ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਕਰਵਾਇਆ ‘ਡੋਪ’ ਟੈਸਟ
Sunday, Jul 08, 2018 - 05:41 AM (IST)

ਲੱਥ, (ਰਜਿੰਦਰ)- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਸਬ ਡਵੀਜ਼ਨ ਹਸਪਤਾਲ ਭੁਲੱਥ ਵਿਖੇ ਆਪਣਾ ‘ਡੋਪ’ ਟੈਸਟ ਕਰਵਾਇਆ। ਜਿਸ ਦੌਰਾਨ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਤਰਸੇਮ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਦਾ ਡੋਪ ਟੈਸਟ ਕਲੀਅਰ ਹੋਣ ਦੀ ਪੁਸ਼ਟੀ ਕੀਤੀ।
ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ ਕਰਵਾਉਣ ਦੇ ਨਿਰਦੇਸ਼ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਿਵਚ ਇਸ ਗੱਲ ਨੇ ਚਰਚਾ ਫਡ਼ ਲਈ ਸੀ ਕਿ ਸਿਆਸੀ ਆਗੂਆਂ ਨੂੰ ਵੀ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ। ਜਿਸ ਤੋਂ ਬਾਅਦ ਖਹਿਰਾ ਵਲੋਂ ਸ਼ਨੀਵਾਰ ਭੁਲੱਥ ਦੇ ਸਰਕਾਰੀ ਹਸਪਤਾਲ ਵਿਖੇ ਡੋਪ ਟੈਸਟ ਕਰਵਾਇਆ ਗਿਆ ਤੇ ਉਹ ਇਸ ਟੈਸਟ ਵਿਚੋਂ ਪਾਸ ਵੀ ਹੋ ਗਏ ਹਨ। ਗੱਲਬਾਤ ਕਰਦਿਆਂ ‘ਆਪ’ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਪੰਜਾਬ ਵਿਚ ਇਸ ਵੇਲੇ ਨਸ਼ਿਆਂ ਦੀ ਹਨੇਰੀ ਝੁੱਲ ਰਹੀ ਹੈ, ਜਿਸ ’ਤੇ ਕਾਬੂ ਪਾਉਣ ਵਿਚ ਸੂਬੇ ਦੀ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਨਾਲ ਅਸਫਲ ਰਹੀ ਹੈ ਅਤੇ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਤੋਂ ਲੋਕਾਂ ਦਾ ਧਿਆਨ ਭਟਕਾ ਕੇ ਡੋਪ ਟੈਸਟਾਂ ਵੱਲ ਲਗਾਇਆ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦਿੰਦਿਆਂ ਆਖਿਆ ਕਿ ਨਸ਼ਿਆਂ ਖਿਲਾਫ ਆਪਣੀ ਲਡ਼ਾਈ ਨੂੰ ਮੈਂ ਅੰਜਾਮ ਤਕ ਪਹੁੰਚਾ ਕੇ ਹੀ ਰਹਾਂਗਾ। ਖਹਿਰਾ ਨੇ ਆਪਣੇ ਵਿਰੋਧੀਆਂ ’ਤੇ ਹਮਲਾ ਬੋਲਦਿਆਂ ਕਿਹਾ ਕਿ ਹਲਕਾ ਭੁਲੱਥ ਤੋਂ ਵਿਧਾਨ ਸਭਾ ਚੋਣਾਂ ਲਡ਼ਨ ਵਾਲੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ।