18 ਸਾਲ ਦੀ ਉਮਰ ਪੂਰੀ ਕਰਦੇ ਨੌਜਵਾਨਾਂ ਲਈ ਆਨਲਾਈਨ ਵੋਟ ਬਣਾਉਣ ਦਾ ਸੁਨਹਿਰੀ ਮੌਕਾ
Thursday, Jul 02, 2020 - 03:02 PM (IST)
ਨਵਾਂਸ਼ਹਿਰ (ਮਨੋਰੰਜਨ) : ਕੋਵਿਡ-19 ਦੀ ਮਹਾਮਾਰੀ ਨੂੰ ਮੁੱਖ ਰੱਖਦੇ ਹੋਏ ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ, ਵਲੋਂ 1 ਜਨਵਰੀ 2020 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਅਕਤੀਆਂ ਨੂੰ ਆਪਣੀ ਵੋਟ ਆਨਲਾਈਨ ਬਣਾਉਣ ਦੀ ਅਪੀਲ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੋ ਵਿਅਕਤੀ 1 ਜਨਵਰੀ 2020 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਪਰ ਕਿਸੇ ਕਾਰਣ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਆਪਣਾ ਨਾਮ ਵੋਟਰ ਸੂਚੀ 'ਚ ਦਰਜ ਨਹੀਂ ਕਰਵਾ ਸਕੇ, ਉਹ ਹੁਣ ਐੱਨ. ਵੀ. ਐੱਸ. ਪੀ. ਪੋਰਟਲ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਡਾ. ਸ਼ੇਨਾ ਅਗਰਵਾਲ ਵਲੋਂ ਦੱਸਿਆ ਗਿਆ ਕਿ ਉਕਤ ਮਿਤੀ ਦੇ ਆਧਾਰ 'ਤੇ ਯੋਗ ਵਿਅਕਤੀ ਆਪਣੀ ਵੋਟ ਬਣਾਉਣ ਲਈ ਐੱਨ. ਵੀ. ਐੱਸ. ਪੀ. ਪੋਰਟਲ ਤੋਂ ਇਲਾਵਾ ਕਾਮਨ ਸਰਵਿਸ ਸੈਂਟਰ (ਸੀ. ਐੱਸ. ਸੀ.) 'ਤੇ ਜਾ ਕੇ ਬਿਨਾਂ ਕਿਸੇ ਕੀਮਤ ਦਿੱਤੇ ਆਪਣਾ ਫਾਰਮ ਆਨ ਲਾਈਨ ਜਮ੍ਹਾਂ ਕਰਵਾ ਸਕਦੇ ਹਨ। ਕਾਮਨ ਸਰਵਿਸ ਸੈਂਟਰ ਵਲੋਂ ਇਸ ਮੰਤਵ ਲਈ ਉਨ੍ਹਾਂ ਪਾਸੋਂ ਕੋਈ ਚਾਰਜ ਨਹੀਂ ਲਏ ਜਾਣਗੇ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਮੈਡੀਕਲ ਕਾਲਜ 'ਚ ਆਇਆ ਭੂਚਾਲ
ਉਨ੍ਹਾਂ ਅੱਗੇ ਦੱਸਿਆ ਕਿ ਸਿੱਖਿਆ ਮਹਿਕਮੇ 'ਚ ਸਥਾਪਤ ਇਲੈਕਟੋਰਲ ਲਿਟਰੇਸੀ ਕਲੱਬਾਂ ਦੇ ਕਨਵੀਨਰਾਂ ਰਾਹੀਂ ਆਨ ਲਾਈਨ ਐਜੂਕੇਸ਼ਨ ਦੌਰਾਨ ਨੌਜਵਾਨਾਂ ਅਤੇ ਭਵਿੱਖ ਦੇ ਵੋਟਰਾਂ ਨੂੰ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ 18 ਸਾਲ ਦੀ ਉਮਰ ਪੂਰੀ ਕਰ ਲੈਣ ਵਾਲੇ ਨੌਜਵਾਨਾਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇ। ਆਪਣੀ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ 'ਵੋਟ ਦੇ ਮਹੱਤਵ, ਅਰਥਾਤ ਵੋਟ ਬਣਾਉਣੀ/ਵੋਟ ਦਾ ਇਸਤੇਮਾਲ ਕਰਨਾ ਕਿਉਂ ਜ਼ਰੂਰੀ ਹੈ', ਬਾਰੇ ਜਾਣਕਾਰੀ ਦਿੱਤੇ ਜਾਣ ਲਈ ਕਿਹਾ ਗਿਆ ਹੈ। ਇਸ ਮੰਤਵ ਲਈ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਵੱਖ-ਵੱਖ ਸਿੱਖਿਆ/ਤਕਨੀਕੀ ਸੰਸਥਾਵਾਂ ਵਿਚ ਨਿਯੁਕਤ ਨੋਡਲ ਅਫਸਰਾਂ ਨਾਲ ਆਨਲਾਈਨ ਸੰਪਰਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜੋ ਨੌਜਵਾਨ 1 ਜਨਵਰੀ 2021 ਨੂੰ ਆਪਣੀ 18 ਸਾਲ ਦੀ ਉਮਰ ਪੂਰੀ ਕਰ ਰਹੇ ਹਨ, ਦੀ ਜਾਣਕਾਰੀ ਇਕੱਤਰ ਕਰਨ ਲਈ ਵੀ ਕਿਹਾ ਗਿਆ ਹੈ, ਤਾਂ ਜੋ ਭਵਿੱਖ ਵਿਚ ਆਰੰਭੀ ਜਾਣ ਵਾਲੀ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਅਜਿਹੇ ਨੌਜਵਾਨਾਂ ਨੂੰ ਬਤੌਰ ਵੋਟਰ ਉਨ੍ਹਾਂ ਦੇ ਇਲਾਕੇ ਨਾਲ ਸਬੰਧਤ ਵੋਟਰ ਸੂਚੀ ਵਿਚ ਸ਼ਾਮਲ ਕੀਤਾ ਜਾ ਸਕੇ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ 'ਚ ਸਵੀਪ ਗਤੀਵਿਧੀਆਂ ਆਨਲਾਈਨ ਚਲਾਏ ਜਾਣ ਲਈ ਸ੍ਰੀ ਸਤਨਾਮ ਸਿੰਘ, ਜ਼ਿਲਾ ਸਾਇੰਸ ਸੁਪਰਵਾਈਜ਼ਰ ਨੂੰ ਬਤੌਰ ਸਹਾਇਕ ਨੋਡਲ ਅਫ਼ਸਰ, ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਨੁਪਮ ਖੇਰ ਦਾ ਵਿਵਾਦਤ ਟਵੀਟ, ਰਾਜਾ ਵੜਿੰਗ ਤੇ ਬਿੱਟੂ ਨੇ ਦੱਸਿਆ 'ਆਰ. ਐਸ. ਐਸ. ਦੀ ਸਾਜ਼ਿਸ਼'