲੋਜ ਗੋਦਾਮ, 23 ਰਿਲਾਇੰਸ ਪੰਪਾਂ, 7 ਐੱਸ.ਆਰ. ਪੰਪਾਂ ਅਤੇ 1 ਪ੍ਰਾਈਵੇਟ ਥਰਮਲ ਪਲਾਂਟ ਵਿਖੇ ਇਹ ਧਰਨੇ ਦਿਨ ਰਾਤ ਜਾਰੀ ਹਨ।
ਉਨ੍ਹਾਂ ਕਿਹਾ ਕਿ ਧਰਨਿਆਂ ਵਾਲੇ ਟੋਲ ਪਲਾਜ਼ਿਆਂ ’ਤੇ ਸਾਰੇ ਵਹੀਕਲ ਬਿਨਾਂ ਟੋਲ ਟੈਕਸ ਤੋਂ ਹੀ ਲੰਘਾਏ ਜਾ ਰਹੇ ਹਨ ਅਤੇ ਰਿਲਾਇੰਸ ਤੇ ਐੱਸ.ਆਰ. ਦੇ ਪੰਪਾਂ ’ਤੋਂ ਤੇਲ ਨਹੀਂ ਪਵਾਇਆ ਜਾ ਰਿਹਾ। ਜਥੇਬੰਦੀ ਦੇ ਮੁੱਖ ਬੁਲਾਰਿਆਂ ਵਿਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਸੂਬਾ ਆਗੂ ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ, ਸਨੇਹਦੀਪ ਤੇ ਰਾਜਵਿੰਦਰ ਸਿੰਘ ਰਾਮਨਗਰ ਸਮੇਤ ਵੱਖ-ਵੱਖ ਜ਼ਿਲ੍ਹਾ ਆਗੂ ਅਤੇ ਨਵੇਂ ਨੌਜਵਾਨ ਮੁੰਡੇ ਕੁੜੀਆਂ ਵੀ ਸ਼ਾਮਲ ਸਨ। ਕਿਸਾਨ ਜਥੇਬੰਦੀਆਂ ਦੇ ਸਾਂਝੇ ਸੰਘਰਸ਼ ਦੇ ਪਸਾਰੇ ਲਈ ਦਿਨ ਰਾਤ ਇਕ ਕਰ ਰਹੇ ਡਾ. ਸਾਹਿਬ ਸਿੰਘ, ਜਗਸੀਰ ਜੀਦਾ, ਤੀਰਥ ਚੜਿੱਕ, ਰਾਮ ਸਿੰਘ ਹਠੂਰ, ਹਰਵਿੰਦਰ ਦੀਵਾਨਾ, ਰਸੂਲਪੁਰੀ ਕਵੀਸ਼ਰੀ ਜੱਥਾ, ਤਰਸੇਮ ਰਾਹੀ ਤੇ ਹੋਰ ਕਲਾਕਾਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।